ਵੋਟ ਚੋਰੀ ਮਾਮਲੇ ’ਚ Rahul Gandhi ਦਾ ਵੱਡਾ ਖ਼ੁਲਾਸਾ, ਮੁੱਖ ਚੋਣ ਕਮਿਸ਼ਨ ’ਤੇ ਸਾਧਿਆ ਨਿਸ਼ਾਨਾ


ਨਵੀਂ ਦਿੱਲੀ, 18 ਸਤੰਬਰ (ਨਿਊਜ਼ ਟਾਊਨ ਨੈੱਟਵਰਕ) :
ਦਿੱਲੀ ਵਿਚ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਤੇ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਵਲੋਂ ਵਿਸ਼ੇਸ਼ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਇਸ ਮੌਕੇ ਬੋਲਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਸਬੂਤਾਂ ਸਮੇਤ ਅਪਣੀ ਗੱਲ ਰਖਾਂਗਾ ਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਬਾਰੇ ਵੱਡੇ ਖ਼ੁਲਾਸੇ ਕਰਾਂਗਾ। ਉਨ੍ਹਾਂ ਕਿਹਾ ਕਿ ਮੇਰੇ ਸਾਰੇ ਦਾਅਵੇ ਤੱਥਾਂ ਸਮੇਤ ਹਨ। ਉਨ੍ਹਾਂ ਕਿਹਾ ਕਿ 6018 ਲੋਕਾਂ ਦੇ ਵੋਟ ਖ਼ਤਮ ਕਰ ਦਿਤੇ ਗਏ ਅਤੇ ਜਿਨ੍ਹਾਂ ਦੇ ਵੋਟ ਕੱਟੇ ਗਏ ਉਨ੍ਹਾਂ ਨੂੰ ਵੀ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਵਿਰੋਧੀਆਂ ਦੇ ਵੋਟਰਾਂ ਦੇ ਨਾਂਅ ਕੱਟੇ ਜਾ ਰਹੇ ਹਨ, ਦਲਿਤ ਤੇ OBC ਵੋਟਰ ਇਨ੍ਹਾਂ ਦੇ ਨਿਸ਼ਾਨੇ ’ਤੇ ਹਨ ਤੇ ਹਰੇਕ ਚੋਣ ਵਿਚ ਲੱਖਾਂ ਵੋਟਰਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਉਨ੍ਹਾਂ ਲੋਕਾਂ ਦੀ ਰੱਖਿਆ ਕਰ ਰਹੇ ਹਨ, ਜਿਨ੍ਹਾਂ ਨੇ ਭਾਰਤੀ ਲੋਕਤੰਤਰ ਨੂੰ ਤਬਾਹ ਕਰ ਦਿਤਾ ਹੈ।
ਇਕ ਉਦਾਹਰਨ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਦੇ ਰਾਜੌਰਾ ਵਿਚ ਜਿਥੇ 6850 ਫ਼ਰਜ਼ੀ ਵੋਟਰਾਂ ਨੂੰ ਐਡ ਕੀਤਾ ਗਿਆ, ਉਥੇ ਹੀ ਆਲੰਦ ਕਰਨਾਟਕ ਦਾ ਇਕ ਹਲਕਾ ਹੈ ਤੇ ਕਿਸੇ ਨੇ ਉਥੇ 6018 ਵੋਟਾਂ ਮਿਟਾਉਣ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਕਿਹਾ ਕਿ ਅਜਿਹਾ ਕਰਨਾਟਕ, ਮਹਾਰਾਸ਼ਟਰ, ਹਰਿਆਣਾ ਤੇ ਯੂ.ਪੀ. ਵਿਚ ਕੀਤਾ ਗਿਆ। ਰਾਹੁਲ ਗਾਂਧੀ ਨੇ ਕਿਹਾ ਕਿ ਸਾਨੂੰ 2023 ਦੀਆਂ ਚੋਣਾਂ ਵਿਚ ਉਥੇ ਮਿਟਾਈਆਂ ਗਈਆਂ ਕੁੱਲ ਵੋਟਾਂ ਦੀ ਗਿਣਤੀ ਨਹੀਂ ਪਤਾ। ਉਹ 6,018 ਤੋਂ ਬਹੁਤ ਜ਼ਿਆਦਾ ਹਨ, ਪਰ ਕੋਈ ਉਨ੍ਹਾਂ 6018 ਵੋਟਾਂ ਨੂੰ ਮਿਟਾਉਂਦੇ ਹੋਏ ਇਤਫ਼ਾਕ ਨਾਲ ਫੜਿਆ ਗਿਆ। ਹੋਇਆ ਇਹ ਕਿ ਉੱਥੇ ਬੂਥ-ਪੱਧਰ ਦੇ ਅਧਿਕਾਰੀ ਨੇ ਨੋਟ ਕੀਤਾ ਕਿ ਉਸ ਦੇ ਚਾਚੇ ਦੀ ਵੋਟ ਮਿਟਾਈ ਗਈ ਹੈ, ਇਸ ਲਈ ਉਸ ਨੇ ਜਾਂਚ ਕੀਤੀ ਕਿ ਉਸ ਦੇ ਚਾਚੇ ਦੀ ਵੋਟ ਕਿਸਨੇ ਮਿਟਾਈ ਹੈ ਅਤੇ ਉਸ ਨੇ ਪਾਇਆ ਕਿ ਇਹ ਇਕ ਗੁਆਂਢੀ ਸੀ, ਜਿਸ ਨੇ ਵੋਟ ਮਿਟਾਈ ਸੀ। ਉਸ ਨੇ ਆਪਣੇ ਗੁਆਂਢੀ ਨੂੰ ਪੁੱਛਿਆ ਪਰ ਉਨ੍ਹਾਂ ਨੇ ਕਿਹਾ ਕਿ ਮੈਂ ਕੋਈ ਵੋਟ ਨਹੀਂ ਮਿਟਾਈ। ਨਾ ਤਾਂ ਵੋਟ ਮਿਟਾਉਣ ਵਾਲਾ ਵਿਅਕਤੀ ਅਤੇ ਨਾ ਹੀ ਜਿਸ ਵਿਅਕਤੀ ਦੀ ਵੋਟ ਮਿਟਾਈ ਗਈ ਸੀ, ਉਸ ਨੂੰ ਪਤਾ ਸੀ। ਕਿਸੇ ਹੋਰ ਤਾਕਤ ਨੇ ਪ੍ਰਕਿਰਿਆ ਨੂੰ ਹਾਈਜੈਕ ਕਰ ਲਿਆ ਅਤੇ ਵੋਟ ਮਿਟਾਈ ਗਈ ਤੇ 14 ਮਿੰਟਾਂ ’ਚ 12 ਵੋਟਾਂ ਡਿਲੀਟ ਕੀਤੀਆਂ ਗਈਆਂ।