AAP ਦੇ 4 ਵਿੰਗਾਂ ਦੇ ਜ਼ਿਲ੍ਹਾ ਪ੍ਰਧਾਨਾਂ ਨੇ ਕਾਰਜ ਸਾਧਕ ਅਫ਼ਸਰ ਦੀ ਬਣਾਈ ਰੇਲ!

ਖਰੜ ਵਿਚ ਅਫ਼ਸਰਾਂ ਨੇ ਸਾਡਾ ਜਲੂਸ ਕਢਵਾ ਰੱਖਿਆ ਹੈ

(ਸੁਮਿਤ ਭਾਖੜੀ)
ਖਰੜ, 17 ਸਤੰਬਰ : ਅੱਜ ਇਥੇ ਨਗਰ ਕੌਂਸਲ ਦੇ ਦਫ਼ਤਰ ਵਿਚ ਉਦੋਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦਕਿ ਆਮ ਆਦਮੀ ਪਾਰਟੀ ਦੇ ਚਾਰ ਵਿੰਗਾਂ ਦੇ ਜ਼ਿਲ੍ਹਾ ਪ੍ਰਧਾਨਾਂ ਨੇ ਕਾਰਜ ਸਾਧਕ ਅਫ਼ਸਰ ਦੇ ਦਫ਼ਤਰ ਵਿਚ ਦਾਖ਼ਲ ਹੋ ਕੇ, ਕਾਰਜ ਸਾਧਕ ਅਫ਼ਸਰ ਨੂੰ ਖ਼ਰੀਆਂ-ਖੋਟੀਆਂ ਸੁਣਾਉਣੀਆਂ ਆਰੰਭ ਕਰ ਦਿਤੀਆਂ। ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਬੈਂਸ, ਐਸ.ਸੀ. ਵਿੰਗ ਅਤੇ ਵਪਾਰ ਮੰਡਲ ਦੇ ਜ਼ਿਲ੍ਹਾ ਪ੍ਰਧਾਨਾਂ ਨੇ ਕਾਰਜ ਸਾਧਕ ਅਫ਼ਸਰ ਦੇ ਦਫ਼ਤਰ ਵਿਚ ਦਾਖ਼ਲ ਹੋ ਕੇ ਆਖਿਆ ਕਿ ਅਫ਼ਸਰਾਂ ਨੇ ਪੂਰੇ ਖਰੜ ਵਿਚ ਆਮ ਆਦਮੀ ਪਾਰਟੀ ਦਾ ਜਲੂਸ ਕਢਵਾ ਰੱਖਿਆ ਹੈ। ਖਰੜ ਦੀ ਪੂਰੀ ਬਿਲਡਰ ਲੌਬੀ ਨਗਰ ਕੌਂਸਲ ਤੋਂ ਨਾਰਾਜ਼ ਹੋ ਚੁੱਕੀ ਹੈ। ਗੁਰਪ੍ਰੀਤ ਸਿੰਘ ਬੈਂਸ ਨੇ ਕਿਹਾ ਕਿ ਉਹ ਪਿਛਲੇ ਕਈ ਦਿਨ ਤੋਂ ਲਗਾਤਾਰ ਕਾਰਜ ਸਾਧਕ ਅਫ਼ਸਰ ਨੂੰ ਫ਼ੋਨ ਕਰ ਰਹੇ ਹਨ, ਵੱਟਸਅਪ ਮੈਸਿਜ਼ ਕਰ ਰਹੇ ਹਨ ਪਰ ਉਨ੍ਹਾਂ ਨੇ ਕੋਈ ਜਵਾਬ ਨਾ ਦੇ ਕੇ ਆਮ ਆਦਮੀ ਪਾਰਟੀ ਨੂੰ ਹਲਕੇ ਵਿਚ ਲਿਆ ਹੈ। ਬੈਂਸ ਨੇ ਕਿਹਾ ਕਿ ਇਹੀ ਈ.ਓ. ਪਹਿਲਾਂ ਵੀ ਤਿੰਨ ਮਹੀਨੇ ਇਸ ਦਫ਼ਤਰ ਵਿਚ ਰਹਿ ਕੇ ਗਏ ਹਨ, ਉਦੋਂ ਵੀ ਇਨ੍ਹਾਂ ਦਾ ਇਹੀ ਹਾਲ ਸੀ। ਪਿਛਲੇ ਸਾਢੇ ਤਿੰਨ ਸਾਲਾਂ ਵਿਚ 13 ਈ.ਓ. ਬਦਲ ਚੁੱਕੇ ਹਨ। ਖਰੜ ਵਿਚ ਢੰਗ ਸਿਰ ਕੋਈ ਕੰਮ ਹੀ ਨਹੀਂ ਹੋ ਰਿਹਾ। ਉਨ੍ਹਾਂ ਈ.ਓ. ਨੂੰ ਕਿਹਾ ਕਿ ਤੁਸੀਂ ਲੋਕਾਂ ਨੂੰ ਆਖ ਰਹੋ ਕਿ ਤੁਸੀਂ ਪੈਸੇ ਦੇ ਕੇ ਲੱਗੇ ਹੋ ਅਤੇ ਪੈਸੇ ਹੀ ਪੂਰੇ ਕਰਨੇ ਹਨ। ਮੈਨੂੰ ਨਹੀਂ ਪਤਾ ਕਿ ਤੁਹਾਨੂੰ ਕਿਸ ਨੇ ਈ.ਓ. ਲਾਇਆ ਹੈ ਅਤੇ ਤੁਹਾਡੇ ਪਿੱਛੇ ਕੌਣ ਹੈ? ਪਰ ਤੁਹਾਡੇ ਕਰਕੇ ਸਾਡੀ ਬਹੁਤ ਬਦਨਾਮੀ ਹੋ ਰਹੀ ਹੈ ਅਤੇ ਬਾਹਰ ਆਮ ਆਦਮੀ ਪਾਰਟੀ ਦਾ ਜਲੂਸ ਨਿਕਲ ਰਿਹਾ ਹੈ। ਖਰੜ ਨਗਰ ਕੌਂਸਲ ਵਿਚ ਸ਼ਰੇਆਮ ਪੈਸੇ ਚੱਲ ਰਹੇ ਹਨ। ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਕੋਈ ਇੱਜ਼ਤ ਨਹੀਂ ਮਿਲ ਰਹੀ। ਜੇ ਆਮ ਆਦਮੀ ਪਾਰਟੀ ਦਾ ਕੋਈ ਵਰਕਰ ਨਕਸ਼ਾ ਪਾਸ ਕਰਾਉਣ ਜਾਂ ਕੋਈ ਹੋਰ ਕੰਮ ਕਰਾਉਣ ਆਉਂਦਾ ਹੈ ਤਾਂ ਉਸ ਦੇ ਕੰਮ ਉਤੇ ਇਤਰਾਜ਼ ਲਗਾ ਦਿਤਾ ਜਾਂਦਾ ਹੈ ਪਰ ਬਾਅਦ ਵਿਚ ਉਹੀ ਕੰਮ ਪੈਸੇ ਲੈ ਕੇ ਕਰ ਦਿਤਾ ਜਾਂਦਾ ਹੈ। ਕਾਰਜ ਸਾਧਕ ਅਫ਼ਸਰ ਨੇ ਬਹੁਤ ਸਫ਼ਾਈਆਂ ਦੇਣ ਦੀ ਕੋਸ਼ਿਸ਼ ਕੀਤੀ ਪਰ ਉਸ ਦੀ ਗੱਲ ਨੂੰ ਨਾ ਸੁਣਿਆ ਗਿਆ। ਬਾਅਦ ਵਿਚ ਵਿਰੋਧੀ ਪਾਰਟੀਆਂ, ਸਮਾਜ ਸੇਵੀਆਂ ਅਤੇ ਦਫ਼ਤਰ ਦੇ ਹੀ ਕਰਮਚਾਰੀਆਂ ਨੇ ਇਸ ਵਿਵਹਾਰ ਨੂੰ ਗ਼ਲਤ ਕਰਾਰ ਦਿੰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਇਨ੍ਹਾਂ ਵਿਅਕਤੀਆਂ ਵਲੋਂ ਦਬਾਅ ਬਣਾ ਕੇ ਗ਼ਲਤ ਕੰਮ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਇਹ ਬਿਲਕੁਲ ਗ਼ਲਤ ਵਿਵਹਾਰ ਹੈ। ਨਗਰ ਕੌਂਸਲ ਵਿਚ ਨਿਯਮਾਂ ਮੁਤਾਬਕ ਕਾਰਜ ਕੀਤੇ ਜਾਂਦੇ ਹਨ।

