ਭਾਰਤ-ਪਾਕ ਸਰਹੱਦ ‘ਤੇ ਅਸਲੇ ਦੇ ਜਖੀਰੇ ਸਮੇਤ 2 ਕਾਬੂ



ਜਲਾਲਾਬਾਦ, 11 ਸਤੰਬਰ (ਵਿਜੇ ਦਹੂਜਾ/ਅਮਰੀਕ ਤਨੇਜਾ) : ਇੱਕ ਪਾਸੇ ਜਿੱਥੇ ਸਰਹੱਦੀ ਖੇਤਰ ਹੜ੍ਹਾਂ ਦੀ ਮਾਰ ਝੱਲ ਰਿਹਾ ਹੈ, ਉੱਥੇ ਹੀ ਗੁਆਂਢੀ ਦੇਸ਼ ਅਤੇ ਦੇਸ਼ ਵਿਰੋਧੀ ਤਾਕਤਾਂ ਆਪਣੀਆਂ ਕੋਝੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੀਆਂ। ਅਜਿਹਾ ਹੀ ਇੱਕ ਮਾਮਲਾ ਪਿੰਡ ਮੁਹਾਰ ਖੀਵਾ ਵਿੱਚ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਅਤੇ ਕਾਊਂਟਰ ਇੰਟੈਲੀਜੈਂਸ ਫਾਜ਼ਿਲਕਾ ਦੀ ਸੰਯੁਕਤ ਟੀਮ ਨੇ ਪਿੰਡ ਮੁਹਾਰ ਖੀਵਾ ਵਿੱਚ ਛਾਪੇਮਾਰੀ ਕਰਕੇ ਦੋ ਵਿਅਕਤੀਆਂ, ਮੰਗਲ ਸਿੰਘ ਅਤੇ ਗੁਰਮੀਤ ਸਿੰਘ ਨੂੰ ਗ੍ਰਿਫਤਾਰ ਕੀਤਾ। ਇਨ੍ਹਾਂ ਤੋਂ 27 ਗਲੋਕ ਪਿਸਤੌਲ, ਮੈਗਜ਼ੀਨ ਅਤੇ 470 ਜ਼ਿੰਦਾ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ। ਆਸ਼ੰਕਾ ਜਤਾਈ ਜਾ ਰਹੀ ਹੈ ਕਿ ਬਰਾਮਦ ਕੀਤਾ ਗਿਆ ਅਸਲਾ ਸਰਹੱਦ ਪਾਰ ਪਾਕਿਸਤਾਨ ਤੋਂ ਭੇਜਿਆ ਗਿਆ ਸੀ। ਜ਼ਿਕਰਯੋਗ ਹੈ ਕਿ ਪਿੰਡ ਮੁਹਾਰ ਖੀਵਾ, ਜਿੱਥੋਂ ਇਹ ਅਸਲਾ ਬਰਾਮਦ ਹੋਇਆ, ਭਾਰਤ-ਪਾਕਿਸਤਾਨ ਸਰਹੱਦ ‘ਤੇ ਸਥਿਤ ਹੈ ਅਤੇ ਇਹ ਖੇਤਰ ਹੜ੍ਹਾਂ ਦੀ ਮਾਰ ਝੱਲ ਰਿਹਾ ਹੈ। ਇਸ ਦੇ ਬਾਵਜੂਦ, ਦੇਸ਼ ਵਿਰੋਧੀ ਤਾਕਤਾਂ ਆਪਣੀਆਂ ਗੈਰ-ਕਾਨੂੰਨੀ ਗਤੀਵਿਧੀਆਂ ਜਾਰੀ ਰੱਖ ਰਹੀਆਂ ਹਨ। ਜਾਂਚ ਅਧਿਕਾਰੀਆਂ ਨੇ ਕਿਹਾ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਇਸ ਸਬੰਧੀ ਪੂਰਾ ਖੁਲਾਸਾ ਕੀਤਾ ਜਾਵੇਗਾ।