ਦੋ ਸਕੇ ਭਰਾਵਾਂ ਨੇ ਇਕ-ਦੂਜੇ ਨੂੰ ਲਾਇਆ ਨਸ਼ੇ ਦਾ ਟੀਕਾ, ਦੋਵਾਂ ਦੀ ਮੌਤ !


ਤਰਨਤਾਰਨ , 8 ਸਤੰਬਰ (ਨਿਊਜ਼ ਟਾਊਨ ਨੈੱਟਵਰਕ) :
ਤਰਨਤਾਰਨ ਜ਼ਿਲ੍ਹੇ ਦੇ ਪਿੰਡ ਜਾਮਾਰਾਏ ਵਿਖੇ ਨਸ਼ੇ ਦੀ ਓਵਰਡੋਜ਼ ਨਾਲ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ। ਦੋਵਾਂ ਨੇ ਸ਼ਨੀਵਾਰ ਦੀ ਰਾਤ 12 ਵਜੇ ਇਕ-ਦੂਜੇ ਨੂੰ ਨਸ਼ੇ ਦਾ ਟੀਕਾ ਲਾਇਆ। ਮ੍ਰਿਤਕਾਂ ਦੀ ਵਿਧਵਾ ਮਾਂ ਰਣਜੀਤ ਕੌਰ ਨੇ ਇਹ ਕਹਿ ਕੇ ਲਾਸ਼ਾਂ ਦਾ ਪੋਸਟਮਾਰਟਮ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਕਿ ਉਸ ਨੂੰ ਪੁਲਿਸ ਤੋਂ ਇਨਸਾਫ਼ ਦੀ ਕੋਈ ਉਮੀਦ ਨਹੀਂ। ਜ਼ਿਕਰਯੋਗ ਹੈ ਕਿ ਦੋ ਸਾਲ ਪਹਿਲਾਂ ਰਣਜੀਤ ਕੌਰ ਦੇ ਵੱਡੇ ਪੁੱਤਰ ਦੀ ਵੀ ਚਿੱਟੇ ਨਾਲ ਮੌਤ ਹੋ ਗਈ ਸੀ।
ਫ਼ੌਜ ’ਚੋਂ ਸੇਵਾਮੁਕਤ ਸੂਬੇਦਾਰ ਲਖਵਿੰਦਰ ਸਿੰਘ ਦੀ ਵਿਧਵਾ ਰਣਜੀਤ ਕੌਰ ਨੇ ਦੱਸਿਆ ਕਿ ਸ਼ਨਿੱਚਰਵਾਰ ਨੂੰ ਤੁੜ ਪਿੰਡ ਦਾ ਕੋਈ ਵਿਅਕਤੀ ਉਸਦੇ ਲੜਕਿਆਂ ਮਲਕੀਤ ਸਿੰਘ ਕੋਨੀ ਤੇ ਗੁਰਪ੍ਰੀਤ ਸਿੰਘ ਗੋਪੀ ਨੂੰ 10 ਹਜਾਰ ਰੁਪਏ ਦਾ ਨਸ਼ਾ ਦੇ ਕੇ ਗਿਆ ਸੀ। ਰਾਤ ਵੇਲੇ ਦੋਵਾਂ ਭਰਾਵਾਂ ਨੇ ਇਕ ਦੂਜੇ ਨੂੰ ਨਸ਼ੇ ਦੇ ਟੀਕੇ ਲਗਾਏ। ਸਵੇਰੇ ਤਿੰਨ ਵਜੇ ਦੋਵਾਂ ਦੀ ਮੌਤ ਹੋ ਗਈ। ਮਲਕੀਤ ਸਿੰਘ ਵਿਆਹਿਆ ਸੀ ਤੇ ਉਸ ਦੀਆਂ 5 ਤੇ 7 ਸਾਲ ਦੀਆਂ ਦੋ ਲੜਕੀਆਂ ਵੀ ਹਨ। ਜਦਕਿ ਗੁਰਪ੍ਰੀਤ ਸਿੰਘ ਗੋਪੀ ਅਜੇ ਕੁਆਰਾ ਸੀ।
ਓਧਰ ਡੀਐੱਸਪੀ ਗੋਇੰਦਵਾਲ ਸਾਹਿਬ ਅਤੁਲ ਸੋਨੀ ਨੇ ਦੱਸਿਆ ਕਿ ਇਹ ਦੋਵੇਂ ਜਣੇ ਇਸ ਵੇਲੇ ਨਸ਼ਾ ਛੱਡਣ ਦੀਆਂ ਗੋਲੀਆਂ ਲੈ ਰਹੇ ਸਨ। ਹੋ ਸਕਦਾ ਹੈ ਕਿ ਇਹੀ ਗੋਲ਼ੀਆਂ ਉਨ੍ਹਾਂ ਨੇ ਜ਼ਿਆਦਾ ਮਾਤਰਾ ’ਚ ਲੈ ਲਈਆਂ ਹੋਣ। ਫਿਰ ਹੀ ਜੇਕਰ ਕੋਈ ਇਨ੍ਹਾਂ ਨੂੰ ਨਸ਼ਾ ਦੇਣ ਆਇਆ ਹੈ ਤਾਂ ਜਾਂਚ ਕਰਕੇ ਉਸ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਓਧਰ ਐੱਸਐੱਸਪੀ ਦੀਪਕ ਪਾਰਿਕ ਦਾ ਕਹਿਣਾ ਹੈ ਕਿ ਇਸ ਸਬੰਧੀ ਡੀਐੱਸਪੀ ਤੋਂ ਰਿਪੋਰਟ ਮੰਗੀ ਜਾ ਰਹੀ ਹੈ। ਮਾਮਲੇ ’ਚ ਜੇਕਰ ਕੋਈ ਲਾਪਰਵਾਹੀ ਪਾਈ ਗਈ ਤਾਂ ਵੱਡਾ ਐਕਸ਼ਨ ਹੋਵੇਗਾ।