ਪੰਜਾਬ ਦੇ ਮੁੱਖ ਮੰਤਰੀ ਅਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਆਹਮੋ-ਸਾਹਮਣੇ ਹੋਏ


ਸੰਪਾਦਕੀ
ਪੰਜਾਬ ਦੀ ਸੱਤਾਧਾਰੀ ਰਾਜਨੀਤੀ ਇਸ ਵਕਤ ਪੂਰੇ ਉਬਾਲੇ ਮਾਰ ਰਹੀ ਹੈ। ਦਿੱਲੀ ਦੀ ਲੀਡਰਸ਼ਿਪ ਅਤੇ ਪੰਜਾਬੀ ਲੀਡਰਸ਼ਿਪ ਆਹਮੋ-ਸਾਹਮਣੇ ਹੈ। ਮੋਹਾਲੀ ਦੇ ਫ਼ਰਟਿਸ ਹਸਪਤਾਲ ਵਿਚ ਇਲਾਜ ਅਧੀਨ ਮੁੱਖ ਮੰਤਰੀ ਨੇ ਜਿਥੇ ਅਧਿਕਾਰੀਆਂ ਅਤੇ ਸਰਕਾਰੀ ਤੰਤਰ ਨੂੰ ਆਦੇਸ਼ ਦਿਤੇ ਕਿ ਹੜ੍ਹ ਪੀੜਤਾਂ ਦੀ ਮਦਦ ਵਿਚ ਕੋਈ ਕਮੀ ਨਾ ਆਉਣ ਦਿਤੀ ਜਾਵੇ ਅਤੇ ਲੋਕਾਂ ਤਕ ਰਾਸ਼ਨ, ਦਵਾਈਆਂ ਅਤੇ ਹੋਰ ਸਮੱਗਰੀ ਪਹੁੰਚਣੀ ਯਕੀਨੀ ਬਣਾਈ ਜਾਵੇ, ਉਥੇ ਇਸ ਵੇਲੇ ਪੰਜਾਬ ਵਿਚ ਵਿਚਰ ਰਹੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਵੀ ਅੱਜ ਐਲਾਨ ਕੀਤਾ ਕਿ ਪੰਜਾਬ ਸਰਕਾਰ ਕਿਸਾਨਾਂ ਲਈ ਇਕ ਅਜਿਹੀ ਨੀਤੀ ਲਿਆ ਰਹੀ ਹੈ ਜਿਸ ਨਾਲ ਕਿਸਾਨਾਂ ਨੂੰ ਅਪਣੇ ਖੇਤਾਂ ਵਿਚੋਂ ਹੜ੍ਹਾਂ ਕਾਰਨ ਜਮ੍ਹਾਂ ਹੋਈ ਮਿੱਟੀ ਚੁੱਕਣ ਜਾਂ ਚੁਕਵਾਉਣ ਦਾ ਅਧਿਕਾਰ ਮਿਲੇਗਾ। ਯਾਨੀ ਕਿਸਾਨ ਹੜ੍ਹਾਂ ਕਾਰਨ ਖੇਤਾਂ ਵਿਚ ਜਮ੍ਹਾਂ ਹੋਈ ਰੇਤ ਦੀ ਖੁਦਾਈ ਕਰ ਸਕਣਗੇ। ਸਰਕਾਰ ਖ਼ੁਦ ਇਸ ਦੀ ਇਜਾਜ਼ਤ ਦੇਣ ਜਾ ਰਹੀ ਹੈ। ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਰੇਤ ਇਕ ਮੋਟੀ ਪਰਤ ਦੇ ਰੂਪ ਵਿਚ ਖੇਤਾਂ ਵਿਚ ਜਮ੍ਹਾਂ ਹੋ ਗਈ ਹੈ। ਇਸ ਨਾਲ ਨਾ ਸਿਰਫ਼ ਫ਼ਸਲਾਂ ਬਰਬਾਦ ਹੋਈਆਂ ਹਨ ਸਗੋਂ ਭਵਿੱਖ ਵਿਚ ਖੇਤੀ ਸੰਕਟ ਵੀ ਪੈਦਾ ਹੋ ਸਕਦਾ ਹੈ। ਮੌਜੂਦਾ ਮਾਈਨਿੰਗ ਨੀਤੀ ਤਹਿਤ ਕਿਸਾਨਾਂ ਨੂੰ ਅਪਣੇ ਖੇਤਾਂ ਵਿਚੋਂ ਰੇਤ ਕੱਢਣ ਦੀ ਇਜਾਜ਼ਤ ਨਹੀਂ ਹੈ। ਹਾਲਾਂਕਿ ਇਹ ਐਲਾਨ ਮੁੱਖ ਮੰਤਰੀ ਜਾਂ ਸਬੰਧਤ ਮਹਿਕਮੇ ਦੇ ਮੰਤਰੀ ਨੂੰ ਕਰਨਾ ਚਾਹੀਦਾ ਸੀ ਪਰ ਮੁਨੀਸ਼ ਸਿਸੋਦੀਆ ਨੇ ਕਿਸਾਨਾਂ ਨੂੰ ਇਹ ਜਾਣਕਾਰੀ ਦੇ ਕੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਸਰਕਾਰ ਦੀ ਕਮਾਨ ਹਾਲੇ ਵੀ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੇ ਹੀ ਹੱਥ ਵਿਚ ਹੈ। ਇਸ ਤੋਂ ਪਹਿਲਾਂ ਖ਼ਬਰਾਂ ਆਈਆਂ ਸਨ ਕਿ ਮੁੱਖ ਮੰਤਰੀ ਅਪਣੇ ਰਿਸ਼ਤੇਦਾਰ ਅਤੇ ਸਨੌਰ ਤੋਂ ਵਿਧਾਇਕ ਪਠਾਨਮਾਜਰਾ ਨਾਲ ਕੀਤੇ ਗਏ ਵਰਤਾਰੇ ਕਾਰਨ ਨਾਰਾਜ਼ ਹੋ ਕੇ ਹਸਪਤਾਲ ਵਿਚ ਭਰਤੀ ਹੋਏ ਹਨ ਅਤੇ ਉਨ੍ਹਾਂ ਦੀ ਗੱਲਬਾਤ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਵੀ ਚੱਲ ਰਹੀ ਹੈ। ਜਿਹੜੀ ਖ਼ਬਰ ਨਿਕਲ ਕੇ ਆਈ ਸੀ, ਉਸ ਵਿਚ ਦਾਅਵਾ ਕੀਤਾ ਗਿਆ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਨਾਲ 40 ਤੋਂ ਜ਼ਿਆਦਾ ਵਿਧਾਇਕ ਹਨ। ਮੁੱਖ ਮੰਤਰੀ ਦੇ ਹਸਪਤਾਲ ਵਿਚ ਭਰਤੀ ਹੋਣ ਤੋਂ ਬਾਅਦ ਵਿਰੋਧੀ ਧਿਰਾਂ ਵੀ ਸਰਕਾਰ ਨੂੰ ਘੇਰ ਰਹੀਆਂ ਹਨ। ਉਨ੍ਹਾਂ ਦਾ ਦੋਸ਼ ਹੈ ਕਿ ਹੜ੍ਹ ਪੀੜਤਾਂ ਨੂੰ ਲਾਵਾਰਸ ਛੱਡ ਦਿਤਾ ਗਿਆ ਹੈ। ਮੁੱਖ ਮੰਤਰੀ ਨੇ ਸੋਮਵਾਰ (8 ਸਤੰਬਰ) ਨੂੰ ਕੈਬਨਿਟ ਦੀ ਮੀਟਿੰਗ ਸੱਦ ਲਈ ਹੈ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਜਿਸ ਨੇ ਹੜ੍ਹਾਂ ਦੌਰਾਨ ਪੀੜਤਾਂ ਦੀ ਮਦਦ ਕਰਕੇ, ਲੋਕਾਂ ਦਾ ਦਿਲ ਜਿੱਤਿਆ ਹੈ, ਉਸ ਨੇ ਵੀ ਅਪਣੇ ਸਾਰੇ ਜ਼ਿਲ੍ਹਾ ਪ੍ਰਧਾਨਾਂ ਅਤੇ ਹਲਕਾ ਇੰਚਾਰਜਾਂ ਨੂੰ 8 ਸਤੰਬਰ ਨੂੰ ਚੰਡੀਗੜ੍ਹ ਸੱਦਿਆ ਹੈ।

ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 9 ਸਤੰਬਰ ਨੂੰ ਹੜ੍ਹਾਂ ਦੀ ਮਾਰ ਦਾ ਜਾਇਜ਼ਾ ਲੈਣ ਲਈ ਪੰਜਾਬ ਪੁੱਜ ਰਹੇ ਹਨ। ਪ੍ਰਧਾਨ ਮੰਤਰੀ ਦੇ ਅੰਮ੍ਰਿਤਸਰ ਅਤੇ ਫ਼ਿਰੋਜ਼ਪੁਰ ਦੇ ਆਲੇ-ਦੁਆਲੇ ਦੇ ਇਲਾਕਿਆਂ ਦਾ ਹਵਾਈ ਦੌਰਾ ਕਰਨ ਦਾ ਪ੍ਰੋਗਰਾਮ ਦੱਸਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਜਦ ਪਿਛਲੀ ਬਾਰ ਪੰਜਾਬ ਆਏ ਸਨ ਤਾਂ ਉਨ੍ਹਾਂ ਦਾ ਤਜਰਬਾ ਕੋਈ ਜ਼ਿਆਦਾ ਚੰਗਾ ਨਹੀਂ ਰਿਹਾ ਸੀ। ਨਾਰਾਜ਼ ਹੋ ਕੇ ਜਾਂਦੇ-ਜਾਂਦੇ, ਉਹ ਤਤਕਾਲੀਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਤਾਹਨਾ ਮਾਰ ਕੇ ਪਰਤੇ ਸਨ। ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਵੀ ਪੰਜਾਬ ਵਿਚ ਸਰਗਰਮ ਹਨ। ਉਨ੍ਹਾਂ ਨੇ ਦੋਸ਼ ਲਗਾਇਆ ਹੈ ਕਿ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਆਪਸ ਵਿਚ ਉਲਝੇ ਹੋਏ ਹਨ, ਇਸ ਕਰਕੇ ਹੜ੍ਹ ਪੀੜਤਾਂ ਦੀ ਮਦਦ ਨਹੀਂ ਹੋ ਰਹੀ। ਦੋਹਾਂ ਪਾਰਟੀਆਂ ਦੀ ਟਸਲ ਕਾਰਨ ਪੰਜਾਬ ਦਾ ਨੁਕਸਾਨ ਹੋ ਰਿਹਾ ਹੈ। ਚਾਰੇ ਪਾਸੇ ਤੋਂ ਘਿਰੀ ਪੰਜਾਬ ਸਰਕਾਰ ਅੱਜ ਕੈਬਨਿਟ ਮੀਟਿੰਗ ਵਿਚ ਕੀ ਫ਼ੈਸਲੇ ਲੈਂਦੀ ਹੈ ਅਤੇ ਹੜ੍ਹ ਪੀੜਤਾਂ ਨੂੰ ਕੀ ਰਾਹਤ ਮਿਲਦੀ ਹੈ? ਉਸ ਉਤੇ ਹੀ ਸਾਰਿਆਂ ਦੀ ਨਜ਼ਰ ਰਹੇਗੀ।
ਮੁੱਖ ਸੰਪਾਦਕ