ਜੈਪੁਰ ਵਿਚ ਡਿੱਗਿਆ ਘਰ, ਮਲਬੇ ਹੇਠ ਦੱਬੇ ਪਿਓ-ਧੀ ਦੀ ਮੌਤ !


ਜੈਪੁਰ, 6 ਸਤੰਬਰ (ਨਿਊਜ਼ ਟਾਊਨ ਨੈੱਟਵਰਕ) :
ਜੈਪੁਰ ਵਿਚ ਇਕ 4 ਮੰਜ਼ਿਲਾ ਹਵੇਲੀ ਢਹਿ ਗਈ। ਹਾਦਸੇ ਵਿੱਚ ਇਕ ਪਿਤਾ ਅਤੇ ਧੀ ਦੀ ਮੌਤ ਹੋ ਗਈ ਜਦਕਿ ਮਲਬੇ ਹੇਠ ਫਸੇ 7 ਲੋਕਾਂ ਨੂੰ ਬਚਾ ਲਿਆ ਗਿਆ। ਦੋ ਬੱਚਿਆਂ ਸਮੇਤ 5 ਜ਼ਖ਼ਮੀਆਂ ਨੂੰ ਐਸਐਮਐਸ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।
ਉਨ੍ਹਾਂ ਵਿੱਚੋਂ ਇੱਕ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ। ਇਹ ਹਾਦਸਾ ਸ਼ੁੱਕਰਵਾਰ ਰਾਤ 12 ਵਜੇ ਸੁਭਾਸ਼ ਚੌਕ ਸਰਕਲ ‘ਤੇ ਸਥਿਤ ਬਾਲ ਭਾਰਤੀ ਸਕੂਲ ਦੇ ਪਿੱਛੇ ਵਾਪਰਿਆ।
ਇਸ ਹਾਦਸੇ ਵਿਚ ਪ੍ਰਭਾਤ (33) ਅਤੇ ਉਸ ਦੀ ਧੀ ਪੀਹੂ (6) ਦੀ ਮੌਤ ਹੋ ਗਈ। ਸਥਾਨਕ ਨਿਵਾਸੀਆਂ ਨੇ ਦੱਸਿਆ ਕਿ ਸ਼ੁੱਕਰਵਾਰ ਤੋਂ ਰੁਕ-ਰੁਕ ਕੇ ਹੋ ਰਹੀ ਬਾਰਿਸ਼ ਕਾਰਨ ਹਵੇਲੀ ਢਹਿ ਗਈ। ਇਹ ਬਹੁਤ ਖੰਡਰ ਹਾਲਤ ਵਿੱਚ ਸੀ, ਹਵੇਲੀ ਪੁਰਾਣੇ ਚੂਨੇ ਦੀ ਬਣੀ ਹੋਈ ਸੀ। ਇਮਾਰਤ ਵਿਚ 20 ਤੋਂ ਵੱਧ ਲੋਕ ਕਿਰਾਏ ‘ਤੇ ਰਹਿੰਦੇ ਸਨ। ਸਾਰੇ ਲੋਕ ਪੱਛਮੀ ਬੰਗਾਲ ਦੇ ਹਨ।