ਕਿਸਾਨ ਜਥੇਬੰਦੀ ਨੇ ਹੜ੍ਹਾਂ ਨੂੰ ਸਰਕਾਰ ਦੀ ਨਾਲਾਇਕੀ ਦੱਸਿਆ

0
WhatsApp Image 2025-09-05 at 5.31.46 PM

(ਨਿਊਜ਼ ਟਾਊਨ ਨੈਟਵਰਕ)

ਮਾਲੇਰਕੋਟਲਾ, 5 ਸਤੰਬਰ (ਮੁਨਸ਼ੀ ਫ਼ਾਰੂਕ) : ਪੰਜਾਬ ਵਿੱਚ ਹੜ੍ਹਾਂ ਨਾਲ ਹੋ ਰਹੀ ਤਬਾਹੀ ਕਾਰਨ ਅਤੇ ਇਸ ਦਾ ਹੱਲ ਕਰਾਉਣ ਸਬੰਧੀ  ਪੰਜਾਬ ਸਰਕਾਰ ਦੁਆਰਾ ਪੰਚਾਇਤੀ ਜ਼ਮੀਨਾਂ ਤੇ ਕਾਰਪਰੇਟਾਂ ਜਗੀਰਦਾਰਾਂ ਦੇ ਕਬਜ਼ੇ ਕਰਾਉਣ ਦੇ ਵਿਰੋਧ ਅਤੇ ਪੰਜਾਬ ਸਰਕਾਰ ਦੁਆਰਾ ਕਿਸਾਨ ਲਹਿਰ ਤੇ ਵਿੱਢੇ ਜਬਰ ਵਿਰੁਧ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਇਥੇ ਡੀ.ਸੀ ਦਫ਼ਤਰ ਅੱਗੇ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਭੂਦਨ ਦੀ ਅਗਵਾਈ ਹੇਠ ਧਰਨਾ ਲਗਾ ਕੇ ਡੀ.ਸੀ. ਨੂੰ ਮੰਗ-ਪੱਤਰ ਦਿੱਤਾ ਗਿਆ। ਜ਼ਿਲ੍ਹਾ ਜਨਰਲ ਸਕੱਤਰ ਕੇਵਲ ਸਿੰਘ ਭੜੀ ਨੇ ਦੱਸਿਆ  ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਭਾਰੀ ਮੀਹ ਕਾਰਨ ਹੜ੍ਹਾਂ ਨੇ ਕਿਸਾਨਾਂ ਦੀਆਂ ਫ਼ਸਲਾਂ, ਪਸ਼ੂਆਂ ਅਤੇ ਮਨੁੱਖਾਂ ਦਾ ਜਾਨੀ ਅਤੇ ਘਰਾਂ ਦਾ ਬਹੁਤ ਵੱਡਾ ਨੁਕਸਾਨ ਕੀਤਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਇਹ ਕੁਦਰਤੀ ਕਰੋਪੀ ਹੈ। ਤਬਾਹੀ ਦੀ ਜ਼ਿੰਮੇਵਾਰ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕਿਉਂਕਿ ਸਰਕਾਰ ਨੇ ਬਰਸਾਤ ਦੇ ਦਿਨਾਂ ਵਿਚ ਹੜ੍ਹਾਂ ਵਰਗੇ ਹਾਲਾਤ ਨੂੰ ਰੋਕਣ ਲਈ ਕੋਈ ਅਗਾਊਂ ਪ੍ਰਬੰਧ ਨਹੀਂ ਕੀਤੇ। ਜ਼ਿਲ੍ਹਾ ਹੈਡਕੁਆਰਟਰ ਤੇ ਵੱਡੇ ਇਕੱਠ ਰਾਹੀਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇ ਕੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੰਜਾਬ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ, ਉਤਰਾਖੰਡ ਅਤੇ ਹੋਰਨਾਂ ਥਾਵਾਂ ਤੇ ਬੱਦਲ ਫੱਟਣ ਅਤੇ ਭਾਰੀ ਮੀਂਹ ਪੈਣ ਦੇ ਵਰਤਾਰੇ ਸਦਕਾ ਵੱਡੇ ਪੱਧਰ ਤੇ ਜਾਨ ਮਾਲ, ਫ਼ਸਲਾਂ, ਘਰ-ਘਾਟ ਅਤੇ ਜ਼ਮੀਨਾਂ ਦੀ ਬਰਬਾਦੀ ਹੋਈ ਹੈ। ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵਲੋਂ ਇਸ ਨੂੰ ਕੌਮੀ ਆਫ਼ਤ ਐਲਾਨਿਆ ਜਾਵੇ। ਕਿਸਾਨ ਆਗੂਆਂ ਨੇ ਕਿਹਾ ਕਿ ਸਾਡੀਆਂ ਸਰਕਾਰਾਂ ਕਾਰਪੋਰੇਟ ਮਾਡਲ ਤੋਂ ਪ੍ਰੇਰਿਤ ਨੀਤੀਆਂ ਨੂੰ ਰੱਦ ਕਰਨ। ਪੰਜਾਬ ਸਰਕਾਰ ਨੇ ਭਾਵੇਂ ਲੈਂਡ ਪੂਲਿੰਗ ਪਾਲਿਸੀ ਰੱਦ ਕਰ ਦਿਤੀ ਹੈ ਪਰ ਨਾਲ ਦੀ ਨਾਲ ਪੰਚਾਇਤੀ ਜ਼ਮੀਨ ਤੇ ਸਰਕਾਰੀ ਜ਼ਮੀਨਾਂ/ਜਾਇਦਾਦਾਂ ਨਿਲਾਮ ਕਰਨ ਦੇ ਰਾਹ ਤੁਰ ਪਈ ਹੈ। ਅਜਿਹੀਆਂ ਸਾਰੀਆਂ ਜਾਇਦਾਦਾਂ ਲੋਕਾਂ ਦੀ ਸੇਵਾ ਸੰਭਾਲ ਅਤੇ ਵਰਤੋਂ ਲਈ ਹਨ। ਪੰਜਾਬ ਸਰਕਾਰ ਲੋਕਾਂ ਦੀਆਂ ਜ਼ਮੀਨਾਂ ਜਾਇਦਾਦਾਂ ਖੋਹਣ ਦੀ ਨੀਤੀ ਲਾਗੂ ਕਰਨ ਤੋਂ ਬਾਜ ਆਵੇ, ਨਹੀਂ ਲੋਕ ਸੰਘਰਸ਼ਾਂ ਦਾ ਸਾਹਮਣਾ ਕਰਨ ਲਈ ਤਿਆਰ ਹੋ ਜਾਵੇ। ਬੁਲਾਰਿਆਂ ਨੇ ਕਿਹਾ ਕਿ ਜ਼ਮੀਨਾਂ ਦੀ ਰਾਖੀ, ਜ਼ਮੀਨ ਪ੍ਰਾਪਤੀ, ਜ਼ਮੀਨਾਂ ਦੀ ਪੱਕੀ ਮਾਲਕੀ ਲੈਣ ਅਤੇ ਜਥੇਬੰਦੀ ਦੀ ਰਾਖੀ ਲਈ 14 ਸਤੰਬਰ ਨੂੰ ਬਰਨਾਲਾ ਵਿਖੇ ਕੀਤੀ ਜਾ ਰਹੀ ਰੈਲੀ ਦੀ ਤਿਆਰੀ ਲਈ “ਰਾਖੀ ਕਰੋ ਮੁਹਿੰਮ” ਨੂੰ ਪਿੰਡਾਂ ਵਿੱਚ ਹੋਰ ਤੇਜ਼ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਪਿੰਡਾਂ ਵਿਚ ਕਿਸੇ ਵੀ ਆਗੂ ਨੂੰ ਗ੍ਰਿਫ਼ਤਾਰ ਕਰਨ ਆਈ ਪੁਲਿਸ ਦਾ ਵਿਰੋਧ ਕੀਤਾ ਜਾਵੇ। ਜ਼ਿਲ੍ਹਾ ਆਗੂ ਨਿਰਮਲ ਸਿੰਘ ਅਲੀਪੁਰ, ਸਰਬਜੀਤ ਸਿੰਘ ਭੁਰਥਲਾ, ਰਜਿੰਦਰ ਸਿੰਘ ਭੋਗੀਵਾਲ, ਸਤਿਨਾਮ ਸਿੰਘ ਮਾਣਕ ਮਾਜਰਾ, ਚਰਨਜੀਤ ਸਿੰਘ ਹਥਨ, ਮਹਿੰਦਰ ਸਿੰਘ ਭੁਰਥਲਾ, ਜਗਤਾਰ ਸਿੰਘ ਸਰੌਦ, ਗੁਰਮੀਤ ਕੌਰ ਕੁਠਾਲਾ ਸਮੇਤ ਪਿੰਡ ਇਕਾਈਆਂ ਦੇ ਪ੍ਰਧਾਨ ਸਕੱਤਰ ਸ਼ਾਮਲ ਸਨ।

Leave a Reply

Your email address will not be published. Required fields are marked *