ਪੰਜਾਬ ਸਰਕਾਰ ਆਪਣਾ ਅਹੰਕਾਰ ਛੱਡ ਕੇ ਹੜ੍ਹ ਪੀੜਤਾਂ ਨੂੰ ਰਾਹਤ ਪ੍ਰਦਾਨ ਕਰੇ : ਕਾਲੀਆ


ਕਿਹਾ, CM ਦੀ ਆਪਣੀ ਹੀ ਪਾਰਟੀ ਦੀ ਮਹਿਲਾ ਨੇਤਾ ਵਲੋਂ ਹੜ੍ਹ ਪੀੜਤਾ ਬਣ ਕੇ ਕੀਤਾ ਗਿਆ ਨਾਟਕ ਨਿੰਦਣਯੋਗ
ਕਪੂਰਥਲਾ, 4 ਸਤੰਬਰ (ਸਾਹਿਲ ਗੁਪਤਾ) : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਆਪਣੀ ਪੁਰਾਣੀ ਆਦਤ ਦੇ ਅਨੁਸਾਰ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਦੌਰੇ ਦੌਰਾਨ ਲੋਕਾਂ ਦੀ ਹਮਦਰਦੀ ਹਾਸਲ ਕਰਨ ਲਈ ਆਪਣੀ ਹੀ ਪਾਰਟੀ ਦੀ ਇਕ ਮਹਿਲਾ ਅਹੁਦੇਦਾਰ ਦਾ ਹੜ੍ਹ ਪੀੜਤ ਦੇ ਰੂਪ ਵਿਚ ਵੀਡੀਓ ਬਣਾ ਕੇ ਕੀਤਾ ਗਿਆ ਡਰਾਮਾ ‘ਤੇ ਪ੍ਰਤੀਕ੍ਰਿਆ ਪ੍ਰਗਟ ਕਰਦੇ ਹੋਏ ਸ਼ਿਵ ਸੈਨਾ ਉਦਧਵ ਬਾਲਾ ਸਾਹਿਬ ਠਾਕਰੇ ਦੇ ਪ੍ਰਦੇਸ਼ ਪ੍ਰਵਕਤਾ ਓਮਕਾਰ ਕਾਲੀਆ ਨੇ ਕਿਹਾ ਕਿ ਹੜ੍ਹ ਕਾਰਨ ਪੈਦਾ ਹੋਏ ਗੰਭੀਰ ਹਲਾਤਾਂ ਵਿਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਕੀਤਾ ਗਿਆ ਐਸਾ ਹੇਠਲੀ ਸੋਚ ਵਾਲਾ ਤੇ ਗੈਰ-ਜ਼ਿੰਮੇਦਾਰਾਨਾ ਕਾਰਾ ਬਹੁਤ ਹੀ ਨਿੰਦਣਯੋਗ ਹੈ। ਗੌਰਤਲਬ ਹੈ ਕਿ ਪੰਜਾਬ ਚ ਹੜ੍ਹ ਕਾਰਨ ਪੈਦਾ ਹੋਈ ਸਥਿਤੀ ਵਿਚ ਪੰਜਾਬ ਤੋਂ ਲੰਘਣ ਵਾਲਾ ਕੋਈ ਵੀ ਰਾਸ਼ਟਰੀ ਜਾਂ ਰਾਜ ਮਾਰਗ ਐਸਾ ਨਹੀਂ ਹੋਵੇਗਾ, ਜਿੱਥੇ ਤੁਹਾਨੂੰ ਰਾਸ਼ਨ, ਪਸ਼ੂਆਂ ਦੇ ਚਾਰੇ ਅਤੇ ਮਿੱਟੀ ਨਾਲ ਭਰੀਆਂ ਟ੍ਰਾਲੀਆਂ ਜਾਂ ਟਰੱਕ ਨਾ ਦਿਖਾਈ ਦੇਣ। ਅਸਲ ਵਿਚ ਪੰਜਾਬ ਦੇ ਲਗਭਗ ਸਾਰੇ ਜ਼ਿਲ੍ਹੇ ਹੜ੍ਹ ਦੀ ਚਪੇਟ ਵਿਚ ਹਨ ਅਤੇ ਲੋਕ ਸੈਂਕੜਿਆਂ ਕਿਲੋਮੀਟਰ ਤੈਅ ਕਰਕੇ ਇਕ-ਦੂਜੇ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਵੱਖ-ਵੱਖ ਸਮਾਜਿਕ ਅਤੇ ਧਾਰਮਿਕ ਸੰਗਠਨ ਹੜ੍ਹ ਪੀੜਤਾਂ ਦੀ ਮਦਦ ਲਈ ਲੋੜੀਂਦਾ ਸਮਾਨ, ਟੁੱਟੇ ਹੋਏ ਬੰਨ੍ਹਾਂ ਨੂੰ ਭਰਨ ਲਈ ਮਿੱਟੀ, ਪਸ਼ੂਆਂ ਲਈ ਤੂੜੀ ਅਤੇ ਰਾਸ਼ਨ ਇਕੱਠਾ ਕਰਕੇ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਪਹੁੰਚਾ ਰਹੇ ਹਨ। ਉੱਥੇ ਹੀ ਦੂਜੇ ਪਾਸੇ ਮੁੱਖ ਮੰਤਰੀ ਵਲੋਂ ਹੜ੍ਹ ਪੀੜਤਾਂ ਨਾਲ ਐਸਾ ਮਜ਼ਾਕ ਕਰਨਾ ਸਰਕਾਰ ਦੀ ਥੱਲੀ ਸੋਚ ਨੂੰ ਦਰਸਾਉਂਦਾ ਹੈ। ਕਾਲੀਆ ਨੇ ਕਿਹਾ ਕਿ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿਚ ਹੋ ਰਹੀ ਬਾਰਿਸ਼ ਅਤੇ ਪਹਾੜਾਂ ਤੋਂ ਨਦੀਆਂ ਵਿਚ ਆ ਰਹੇ ਪਾਣੀ ਕਾਰਨ ਸਾਰੇ ਪੰਜਾਬ ਵਿਚ ਹੜ੍ਹ ਦੀ ਸਥਿਤੀ ਬਣ ਗਈ ਹੈ। ਪੰਜਾਬ ਦੇ ਕਿਸਾਨ ਜੋ ਪਹਿਲਾਂ ਹੀ ਆਪਣੀਆਂ ਖੇਤੀਬਾੜੀ ਦੀਆਂ ਸਮੱਸਿਆਵਾਂ ਨਾਲ ਜੂਝ ਰਹੇ ਸਨ, ਹੁਣ ਹੜ੍ਹ ਅਤੇ ਮੀਂਹ ਨੇ ਉਨ੍ਹਾਂ ਦੀਆਂ ਫਸਲਾਂ ਨੂੰ ਵੀ ਨੁਕਸਾਨ ਪਹੁੰਚਾਇਆ ਹੈ। ਜਿਸ ਕਾਰਨ ਅੱਜ ਦਾ ਕਿਸਾਨ ਇਸ ਕੁਦਰਤੀ ਆਪਦਾ ਵਿਚ ਸੜਕਾਂ ’ਤੇ ਆ ਗਿਆ ਹੈ। ਜੋ ਕਿਸਾਨ ਸਾਰੇ ਦੇਸ਼ ਨੂੰ ਅਨਾਜ ਦੇ ਕੇ ਲੋਕਾਂ ਦਾ ਪੇਟ ਭਰਦਾ ਸੀ, ਅੱਜ ਉਹੀ ਕਿਸਾਨ ਹੜ੍ਹ ਕਾਰਨ ਪੀੜਤ ਹੋ ਗਿਆ ਹੈ, ਜਿਸਦੀ ਸਮੱਸਿਆ ਦਾ ਹੱਲ ਕਰਨਾ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕੋਲ ਪਹਿਲਾਂ ਹੀ ਕੇਂਦਰੀ ਫੰਡ ਮੌਜੂਦ ਹੈ, ਜਿਸਨੂੰ ਤੁਰੰਤ ਜਾਰੀ ਕੀਤਾ ਜਾ ਸਕਦਾ ਹੈ, ਪਰ ਪੰਜਾਬ ਵਿਚ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਹੈ। ਕਾਲੀਆ ਨੇ ਕਿਹਾ ਕਿ ਸਰਕਾਰ ਅਤੇ ਉਸਦੇ ਮੰਤਰੀ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਜਾ ਕੇ ਲੋਕਾਂ ਨਾਲ ਤਸਵੀਰਾਂ ਖਿੱਚਵਾਉਣ ਵਿਚ ਵਿਅਸਤ ਹਨ। ਉਨ੍ਹਾਂ ਕੋਲ ਮਦਦ ਲਈ ਕੋਈ ਯੋਜਨਾਬੱਧ ਨੀਤੀ ਨਹੀਂ ਹੈ, ਜਿਸ ਕਾਰਨ ਸਾਰੇ ਜ਼ਿਲ੍ਹਿਆਂ ਵਿਚ ਹਾਲਤ ਬਹੁਤ ਹੀ ਤਰਸਯੋਗ ਹੋ ਗਏ ਹਨ। ਕਾਲੀਆ ਨੇ ਕਿਹਾ ਕਿ ਪੰਜਾਬ ਸਰਕਾਰ ਕੋਲ ਸੂਬਾ ਚਲਾਉਣ ਅਤੇ ਲੋਕਾਂ ਦੀਆਂ ਸਮੱਸਿਆਵਾਂ ਲਈ ਯੋਜਨਾਵਾਂ ਬਣਾਉਣ ਦਾ ਸਮਾਂ ਨਹੀਂ ਹੈ ਕਿਉਂਕਿ ਪੰਜਾਬ ਸਰਕਾਰ ਆਪਣੇ ਆਕਾਂ ਦੇ ਨਾਲ ਮਿਲ ਕੇ ਪੰਜਾਬ ਦਾ ਪੈਸਾ ਹੋਰ ਸੂਬਿਆਂ ਵਿਚ ਬਰਬਾਦ ਕਰਨ ਅਤੇ ਉੱਥੇ ਰਾਜਨੀਤਿਕ ਗਤੀਵਿਧੀਆਂ ਚਲਾਉਣ ਵਿਚ ਰੁੱਝੀ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਚੇਤਾਉਂਦਿਆਂ ਕਿਹਾ ਕਿ ਹਾਲੇ ਵੀ ਸਮਾਂ ਹੈ ਕਿ ਪੰਜਾਬ ਸਰਕਾਰ ਆਪਣਾ ਅਹੰਕਾਰ ਛੱਡ ਕੇ ਹੜ੍ਹ ਪੀੜਤਾਂ ਨੂੰ ਰਾਹਤ ਪ੍ਰਦਾਨ ਕਰੇ।