ਭਾਖੜਾ ਦੀ ਨਰਵਾਣਾ ਬ੍ਰਾਂਚ ’ਚ ਪਿਆ ਪਾੜ, ਘੱਗਰ ਦਾ ਪਾਣੀ ਦਾਖਲ ਹੋਣ ਕਾਰਨ ਨਹਿਰ ਟੁੱਟਣ ਦੇ ਬਣੇ ਅਸਾਰ !


ਪਟਿਆਲਾ , 4 ਸਤੰਬਰ (ਨਿਊਜ਼ ਟਾਊਨ ਨੈੱਟਵਰਕ) :
ਹਲਕਾ ਘਨੌਰ ’ਚੋਂ ਲੰਘਦੀ ਭਾਖੜਾ ਨਹਿਰ ਦੀ ਨਰਵਾਣਾ ਬ੍ਰਾਂਚ ਦੀ ਨਹਿਰ ਦਾ ਕਿਨਾਰਾ ਟੱਟ ਗਿਆ, ਜਿਸ ਨਾਲ ਇਲਾਕੇ ਦੇ ਲੋਕਾਂ ’ਚ ਸਹਿਮ ਦਾ ਮਾਹੌਲ ਬਣ ਗਿਆ ਹੈ। ਘਨੌਰ ਤੋਂ ਅੰਬਾਲਾ ਵੱਲ ਜਾਂਦੀ ਭਾਖੜਾ ਨਹਿਰ ’ਚ ਸਰਾਲਾ ਹੈਡ ਨੇੜੇ ਘੱਗਰ ਦਾ ਪਾਣੀ ਓਵਰ ਫਲੋਅ ਹੋ ਕੇ ਨਹਿਰ ’ਚ ਦਾਖਲ ਹੋਣ ਲੱਗ ਪਿਆ ਹੈ, ਜਿਸ ਨਾਲ ਨਹਿਰ ’ਚ ਪਾੜ ਪੈਣ ਜਾਣ ਕਾਰਨ ਘੱਗਰ ਦਾ ਪਾਣੀ ਨਹਿਰ ’ਚ ਪੈਣਾ ਸ਼ੁਰੂ ਹੋ ਗਿਆ ਹੈ।
ਇਸ ਇਲਾਕੇ ’ਚ ਪਹਿਲਾਂ ਤੋਂ ਹੀ ਘੱਗਰ ਦਾ ਪਾਣੀ ਕਹਿਰ ਮਚਾ ਰਿਹਾ ਹੈ ਤੇ ਹੁਣ ਨਹਿਰ ਟੱਟਣ ਕਾਰਨ ਇਸ ਤੋਂ ਅਗਲੇ ਪਿੰਡਾਂ ਲਈ ਵੀ ਖਤਰਾ ਬਣ ਗਿਆ ਹੈ ਕਿਉਂਕਿ ਨਹਿਰ ’ਚ ਪਹਿਲਾਂ ਹੀ ਪਾਣੀ ਵੱਧ ਚੱਲ ਰਿਹਾ ਸੀ ਤੇ ਹੁਣ ਘੱਗਰ ਦਾ ਪਾਣੀ ਵੀ ਨਹਿਰ ’ਚ ਡਿੱਗਣਾ ਸੁਰੂ ਹੋ ਗਿਆ ਹੈ, ਜਿਸ ਨਾਲ ਨਹਿਰ ਦੀ ਪਟੜੀ ਵੀ ਖੁਰਨ ਦਾ ਡਰ ਬਣ ਗਿਆ ਹੈ। ਪ੍ਰਸ਼ਾਸਨ ਵੱਲੋਂ ਰਾਹਤ ਕਾਰਜ ਜਾਰੀ ਹਨ ਪਰ ਪਾਣੀ ਦਾ ਬਹਾਅ ਬਹੁਤ ਤੇਜ਼ ਹੈ।