ਸੁਪਰੀਮ ਕੋਰਟ ਨੇ ਸੂਬਾ ਸਰਕਾਰ ਨੂੰ ਭੇਜਿਆ ਨੋਟਿਸ …


ਨਵੀਂ ਦਿੱਲੀ, 4 ਸਤੰਬਰ (ਨਿਊਜ਼ ਟਾਊਨ ਨੈੱਟਵਰਕ) :
ਪੰਜਾਬ ਵਿਚ ਹੜ੍ਹਾਂ ਕਾਰਨ ਸਥਿਤੀ ਅਜੇ ਵੀ ਗੰਭੀਰ ਹੈ। ਅੰਮ੍ਰਿਤਸਰ, ਗੁਰਦਾਸਪੁਰ ਅਤੇ ਫ਼ਿਰੋਜ਼ਪੁਰ ਦੇ ਕਈ ਪਿੰਡਾਂ ਵਿਚ ਰਾਵੀ ਅਤੇ ਸਤਲੁਜ ਦਾ ਪਾਣੀ ਵੱਧ ਗਿਆ ਹੈ। ਅੰਮ੍ਰਿਤਸਰ ਦੇ 140 ਪਿੰਡ ਹੜ੍ਹਾਂ ਦੀ ਲਪੇਟ ਵਿਚ ਹਨ। ਇਸ ਦੇ ਮੱਦੇਨਜ਼ਰ ਸੁਪਰੀਮ ਕੋਰਟ ਨੇ ਸੂਬਾ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਹੜ੍ਹਾਂ ਕਾਰਨ ਸੂਬੇ ਦੇ ਹੋਏ ਨੁਕਸਾਨ ਦਾ ਵੇਰਵਾ ਮੰਗਿਆ ਹੈ। ਨਾਲ ਹੀ 3 ਹਫ਼ਤਿਆਂ ਵਿਚ ਰਿਪੋਰਟ ਤਲਬ ਕੀਤੀ ਹੈ।
ਚੀਫ਼ ਜਸਟਿਸ ਨੇ ਕਿਹਾ ਕਿ ਅਸੀਂ ਪਹਿਲਾਂ ਅਜਿਹਾ ਮੀਂਹ ਅਤੇ ਹੜ੍ਹ ਨਹੀਂ ਦੇਖਿਆ। ਇਸ ਦੇ ਨਾਲ ਹੀ ਇਹ ਨੋਟਿਸ ਹਰਿਆਣਾ, ਜੰਮੂ ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਨੂੰ ਵੀ ਜਾਰੀ ਕੀਤਾ ਗਿਆ ਹੈ।
ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਸੂਬੇ ਦੀ ਸਥਿਤੀ ਜਾਣਨ ਲਈ ਪੰਜਾਬ ਪਹੁੰਚੇ ਹਨ। ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਉਨ੍ਹਾਂ ਨਾਲ ਅੰਮ੍ਰਿਤਸਰ ਹਵਾਈ ਅੱਡੇ ‘ਤੇ ਮੁਲਾਕਾਤ ਕੀਤੀ। ਰਾਜਪਾਲ ਨੇ 5 ਹੜ੍ਹ ਪ੍ਰਭਾਵਤ ਜ਼ਿਲ੍ਹਿਆਂ ਦੀ ਰਿਪੋਰਟ ਵੀ ਸੌਂਪੀ। ਦੱਸ ਦਈਏ ਕਿ ਸਤਲੁਜ ਦਾ ਪਾਣੀ ਫ਼ਿਰੋਜ਼ਪੁਰ ਦੇ ਪੱਲਾ ਮੇਘਾ ਪਿੰਡ ਨੇੜੇ ਸਰਹੱਦ ਪਾਰ ਪਾਕਿਸਤਾਨੀ ਪਿੰਡ ਅਤੇ ਪੁਲਿਸ ਚੌਕੀ ਤਕ ਪਹੁੰਚ ਗਿਆ ਹੈ। ਇੱਥੇ ਬੰਨ੍ਹ ਟੁੱਟਣ ਦਾ ਵੀ ਖ਼ਤਰਾ ਹੈ।
ਜ਼ਿਕਰਯੋਗ ਹੈ ਕਿ ਮੌਸਮ ਵਿਭਾਗ ਨੇ ਸੂਬੇ ਦੇ ਮਾਨਸਾ, ਸੰਗਰੂਰ ਅਤੇ ਬਰਨਾਲਾ ਜ਼ਿਲ੍ਹਿਆਂ ਵਿਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਆਲੇ-ਦੁਆਲੇ ਦੇ ਇਲਾਕਿਆਂ ਵਿਚ ਵੀ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ, ਜਿਸ ਨਾਲ ਰਾਹਤ ਕਾਰਜਾਂ ਵਿਚ ਮੁਸ਼ਕਲਾਂ ਵਧ ਸਕਦੀਆਂ ਹਨ।
ਹਾਲਾਂਕਿ, ਹੁਣ ਮੀਂਹ ਰੁਕ ਗਿਆ ਹੈ ਤੇ ਕਈ ਹੜ੍ਹ ਪ੍ਰਭਾਵਤ ਇਲਾਕਿਆਂ ਵਿਚ ਪਾਣੀ ਦਾ ਪੱਧਰ ਘਟਣਾ ਸ਼ੁਰੂ ਹੋ ਗਿਆ ਹੈ। ਜਿਸ ਦੇ ਮੱਦੇਨਜ਼ਰ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਤੋਂ ਬਾਅਦ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਪੰਜਾਬ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਆ ਰਹੇ ਹਨ।
ਦੱਸ ਦਈਏ ਕਿ ਇਸ ਸਾਲ ਰਾਜ ਵਿਚ ਰਾਵੀ ਨੇ ਸੱਭ ਤੋਂ ਵੱਧ ਨੁਕਸਾਨ ਕੀਤਾ ਹੈ। ਕਈ ਪਿੰਡਾਂ ਵਿਚੋਂ ਹੜ੍ਹ ਦਾ ਪਾਣੀ ਘਟ ਗਿਆ ਹੈ ਅਤੇ ਨੁਕਸਾਨ ਸਪੱਸ਼ਟ ਹੋਣ ਲੱਗਾ ਹੈ। ਲੋਕਾਂ ਦੇ ਘਰਾਂ ਵਿਚ ਰੇਤ ਇਕੱਠੀ ਹੋ ਗਈ ਹੈ। ਖੇਤਾਂ ਵਿਚ ਫ਼ਸਲਾਂ ਰੇਤ ਦੀ ਲਪੇਟ ਵਿਚ ਹਨ। ਘਰਾਂ ਦੀ ਹਾਲਤ ਬਹੁਤ ਤਰਸਯੋਗ ਹੈ। ਕੰਧਾਂ ‘ਤੇ ਤਰੇੜਾਂ ਦਿਖਾਈ ਦੇ ਰਹੀਆਂ ਹਨ। ਕਈ ਛੱਤਾਂ ਡਿੱਗ ਗਈਆਂ ਹਨ। ਕੱਚੇ ਘਰ ਰਹਿਣ ਦੇ ਯੋਗ ਨਹੀਂ ਹਨ। ਬੀਤੀ ਰਾਤ ਤੋਂ ਅੰਮ੍ਰਿਤਸਰ ਦੇ ਰਾਮਦਾਸ ਇਲਾਕੇ ਵਿਚ ਰਾਵੀ ਦਾ ਪਾਣੀ ਫਿਰ ਤੋਂ ਵਧਣ ਲੱਗਾ ਹੈ।
