ਘੱਗਰ ਦਰਿਆ ਕਾਰਨ ਘਨੌਰ ’ਚ ਵਿਗੜਨ ਲੱਗੇ ਹਾਲਾਤ !


ਪਟਿਆਲਾ, 4 ਸਤੰਬਰ (ਨਿਊਜ਼ ਟਾਊਨ ਨੈੱਟਵਰਕ) :
ਘੱਗਰ ਦਰਿਆ ਨੇ ਪਟਿਆਲਾ ਜ਼ਿਲ੍ਹੇ ਦੇ ਹਲਕਾ ਘਨੌਰ ਦੇ ਪਿੰਡਾਂ ’ਚ ਕਹਿਰ ਮਚਾਉਣਾ ਸ਼ੁਰੂ ਕਰ ਦਿੱਤਾ ਹੈ। ਘੱਗਰ ਦਾ ਪਾਣੀ ਲਗਾਤਾਰ ਵਧਣ ਕਾਰਨ ਪ੍ਰਭਾਵਿਤ ਪਿੰਡਾਂ ਵਿਚੋਂ ਪਾਣੀ ’ਚ ਘਿਰੇ ਵਿਅਕਤੀਆਂ ਨੂੰ ਬਚਾਉਣ ਲਈ ਐਨਡੀਆਰਐਫ ਤੇ ਫੌਜ ਦੀਆਂ ਟੀਮਾਂ ਨੇ ਰੈਸਕਿਊ ਆਪਰੇਸ਼ਨ ਸ਼ੁਰੂ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਇਨ੍ਹਾਂ ਟੀਮਾਂ ਨੇ ਚਮਾਰੂ, ਕਾਮੀ ਕਲਾ, ਕਾਮੀ ਖੁਰਦ, ਉਂਟਸਰ ਸਮੇਤ ਕਈ ਪਿੰਡਾਂ ’ਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ ਤੇ ਹਾਲਾਤ ਖਰਾਬ ਹੁੰਦੇ ਨਜ਼ਰ ਆ ਰਹੇ ਹਨ। ਪ੍ਰਭਾਵਿਤ ਪਿੰਡਾਂ ਦੇ ਵਸਨੀਕਾਂ ਦਾ ਦੱਸਣਾ ਹੈ ਕਿ ਘੱਗਰ ਦਾ ਪਾਣੀ ਬੀਤੀ ਰਾਤ ਨਾਲੋਂ ਕਾਫੀ ਵਧ ਗਿਆ ਹੈ ਤੇ ਪਾਣੀ ਨਾਲ ਫਸਲਾਂ ਪੂਰੀ ਤਰਾਂ ਡੁੱਬ ਚੁੱਕੀਆਂ ਹਨ ਤੇ ਪਿੰਡਾਂ ਵੱਲ ਪਾਣੀ ਵਧਣ ਲੱਗਾ ਹੈ। ਇਸ ਦੌਰਾਨ ਲੋਕਾਂ ਨੂੰ ਸੁਰੱਖਿਅਤ ਕੱਢਣ ਦਾ ਯਤਨ ਜਾਰੀ ਹੈ। ਇਸ ਮੌਕੇ ਪਿੰਡ ਚਮਾਰੂ ਦੇ ਲੋਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੜ੍ਹਾ ਦੇ ਪਾਣੀ ’ਚ ਆਏ ਸੱਪ ਨੇ ਇੱਕ ਵਿਅਕਤੀ ਨੂੰ ਡੰਗ ਲਿਆ ਹੈ, ਜਿਸਨੂੰ ਫੌਜ ਵੱਲੋਂ ਕਿਸ਼ਤੀ ਰਾਹੀ ਰੈਸਕਿਊ ਕਰਕੇ ਪਿੰਡ ਲਾਛੜੂ ਤੱਕ ਪਹੁੰਚਾਇਆ ਗਿਆ, ਜਿਥੇ ਉਸਨੂੰ ਐਬੂਲੈਂਸ ਰਾਹੀ ਹਸਪਤਾਲ ’ਚ ਸ਼ਿਫਟ ਕੀਤਾ ਗਿਆ ਹੈ।
