MP ਸਤਨਾਮ ਸਿੰਘ ਸੰਧੂ ਨੇ ਫਿਰੋਜ਼ਪੁਰ ਦੇ ਹੜ੍ਹ ਪ੍ਰਭਾਵਿਤ ਪਿੰਡ ਭੱਖੜਾ ਨੂੰ ਲਿਆ ਗੋਦ …

0
WhatsApp Image 2025-09-03 at 5.25.31 PM

ਫ਼ਿਰੋਜ਼ਪੁਰ, 3 ਸਤੰਬਰ (ਨਿਊਜ਼ ਟਾਊਨ ਨੈਟਵਰਕ) :

ਪੰਜਾਬ ਵਿਚ ਹੜ੍ਹਾਂ ਦੀ ਮਾਰ ਝੱਲ ਰਹੇ ਪ੍ਰਭਾਵਿਤ ਇਲਾਕਿਆਂ ਵਿਚ ਪਾਣੀ ਤੇ ਮੱਛਰਾਂ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਦਾ ਖਤਰਾ ਵੱਧ ਗਿਆ ਹੈ। ਇਸ ਦੇ ਮੱਦੇਨਜ਼ਰ ਫਿਰੋਜ਼ਪੁਰ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਸਰਹੱਦੀ ਪਿੰਡਾਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਰਾਜ ਸਭਾ ਸੰਸਦ ਮੈਂਬਰ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਵਲੋਂ ਜਿਥੇ ਮੈਡੀਕਲ ਕਿੱਟਾਂ, ਜਿਸ ਵਿਚ ਮੱਛਰਦਾਨੀਆਂ, ਮੱਛਰਾਂ ਨੂੰ ਦੂਰ ਭਜਵਾਉਣ ਵਾਲੀ ਦਵਾਈਆਂ ਤੇ ਹੋਰ ਰਾਹਤ ਸਮੱਗਰੀ ਵੰਡੀ ਗਈ, ਨਾਲ ਹੀ ਮੱਛਰਾਂ ਦੇ ਖਾਤਮੇ ਲਈ ਫੌਗਿੰਗ ਵੀ ਕਰਵਾਈ ਗਈ। ਸੰਧੂ ਵਲੋਂ ਹੜ੍ਹ ਪੀੜਤ ਪਿੰਡਾਂ ਦੇ ਵਾਸੀਆਂ ਲਈ ਰਾਹਤ ਅਭਿਆਨ ਚਲਾਇਆ ਜਾ ਰਿਹਾ ਹੈ। ਇਸ ਦੀ ਸ਼ੁਰੂਆਤ ਮੰਗਲਵਾਰ ਨੂੰ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਪਿੰਡ ਵਾਸੀਆਂ ਨੂੰ ਰਾਹਤ ਸਮੱਗਰੀ ਪ੍ਰਦਾਨ ਕੀਤੀ ਗਈ ਹੈ। ਇਸੇ ਦੇ ਤਹਿਤ ਬੁੱਧਵਾਰ ਨੂੰ ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਨੇ ਫਿਰੋਜ਼ਪੁਰ ’ਚ ਭਾਰਤ-ਪਾਕਿਸਤਾਨ ਦੀ ਹੂਸੈਨੀਵਾਲਾ ਸਰਹੱਦ ਨਾਲ ਲੱਗਦੇ ਪਿੰਡ ਭੱਖੜਾ ਤੇ ਟਿੰਡੀਵਾਲਾ ਦਾ ਦੌਰਾ ਕੀਤਾ ਗਿਆ। ਹੂਸੈਨੀਵਾਲਾ ਦੀ ਭਾਰਤ ਦੇ ਇਤਿਹਾਸ ਵਿਚ ਬਹੁਤ ਮਹੱਤਤਾ ਹੈ, ਕਿਉਂਕਿ ਇਥੇ ਸ਼ਹੀਦ ਭਗਤ ਸਿੰਘ, ਸੁਖਦੇਵ ਸਿੰਘ ਤੇ ਰਾਜਗੁਰੂ ਦੇ ਸ਼ਹੀਦਾਂ ਦੀ ਯਾਦ ਵਿਚ ਇਕ ਸ਼ਹੀਦੀ ਸਮਾਰਕ ਬਣਾਇਆ ਗਿਆ ਹੈ।ਇਹ ਸਥਾਨ ਨਾ ਸਿਰਫ਼ ਇਤਿਹਾਸਕ ਹੈ, ਸਗੋਂ ਰਾਸ਼ਟਰੀ ਏਕਤਾ ਤੇ ਦੇਸ਼ਭਗਤੀ ਦਾ ਵੀ ਪ੍ਰਤੀਕ ਹੈ। ਹੜ੍ਹ ਰਾਹਤ ਪ੍ਰੋਗਰਾਮ ਦੇ ਤਹਿਤ ਸੰਧੂ ਵਲੋਂ ਹੜ੍ਹ ਪ੍ਰਭਾਵਿਤ ਵਿਚ ਪਿੰਡਾਂ ਵਿਚ ਫਸਟ-ਏਡ ਕਿੱਟਾਂ, ਮੱਛਰਦਾਨੀਆਂ ਤੇ ਮੱਛਰ ਭਜਾਉਣ ਲਈ ਵਰਤੇ ਜਾਂਦੇ ਓਡੋਮੋਸ, ਬੈੱਡ ਸ਼ੀਟਾਂ, ਸੈਨੇਟਰੀ ਪੈਡਾਂ ਸਮੇਤ ਹੋਰ ਜ਼ਰੂਰੀ ਵਸਤਾਂ ਵੀ ਵੰਡੀਆਂ ਗਈਆਂ।

ਉਨ੍ਹਾਂ ਨੇ ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਗੰਦੇ ਪਾਣੀ ਨਾਲ ਫੈਲਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਫੌਗਿੰਗ ਵੀ ਕਰਵਾਈ। ਹੜ੍ਹ ਪ੍ਰਭਾਵਿਤ ਪਿੰਡ ਵਾਸੀਆਂ ਨਾਲ ਗੱਲਬਾਤ ਕਰਦਿਆਂ ਸੰਧੂ ਨੇ ਪੰਜਾਬ ਦੇ ਹੋਰ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਸੰਕਟ ਦੌਰਾਨ ਲੋੜੀਂਦੀਆਂ ਸਾਰੀਆਂ ਵਸਤੂਆਂ ਦੀ ਸਪਲਾਈ ਯਕੀਨੀ ਬਣਾਉਣ ਲਈ ਹਰ ਸੰਭਵ ਸਹਾਇਤਾ ਦਾ ਵੀ ਭਰੋਸਾ ਦਿਤਾ। ਇਸ ਮੌਕੇ ਸੰਧੂ ਨੇ ਰਾਹਤ ਕਾਰਜਾਂ ਵਿਚ ਸਹਾਇਤਾ ਪ੍ਰਦਾਨ ਕਰਨ ਅਤੇ ਹਾਲ ਹੀ ਦੇ ਹੜ੍ਹਾਂ ਨਾਲ ਪ੍ਰਭਾਵਿਤ ਪਰਿਵਾਰਾਂ ਨੂੰ ਜ਼ਰੂਰੀ ਸੇਵਾਵਾਂ ਦੇਣ ਲਈ ਪਿੰਡ ਭੱਖੜਾ ਨੂੰ ਗੋਦ ਲੈਣ ਦਾ ਵੀ ਐਲਾਨ ਕੀਤਾ। ਸੰਧੂ ਨੇ ਕਿਹਾ ਕਿ ਇਸ ਔਖੀ ਘੜੀ ਵਿਚ ਹੜ੍ਹਾਂ ਨਾਲ ਪ੍ਰਭਾਵਿਤ ਪੀੜਤਾਂ ਦੀ ਮਦਦ ਕਰਨਾ ਸਾਡਾ ਨੈਤਿਕ ਫਰਜ਼ ਹੈ। ਮੈਂ ਸਰਹੱਦੀ ਇਲਾਕਿਆਂ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਹੈ ਅਤੇ ਪ੍ਰਭਾਵਿਤ ਪਰਿਵਾਰਾਂ ਨੂੰ ਮਿਲਿਆ ਹਾਂ ਜੋ ਲਗਾਤਾਰ ਹੋ ਰਹੀ ਮੀਂਹ ਤੇ ਪਾਣੀ ਤੋਂ ਬਚਣ ਵਾਸਤੇ ਹਰ ਢੁੱਕਵੇਂ ਪ੍ਰਬੰਧ ਕਰਨ ਲਈ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਦੇ ਪਸ਼ੂ ਹੜ੍ਹਾਂ ਵਿਚ ਰੂੜ ਗਏ ਹਨ ਤੇ ਬਚੇ ਹੋਏ ਪਸ਼ੂਆਂ ਲਈ ਵੀ ਚਾਰੇ ਦਾ ਕੋਈ ਵੀ ਪ੍ਰਬੰਧ ਨਹੀਂ ਹੈ। ਸੰਧੂ ਨੇ ਕਿਹਾ ਕਿ ਫਿਰੋਜ਼ਪੁਰ ਮੇਰਾ ਜ਼ਿਲ੍ਹਾ ਹੈ, ਮੇਰਾ ਪਿੰਡ ਵੀ ਸਤਲੁਜ਼ ਕਿਨਾਰੇ ’ਤੇ ਵਸਿਆ ਹੋਇਆ ਹੈ, ਉਥੋਂ ਵੀ ਬੰਨ ਟੁੱਟਦਾ ਰਿਹਾ ਹੈ। 40 ਸਾਲ ਪਹਿਲਾਂ ਮੈਂ ਇਹ ਮੰਜ਼ਰ ਆਪਣੇ ਪਿੰਡ ਵਿਚ ਦੇਖਿਆ ਸੀ। ਇਹ ਦਰਦ ਇੰਨਾ ਭਿਆਨਕ ਹੈ ਕਿ ਇਸ ਨੂੰ ਸਮਝਣਾ ਵੀ ਬਹੁਤ ਮੁਸ਼ਕਲ ਹੈ। ਅਸੀਂ ਇਸ ਘਾਟੇ ਦੀ ਭਰਪਾਈ ਨੂੰ ਕਿਸ ਤਰ੍ਹਾਂ ਪੂਰਾ ਕਰ ਸਕਦੇ ਹਾਂ। ਇਸ ਲਈ ਅੱਜ ਸਾਡੇ ਵਲੋਂ ਇਨ੍ਹਾਂ ਹੜ੍ਹ ਪੀੜਤ ਪਰਿਵਾਰਾਂ ਨੂੰ ਜ਼ਰੂਰੀ ਵਸਤਾਂ ਵੰਡੀਆਂ ਗਈਆਂ ਹਨ ਕਿਉਂਕਿ ਉਨ੍ਹਾਂ ਦੀ ਸਿਹਤ ਸਾਡੇ ਲਈ ਪਹਿਲੀ ਤਰਜੀਹ ਹੈ। ਜੇਕਰ ਇਹ ਬਿਮਾਰ ਹੋ ਗਏ ਤਾਂ ਇਹ ਪਰਿਵਾਰ ਕਿਥੇ ਜਾਣਗੇ।ਸੰਧੂ ਨੇ ਕਿਹਾ ਕਿ ਸਾਨੂੰ ਇਥੋਂ ਦੇ ਸਰਪੰਚ ਸਾਹਿਬ ਨੇ ਦਸਿਆ ਕਿ ਇਸ ਪਿੰਡ ਵਿਚ ਕੋਈ ਵੀ ਮੈਡੀਕਲ ਸਹਾਇਤਾ ਨਹੀਂ ਹੈ। ਪਿੰਡ ਦਾ ਸਕੂਲ ਵੀ ਨੁਕਸਾਨਿਆਂ ਗਿਆ ਹੈ। ਉਸ ਦੀ ਕੰਧ ਢਹਿ-ਢੇਰੀ ਹੋ ਗਈ ਹੈ ਤੇ ਉਸ ਦੀ ਇਮਾਰਤ ਵੀ ਡਿੱਗਣ ਵਾਲੀ ਹੈ। ਉਨ੍ਹਾਂ ਦੇ ਪਿੰਡ ਵਿਚ ਮੈਡੀਕਲ ਦੀ ਪ੍ਰੈਕਟਿਸ ਕਰਨ ਵਾਲਾ ਇਕ ਡਾਕਟਰ ਤਾਂ ਹੈ ਪਰ ਉਸ ਕੋਲ ਦਵਾਈਆਂ ਨਹੀਂ ਹਨ। ਅੱਜ ਅਸੀਂ ਨੋਟ ਕੀਤਾ ਹੈ ਕਿ ਇਨ੍ਹਾਂ ਪਰਿਵਾਰਾਂ ਨੂੰ ਪਸ਼ੂਆਂ ਵਾਸਤੇ ਚਾਰਾ, ਦਵਾਈਆਂ, ਤਿਰਪਾਲਾਂ, ਪਸ਼ੂਆਂ ਵਾਸਤੇ ਦਵਾਈਆਂ ਚਾਹੀਦੀਆਂ ਹਨ। ਕਿਉਂਕਿ ਮੌਜੂਦਾ ਸਮੇਂ ਬਿਮਾਰੀਆਂ ਫੈਲਣ ਦਾ ਵੀ ਖਤਰਾ ਹੈ। ਅਜਿਹੀ ਔਖੀ ਘੜੀ ਵਿਚ ਸਾਡਾ ਵੀ ਹਰ ਇੱਕ ਦਾ ਫਰਜ਼ ਬਣਦਾ ਹੈ ਕਿ ਅਸੀਂ ਵੀ ਇਨ੍ਹਾਂ ਦੀ ਸਹਾਇਤਾ ਲਈ ਅੱਗੇ ਆਈਏ ਤੇ ਉਨ੍ਹਾਂ ਨੂੰ ਮੁਸ਼ਕਲਾਂ ਵਿਚੋਂ ਕੱਢਣ ਲਈ ਕਾਰਜ਼ ਕਰੀਏ। ਇਸ ਲਈ ਮੈਂ ਭੱਖੜਾ ਪਿੰਡ ਨੂੰ ਗੋਦ ਲੈਣ ਦਾ ਫੈਸਲਾ ਕੀਤਾ ਹੈ ਕਿਉਂਕਿ ਇਹ ਦੇਸ਼ ਦਾ ਆਖਰੀ ਪਿੰਡ ਨਹੀਂ ਪਹਿਲਾ ਪਿੰਡ ਹੈ।

Leave a Reply

Your email address will not be published. Required fields are marked *