ਬਲੋਚਿਸਤਾਨ ‘ਚ ਆਤਮਘਾਤੀ ਬੰਬ ਧਮਾਕਾ, 14 ਲੋਕਾਂ ਦੀ ਮੌਤ, 35 ਜ਼ਖ਼ਮੀ !


ਕਰਾਚੀ, 3 ਸਤੰਬਰ (ਨਿਊਜ਼ ਟਾਊਨ ਨੈਟਵਰਕ) :
ਪਾਕਿਸਤਾਨ ਦੇ ਕਵੇਟਾ ਸ਼ਹਿਰ ਵਿਚ ਬਲੋਚਿਸਤਾਨ ਨੈਸ਼ਨਲ ਪਾਰਟੀ (ਬੀਐਨਪੀ) ਵਲੋਂ ਕਰਵਾਈ ਇਕ ਜਨਤਕ ਰੈਲੀ ਦੇ ਖਤਮ ਹੋਣ ਤੋਂ ਤੁਰੰਤ ਬਾਅਦ ਅਚਾਨਕ ਹੋਏ ਇਕ ਆਤਮਘਾਤੀ ਬੰਬ ਧਮਾਕੇ ਵਿਚ ਘੱਟੋ-ਘੱਟ 14 ਲੋਕ ਮਾਰੇ ਗਏ ਹਨ ਜਦਕਿ 35 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ। ਦਿ ਐਕਸਪ੍ਰੈਸ ਟ੍ਰਿਬਿਊਨ ਅਖ਼ਬਾਰ ਮੁਤਾਬਕ ਸਰਦਾਰ ਅਤਾਉੱਲਾ ਮੈਂਗਲ ਦੀ ਚੌਥੀ ਬਰਸੀ ਮਨਾਉਣ ਲਈ ਕਰਵਾਈ ਰੈਲੀ ਦੇ ਸਮਾਪਤ ਹੋਣ ਤੋਂ ਤੁਰੰਤ ਬਾਅਦ ਮੰਗਲਵਾਰ ਰਾਤ ਨੂੰ ਸਰਿਆਬ ਖੇਤਰ ਦੇ ਸ਼ਾਹਵਾਨੀ ਸਟੇਡੀਅਮ ਦੇ ਨੇੜੇ ਇਹ ਧਮਾਕਾ ਹੋਇਆ। ਸੂਬਾਈ ਸਿਹਤ ਮੰਤਰੀ ਬਖਤ ਮੁਹੰਮਦ ਕੱਕਰ ਨੇ ਜਾਨੀ ਨੁਕਸਾਨ ਦੀ ਪੁਸ਼ਟੀ ਕੀਤੀ ਹੈ। ਪੁਲਿਸ ਅਨੁਸਾਰ ਧਮਾਕਾ ਰੈਲੀ ਖਤਮ ਹੋਣ ਤੋਂ ਲਗਭਗ 15 ਮਿੰਟ ਬਾਅਦ ਹੋਇਆ। ਜਦੋਂ ਲੋਕ ਰੈਲੀ ਵਿਚ ਸ਼ਾਮਲ ਹੋਣ ਤੋਂ ਬਾਅਦ ਜਾ ਰਹੇ ਸਨ ਤਾਂ ਹਮਲਾਵਰ ਨੇ ਕਥਿਤ ਤੌਰ ‘ਤੇ ਪਾਰਕਿੰਗ ਖੇਤਰ ਵਿਚ ਵਿਸਫੋਟਕਾਂ ਨਾਲ ਭਰੀ ਆਪਣੀ ਜੈਕੇਟ ਵਿਚ ਧਮਾਕਾ ਕਰ ਦਿਤਾ। ਰੈਲੀ ਦੀ ਅਗਵਾਈ ਕਰ ਰਹੇ ਬੀਐਨਪੀ ਮੁਖੀ ਅਖਤਰ ਮੈਂਗਲ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਕਿਉਂਕਿ ਧਮਾਕਾ ਉਦੋਂ ਹੋਇਆ ਜਦੋਂ ਉਹ ਘਰ ਜਾ ਰਿਹਾ ਸੀ।

ਪਖਤੂਨਖਵਾ ਮਿੱਲੀ ਅਵਾਮੀ ਪਾਰਟੀ ਦੇ ਮੁਖੀ ਮਹਿਮੂਦ ਖਾਨ ਅਚਾਕਜ਼ਈ, ਅਵਾਮੀ ਨੈਸ਼ਨਲ ਪਾਰਟੀ ਦੇ ਅਸਗਰ ਖਾਨ ਅਚਾਕਜ਼ਈ ਅਤੇ ਸਾਬਕਾ ਨੈਸ਼ਨਲ ਪਾਰਟੀ ਸੈਨੇਟਰ ਮੀਰ ਕਬੀਰ ਮੁਹੰਮਦ ਸ਼ਾਈ ਵੀ ਰੈਲੀ ਵਿਚ ਮੌਜੂਦ ਸਨ ਪਰ ਜ਼ਖਮੀ ਨਹੀਂ ਹੋਏ। ਹਾਲਾਂਕਿ ਕਈ ਪਾਰਟੀ ਵਰਕਰ ਅਤੇ ਸਮਰਥਕ ਜਿਨ੍ਹਾਂ ਵਿਚ ਬੀਐਨਪੀ ਦੇ ਸਾਬਕਾ ਸੂਬਾਈ ਅਸੈਂਬਲੀ ਮੈਂਬਰ (ਐਮਪੀਏ) ਮੀਰ ਅਹਿਮਦ ਨਵਾਜ਼ ਬਲੋਚ ਅਤੇ ਪਾਰਟੀ ਦੇ ਕੇਂਦਰੀ ਕਿਰਤ ਸਕੱਤਰ ਮੂਸਾ ਜਾਨ ਸ਼ਾਮਲ ਹਨ, ਜ਼ਖਮੀ ਹੋਏ ਹਨ। ਬੀਐਨਪੀ ਮੁਖੀ ਮੈਂਗਲ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਵਿਚ ਪੁਸ਼ਟੀ ਕੀਤੀ ਕਿ ਉਹ ਸੁਰੱਖਿਅਤ ਹਨ ਪਰ “ਆਪਣੇ ਵਰਕਰਾਂ ਦੀ ਮੌਤ ਤੋਂ ਬਹੁਤ ਦੁਖੀ ਹਨ। ਉਨ੍ਹਾਂ ਦਾਅਵਾ ਕੀਤਾ ਕਿ ਧਮਾਕੇ ਵਿਚ 15 ਬੀਐਨਪੀ ਵਰਕਰਾਂ ਦੀ ਜਾਨ ਚਲੀ ਗਈ। ਬਲੋਚਿਸਤਾਨ ਦੇ ਮੁੱਖ ਮੰਤਰੀ ਮੀਰ ਸਰਫਰਾਜ਼ ਬੁਗਤੀ ਨੇ ਹਮਲੇ ਦੀ ਨਿੰਦਾ ਕਰਦੇ ਹੋਏ ਇਸਨੂੰ “ਮਨੁੱਖਤਾ ਦੇ ਦੁਸ਼ਮਣਾਂ ਦੁਆਰਾ ਕਾਇਰਤਾਪੂਰਨ ਕਾਰਵਾਈ” ਕਿਹਾ। ਧਮਾਕੇ ਤੋਂ ਬਾਅਦ ਇਕ ਵਿਸ਼ੇਸ਼ ਜਾਂਚ ਕਮੇਟੀ ਬਣਾਈ ਗਈ ਹੈ ਅਤੇ ਕਵੇਟਾ ਅਤੇ ਆਲੇ-ਦੁਆਲੇ ਸੁਰੱਖਿਆ ਵਧਾ ਦਿਤੀ ਗਈ ਹੈ। ਹੁਣ ਤਕ ਕਿਸੇ ਵੀ ਸਮੂਹ ਨੇ ਬੰਬ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।