ਹੜ੍ਹਾਂ ਦੀ ਮਾਰ ਝੱਲ ਰਹੇ ਪੰਜਾਬੀਆਂ ਦੀ ਮਦਦ ਲਈ ਬਾਲੀਵੁੱਡ ਸਿਤਾਰੇ ਆਏ ਅੱਗੇ


ਚੰਡੀਗੜ੍ਹ/ਮੁੰਬਈ, 2 ਸਤੰਬਰ (ਨਿਊਜ਼ ਟਾਊਨ ਨੈਟਵਰਕ) : ਪੰਜਾਬ ਵਿਚ ਇਸ ਵੇਲੇ ਭਾਰੀ ਮੀਂਹ ਅਤੇ ਹੜ੍ਹਾਂ ਕਾਰਨ ਹਾਲਾਤ ਬੇਹਦ ਵਿਗੜੇ ਹੋਏ ਹਨ। ਪੰਜਾਬ ਦੇ ਕਈ ਪਿੰਡਾਂ ਦੇ ਬਹੁਤੇ ਲੋਕ ਆਪਣੇ ਘਰਾਂ ਤੋਂ ਹੀ ਬੇਘਰ ਹੋ ਚੁਕੇ ਹਨ। ਅਜਿਹੇ ਮੁਸ਼ਕਲ ਸਮੇਂ ਵਿਚ ਬਾਲੀਵੁੱਡ ਸਟਾਰ ਸਲਮਾਨ ਖ਼ਾਨ ਨੇ ਹੜ੍ਹ ਪੀੜਤਾਂ ਲਈ ਮਦਦ ਕਰਨ ਦਾ ਐਲਾਨ ਕੀਤਾ ਹੈ। ਪੰਜਾਬੀ ਗਾਇਕ ਜਸਬੀਰ ਜੱਸੀ ਨੇ ਸਲਮਾਨ ਖ਼ਾਨ ਤੋਂ ਪੰਜਾਬ ਲਈ ਮਦਦ ਮੰਗੀ ਹੈ। ਸੁਪਰਸਟਾਰ ਸਲਮਾਨ ਖ਼ਾਨ ਨੇ ਵਾਅਦਾ ਕੀਤਾ ਹੈ ਕਿ ਪੰਜਾਬ ਵਿਚ ਹੜ੍ਹ ਪੀੜਤਾਂ ਲਈ ਕਿਸ਼ਤੀਆਂ ਦੀ ਲੋੜ ਪੈਣ ‘ਤੇ ਸਾਰਾ ਖ਼ਰਚਾ ਉਨ੍ਹਾਂ ਵਲੋਂ ਚੁੱਕਿਆ ਜਾਵੇਗਾ। ਜ਼ਿਕਰਯੋਗ ਹੈ ਕਿ ਸਲਮਾਨ ਖ਼ਾਨ ਹਮੇਸ਼ਾ ਲੋਕਾਂ ਦੀ ਮਦਦ ਕਰਦੇ ਹਨ ਤੇ ਉਨ੍ਹਾਂ ਦਾ ਬੀਂਗ ਹਿਊਮਨ ਫ਼ਾਊਂਡੇਸ਼ਨ ਵੀ ਇਸ ਤਰ੍ਹਾਂ ਜ਼ਰੂਰਤਮੰਦ ਲੋਕਾਂ ਦੀ ਮਦਦ ਕਰਦਾ ਹੈ। ਸਲਮਾਨ ਤੋਂ ਇਲਾਵਾ ਅਦਾਕਾਰ ਸੰਜੇ ਦੱਤ ਨੇ ਵੀ ਭਰੋਸਾ ਦਿਤਾ ਹੈ ਕਿ ਇਸ ਮੁਸੀਬਤ ਦੇ ਸਮੇਂ ਉਹ ਪੰਜਾਬ ਦੇ ਨਾਲ ਹਨ। ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਨੇ ਵੀ ਐਲਾਨ ਕੀਤਾ ਸੀ ਕਿ ਉਹ ਆਪਣੀ ਫ਼ਿਲਮ ਮੇਹਰ ਦੀ ਪਹਿਲੇ ਦਿਨ ਦੀ ਸਾਰੀ ਕਮਾਈ ਹੜ੍ਹ ਪੀੜਤਾਂ ਦੀ ਮਦਦ ਲਈ ਦਾਨ ਕਰਨਗੇ। ਇਸ ਦੇ ਨਾਲ ਹੀ ਲੋਕਾਂ ਦੇ ਮਸੀਹਾ ਸੋਨੂ ਸੂਦ ਇਕ ਵਾਰ ਮੁੜ ਸੰਕਟ ਦੀ ਘੜੀ ਵਿਚ ਲੋਕਾਂ ਦੀ ਮਦਦ ਲਈ ਸਭ ਤੋਂ ਅੱਗੇ ਹਨ।
