ਹੜ੍ਹਾਂ ਨੂੰ ਮੱਦੇਨਜਰ ਰੱਖਦਿਆਂ ਭਾਜਪਾ ਨੇ ਸੂਬਾ ਆਗੂਆਂ ਨੂੰ ਬਣਾਇਆ ਜ਼ਿਲ੍ਹਾ ਇੰਚਾਰਜ


ਰਾਹਤ ਕਾਰਜਾਂ ਦੀ ਨਿਗਰਾਨੀ ਲਈ ਸੌਂਪੀ ਜ਼ਿੰਮੇਵਾਰੀ
(ਦੁਰਗੇਸ਼ ਗਾਜਰੀ)
ਚੰਡੀਗੜ੍ਹ, 1 ਸਤੰਬਰ : ਪੰਜਾਬ ਵਿਚ ਆਏ ਹੜ੍ਹਾਂ ਦੀ ਗੰਭੀਰ ਸਥਿਤੀ ਨੂੰ ਵੇਖਦੇ ਹੋਏ ਭਾਰਤੀ ਜਨਤਾ ਪਾਰਟੀ ਪੰਜਾਬ ਨੇ ਰਾਹਤ ਕਾਰਜਾਂ ਨੂੰ ਤੇਜ਼ੀ ਦੇਣ ਲਈ ਵੱਡਾ ਕਦਮ ਚੁੱਕਿਆ ਹੈ। ਪਾਰਟੀ ਵਲੋਂ ਵੱਖ-ਵੱਖ ਜ਼ਿਲ੍ਹਿਆਂ ਲਈ ਸੂਬਾ ਪੱਧਰੀ ਆਗੂਆਂ ਨੂੰ ਜ਼ਿਲ੍ਹਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ ਜੋ ਪ੍ਰਭਾਵਿਤ ਇਲਾਕਿਆਂ ਵਿਚ ਜਾ ਕੇ ਸਹਾਇਤਾ ਕਾਰਜਾਂ ਦੀ ਦੇਖਭਾਲ ਕਰਨਗੇ। ਪਾਰਟੀ ਵਲੋਂ ਜਾਰੀ ਕੀਤੀ ਸੂਚੀ ਅਨੁਸਾਰ ਕਪੂਰਥਲਾ ਜ਼ਿਲ੍ਹੇ ਦੀ ਜ਼ਿੰਮੇਵਾਰੀ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੂੰ ਸੌਂਪੀ ਗਈ ਹੈ ਜਦਕਿ ਤਰਨਤਾਰਨ ਦੀ ਜ਼ਿੰਮੇਵਾਰੀ ਸਾਬਕਾ ਸੂਬਾ ਪ੍ਰਧਾਨ ਸ਼ਵੇਤ ਮਲਿਕ ਨੂੰ, ਫ਼ਾਜ਼ਿਲਕਾ ਵਿਚ ਸੁਰਜੀਤ ਕੁਮਾਰ ਜਿਆਨੀ , ਪਠਾਨਕੋਟ ਵਿੱਚ ਦਿਨੇਸ਼ ਬੱਬੂ , ਫ਼ਿਰੋਜ਼ਪੁਰ ਵਿਚ ਰਾਣਾ ਗੁਰਮੀਤ ਸਿੰਘ ਸੋਢੀ, ਅੰਮ੍ਰਿਤਸਰ ਦਿਹਾਤੀ ਲਈ ਮਨਜੀਤ ਸਿੰਘ ਮੰਨਾ ਤੇ ਗੁਰਦਾਸਪੁਰ ਦੀ ਜ਼ਿੰਮੇਵਾਰੀ ਰਵੀ ਕਰਨ ਸਿੰਘ ਕਾਹਲੋਂ ਨੂੰ ਦਿਤੀ ਗਈ ਹੈ। ਇਹ ਸਾਰੇ ਆਗੂ ਨਾ ਸਿਰਫ਼ ਹੜ੍ਹ-ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨਗੇ ਬਲਕਿ ਲੋਕਾਂ ਦੀਆਂ ਜ਼ਰੂਰਤਾਂ ਬਾਰੇ ਪਾਰਟੀ ਹਾਈ ਕਮਾਂਡ ਨੂੰ ਜਾਣਕਾਰੀ ਵੀ ਦੇਣਗੇ ਤਾਕਿ ਰਾਹਤ ਸਮੱਗਰੀ ਦੀ ਪਹੁੰਚ ਨੂੰ ਜਲਦ ਤੋਂ ਜਲਦ ਯਕੀਨੀ ਬਣਾਈ ਜਾ ਸਕੇ। ਹਾਲਾਂਕਿ ਪਾਰਟੀ ਆਗੂ ਪਹਿਲਾਂ ਹੀ ਪਿਛਲੇ ਕੁਝ ਦਿਨਾਂ ਤੋਂ ਹੜ੍ਹ-ਪ੍ਰਭਾਵਿਤ ਇਲਾਕਿਆਂ ਵਿਚ ਦੌਰੇ ਕਰ ਰਹੇ ਸਨ ਪਰ ਹੁਣ ਵਿਸ਼ੇਸ਼ ਤੌਰ ‘ਤੇ ਹਰ ਜ਼ਿਲ੍ਹੇ ਲਈ ਇੰਚਾਰਜ ਨਿਯੁਕਤ ਕਰਨ ਨਾਲ ਰਾਹਤ ਕਾਰਜ ਹੋਰ ਸੁਚਾਰੂ ਹੋਣਗੇ। ਭਾਜਪਾ ਨੇ ਦਾਅਵਾ ਕੀਤਾ ਹੈ ਕਿ ਉਹ ਹੜ੍ਹ-ਪ੍ਰਭਾਵਿਤ ਲੋਕਾਂ ਦੀ ਹਰ ਸੰਭਵ ਮਦਦ ਲਈ ਵਚਨਬੱਧ ਹੈ ਅਤੇ ਸਾਰੇ ਆਗੂਆਂ ਨੂੰ ਕਿਹਾ ਗਿਆ ਹੈ ਕਿ ਉਹ ਰਾਹਤ ਕਾਰਜਾਂ ਨੂੰ ਹੋਰ ਮਜ਼ਬੂਤ ਬਣਾਉਣ। ਭਾਜਪਾ ਵਲੋਂ ਇੰਚਾਰਜਾਂ ਦੀ ਨਿਯੁਕਤੀ ਨਾਲ ਇਹ ਸਾਫ਼ ਹੈ ਕਿ ਪਾਰਟੀ ਹੜ੍ਹ-ਪ੍ਰਭਾਵਿਤ ਲੋਕਾਂ ਦੇ ਨਾਲ ਖੜੀ ਹੈ ਅਤੇ ਉਨ੍ਹਾਂ ਨੂੰ ਮੁਸ਼ਕਲ ਘੜੀਆਂ ਵਿੱਚ ਪੂਰਾ ਸਹਿਯੋਗ ਦੇਣ ਲਈ ਵਚਨਬੱਧ ਹੈ।
