ਨਗਰ ਨਿਗਮ ਪਟਿਆਲਾ ਨੇ ਵੱਡੀ ਨਦੀ ‘ਚ ਹੁਣ ਕੀਤੀ ਸਫਾਈ ਸ਼ੁਰੂ !


ਪਟਿਆਲਾ, 1 ਸਤੰਬਰ (ਗੁਰਪ੍ਰਤਾਪ ਸਿੰਘ ਸਾਹੀ) (ਨਿਊਜ਼ ਟਾਊਨ ਨੈੱਟਵਰਕ) :
ਲੋਕ ਕਹਾਵਤ “ਵੇਹੜੇ ਆਈ ਜੰਨ ਵਿੰਨੋ ਕੁੜੀ ਦੇ ਕੰਨ” ਇਕ ਵਾਰ ਫਿਰ ਸੱਚ ਸਾਬਤ ਹੋ ਰਹੀ ਹੈ। ਨਗਰ ਨਿਗਮ ਪਟਿਆਲਾ ਨੇ ਵੱਡੀ ਨਦੀ ਵਿਚ ਪਾਣੀ ਆਉਣ ਦੀ ਸੰਭਾਵਨਾ ਜਤਾਉਂਦਿਆਂ ਤੁਰੰਤ ਸਫਾਈ ਮੁਹਿੰਮ ਸ਼ੁਰੂ ਕਰ ਦਿਤੀ ਹੈ।ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਨਦੀ ਦੇ ਕੰਢਿਆਂ ਤੇ ਵੱਡੇ ਪੱਧਰ ’ਤੇ ਕੂੜਾ-ਕਰਕਟ ਤੇ ਘਾਸ-ਫੂਸ ਇਕੱਠਾ ਹੋਣ ਕਾਰਨ ਪਾਣੀ ਵਿਚ ਰੁਕਾਵਟ ਪੈ ਸਕਦੀ ਸੀ, ਜਿਸ ਨਾਲ ਵੱਡੇ ਪੱਧਰ ’ਤੇ ਹੜ੍ਹਾਂ ਦਾ ਖ਼ਤਰਾ ਪੈਦਾ ਹੋ ਜਾਵੇਗਾ।ਜਨਤਕ ਤੇ ਮੋਹਤਬਰ ਲੋਕਾਂ ਦਾ ਕਹਿਣਾ ਹੈ ਕਿ ਡੇਢ ਮਹੀਨੇ ਤੋਂ ਲਗਾਤਾਰ ਮੀਂਹ ਪੈ ਰਹੇ ਹਨ,ਪਰ ਨਗਰ ਨਿਗਮ ਪਟਿਆਲਾ ਦੇ ਅਧੀਕਾਰੀਆਂ ਤੇ ਕਰਮਚਾਰੀਆਂ ਦੇ ਕੰਨ ਉਪਰ ਜੂ ਨਹੀਂ ਸਰਕੀ। ਜਦੋਂ ਹੁਣ ਵੱਡੀ ਨਦੀ ਵਿਚ ਪਾਣੀ ਦੀ ਸੰਭਾਵਨਾ ਵੱਧ ਗਈ ਹੈ ਤਾਂ ਜੇਸੀਬੀ ਮਸ਼ੀਨ ਨਾਲ ਸਨੋਰੀ ਅੱਡੇ ਤੋਂ ਸਫਾਈ ਕਰਨ ਦਾ ਨਾਟਕ ਸ਼ੁਰੂ ਕਰਕੇ ਨਗਰ ਨਿਗਮ ਦੀਆਂ ਟੀਮਾਂ ਮਸ਼ੀਨਾਂ ਨਾਲ ਸਫਾਈ ਵਿਚ ਜੁੱਟ ਗਈਆਂ ਹਨ।ਸਥਾਨਕ ਲੋਕਾਂ ਨੇ ਹਾਲਾਤਾਂ ਉੱਤੇ ਚਿੰਤਾ ਜਤਾਈ ਹੈ ਤੇ ਕਿਹਾ ਹੈ ਕਿ ਜੇਕਰ ਪਹਿਲਾਂ ਹੀ ਨਿਗਮ ਵਲੋਂ ਨਦੀ ਦੀ ਸਫਾਈ ਕੀਤੀ ਜਾਂਦੀ ਤਾਂ ਅਜਿਹੀ ਸਥਿਤੀ ਨਾ ਬਣਦੀ।ਲੋਕਾਂ ਦਾ ਕਹਿਣਾ ਹੈ ਕਿ ਦੋ ਹਫਤੇ ਪਹਿਲਾਂ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਵੱਡੀ ਨਦੀ ਉਪਰ ਖੜਕੇ ਮੀਡੀਆ ਵਿਚ ਫੋਟੋਆਂ ਛਪਾਈਆਂ ਸਨ ਕਿ ਨਦੀ ਦੀ ਸਫਾਈ ਵੱਡੇ ਪੱਧਰ ‘ਤੇ ਚੱਲ ਰਹੀ ਹੈ, ਹੜਾਂ ਦਾ ਕੋਈ ਖ਼ਤਰਾ ਨਹੀਂ ਹੈ। ਲੋਕਾਂ ਨੇ ਕਿਹਾ ਕਿ ਜ਼ੇਕਰ ਸਫਾਈ ਪਹਿਲਾਂ ਕਰਵਾਈ ਹੁੰਦੀ ਤਾਂ ਇਸ ਵਾਰ ਹੜ੍ਹਾਂ ਕਾਰਨ ਸ਼ਹਿਰ ਦੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪੈਂਦਾ।