ਪੰਜਾਬੀ ਯੂਨੀਵਰਸਿਟੀ ਦੇ ਵੀ.ਸੀ. ਅਤੇ ਰਜਿਸਟਰਾਰ ਸਮੇਤ 5 ਵਿਰੁਧ ਪਰਚਾ ਦਰਜ !


ਪਟਿਆਲਾ, 29 ਅਗਸਤ : ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਦੇ ਮਾਣ “ਮਹਾਨ ਕੋਸ਼” ਦੀ ਬੇਅਦਬੀ ਮਾਮਲੇ ਨੇ ਪੰਜਾਬੀ ਯੂਨੀਵਰਸਿਟੀ ਦੀਆਂ ਦੀਵਾਰਾਂ ਹਿਲਾ ਦਿਤੀਆਂ ਹਨ। ਇਸ ਗੰਭੀਰ ਘਟਨਾ ’ਤੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ, ਰਜਿਸਟਰਾਰ ਤੇ ਦੋ ਪ੍ਰੋਫ਼ੈਸਰਾਂ ਸਮੇਤ 5 ਲੋਕਾਂ ਵਿਰੁਧ ਪਰਚਾ ਦਰਜ ਕੀਤਾ ਗਿਆ ਹੈ। ਪਰਚੇ ਵਿਚ ਮੁੱਖ ਰੂਪ ਵਿਚ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ, ਰਜਿਸਟਰਾਰ, ਡੀਨ ਅਕਾਦਮਿਤ ਅਤੇ ਪਬਲੀਕੇਸ਼ਨਜ਼ ਬਿਊਰੋ ਦੇ ਇੰਚਾਰਜਾਂ ਨਾਮ ਸ਼ਾਮਲ ਕੀਤਾ ਗਿਆ ਹੈ। ਮਾਮਲੇ ਦੀ ਅਪਣੀ ਪੱਧਰ ਉਤੇ ਜਾਂਚ ਲਈ ਅਕਾਲ ਤਖ਼ਤ ਸਾਹਿਬ ਵਲੋਂ ਬਣਾਈ ਗਈ 4 ਮੈਂਬਰੀ ਕਮੇਟੀ ਯੂਨੀਵਰਸਿਟੀ ਪਹੁੰਚ ਕੇ ਹਾਲਾਤ ਦਾ ਜਾਇਜ਼ਾ ਲੈ ਚੁੱਕੀ ਹੈ। ਦੂਜੇ ਪਾਸੇ, ਮਹਾਨ ਕੋਸ਼ ਦੀ ਸਾਂਭ-ਸੰਭਾਲ ਅਤੇ ਸਸਕਾਰ ਦੀ ਜ਼ਿੰਮੇਵਾਰੀ ਐਸ.ਜੀ.ਪੀ.ਸੀ. ਦੇ ਮੁਲਾਜ਼ਮਾਂ ਨੇ ਆਪਣੇ ਹੱਥ ਵਿਚ ਲੈ ਲਈ ਹੈ। ਇਸ ਬੇਅਦਬੀ ਕਾਰਨ ਸਾਹਿਤਕ ਅਤੇ ਧਾਰਮਿਕ ਹਲਕਿਆਂ ਵਿਚ ਰੋਸ ਦੀ ਲਹਿਰ ਦੌੜ ਗਈ ਹੈ। ਵਿਦਵਾਨਾਂ ਅਤੇ ਸਿੱਖ ਜਥੇਬੰਦੀਆਂ ਵਲੋਂ ਦੋਸ਼ੀਆਂ ਨੂੰ ਕਠੋਰ ਸਜ਼ਾ ਦੇਣ ਦੀ ਮੰਗ ਕੀਤੀ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਜੋ ਸੰਸਥਾ ਭਾਸ਼ਾ ਤੇ ਸੱਭਿਆਚਾਰ ਦੀ ਰਾਖੀ ਲਈ ਬਣੀ ਸੀ, ਉਥੇ ਹੀ ਅਜਿਹੀ ਘਟਨਾ ਵਾਪਰ ਜਾਣਾ ਸ਼ਰਮਨਾਕ ਤੇ ਨਾ-ਮਾਫ਼ੀਯੋਗ ਹੈ।
