ਘੱਗਰ ਦਰਿਆ ਵਿਚ 70 ਹਜ਼ਾਰ ਕਿਊਸਿਕ ਤੋਂ ਪਾਰ ਹੋਇਆ ਪਾਣੀ !


ਮੋਹਾਲੀ, (ਸੁਮਿਤ ਭਾਖੜੀ) 29 ਅਗਸਤ (ਨਿਊਜ਼ ਟਾਊਨ ਨੈਟਵਰਕ):
ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ‘ਚ ਜਿਥੇ ਰਾਵੀ, ਸਤਲੁਜ ਤੇ ਬਿਆਸ ਦਰਿਆ ਤਬਾਹੀ ਮਚਾ ਰਹੇ ਹਨ, ਉਥੇ ਹੀ ਹੁਣ ਘੱਗਰ ਦਰਿਆ ਨੂੰ ਲੈ ਕੇ ਵੀ ਅਡਵਾਈਜ਼ਰੀ ਜਾਰੀ ਕੀਤੀ ਗਈ ਹੈ। ਘੱਗਰ ਦਰਿਆ ਸ਼ੁੱਕਰਵਾਰ ਸਵੇਰੇ 8 ਵਜੇ ਤਕ 70,000 ਕਿਊਸਿਕ ਪਾਣੀ ਦੇ ਪੱਧਰ ਨੂੰ ਪਾਰ ਕਰ ਗਿਆ, ਜਿਸ ਪਿੱਛੋਂ ਮੋਹਾਲੀ ਪ੍ਰਸ਼ਾਸਨ ਵਲੋਂ ਆਸ -ਪਾਸ ਦੇ ਪਿੰਡਾਂ ਲਈ ਅਡਵਾਈਜ਼ਰੀ ਜਾਰੀ ਕੀਤੀ ਗਈ ਹੈ। ਪ੍ਰਸ਼ਾਸਨ ਵਲੋਂ 9 ਪਿੰਡਾਂ ਟਿਵਾਣਾ, ਖਜੂਰ ਮੰਡੀ, ਸਾਧਾਂਪੁਰ, ਸਰਸੀਨੀ, ਆਲਮਗੀਰ, ਡੰਗਢੇਰਾ, ਮੁਬਾਰਿਕਪੁਰ, ਮੀਰਪੁਰ ਤੇ ਬਾਕਰਪੁਰ ਦੇ ਘੱਗਰ ਦੇ ਪਾਣੀ ਨਾਲ ਪ੍ਰਭਾਵਤ ਹੋਣ ਨੂੰ ਲੈ ਕੇ ਖ਼ਦਸ਼ਾ ਜਤਾਇਆ ਹੈ। ਪਿੰਡਾਂ ਦੇ ਲੋਕਾਂ ਨੂੰ ਅਡਵਾਈਜ਼ਰੀ ‘ਚ ਸੁਚੇਤ ਰਹਿਣ ਲਈ ਕਿਹਾ ਗਿਆ ਹੈ। ਘੱਗਰ ਦਰਿਆ ਦੇ ਕੈਚਮੈਂਟ ਖੇਤਰ ਵਿਚ ਮੀਂਹ ਵਧਣ ਅਤੇ ਸੁਖਨਾ ਗੇਟ ਖੋਲ੍ਹਣ ਕਾਰਨ, ਤੇਹ ਡੇਰਾਬੱਸੀ ਸਬ-ਡਿਵੀਜ਼ਨ ਦੇ ਕੰਢਿਆਂ ‘ਤੇ ਸਥਿਤ ਪਿੰਡਾਂ ਦੇ ਵਸਨੀਕਾਂ ਨੂੰ ਸੁਚੇਤ ਰਹਿਣ ਦੀ ਸਲਾਹ ਦਿਤੀ ਜਾਂਦੀ ਹੈ। ਜ਼ਿਲ੍ਹਾ ਵਲੋਂ ਇਸ ਦੇ ਨਾਲ ਹੀ ਡੀ.ਸੀ ਦਫ਼ਤਰ ਕੰਟਰੋਲ ਰੂਮ: 0172-2219506, ਮੋਬਾਇਲ: 76580-51209 ਅਤੇ ਉਪ ਮੰਡਲ ਡੇਰਾਬੱਸੀ 01762-28322 ਵੀ ਜਾਰੀ ਕੀਤੇ ਗਏ ਹਨ। ਦੂਜੇ ਪਾਸੇ, ਦੇਰ ਰਾਤ ਹੋਈ ਬਾਰਿਸ਼ ਕਾਰਨ ਫੇਜ਼-11 ਦੇ ਕਈ ਇਲਾਕੇ ਪਾਣੀ ਵਿਚ ਡੁੱਬ ਗਏ ਹਨ। ਲੋਕਾਂ ਦੇ ਘਰਾਂ ਵਿਚ ਪਾਣੀ ਭਰ ਗਿਆ ਹੈ। ਲੋਕ ਬਹੁਤ ਮੁਸ਼ਕਲ ਨਾਲ ਆਪਣੀ ਸਥਿਤੀ ਨੂੰ ਸੰਭਾਲ ਰਹੇ ਹਨ।