Flood Alert: ਹਥਨੀਕੁੰਡ ਬੈਰਾਜ ਦੇ 18 ਗੇਟ ਖੋਲ੍ਹੇ, ਹੜ੍ਹਾਂ ਦਾ ਖ਼ਤਰਾ ਵਧਿਆ, ਹਾਈ ਅਲਰਟ ਜਾਰੀ…


ਹਰਿਆਣਾ, 29 ਅਗਸਤ (ਨਿਊਜ਼ ਟਾਊਨ ਨੈਟਵਰਕ):
ਪਹਾੜਾਂ ਵਿੱਚ ਭਾਰੀ ਮੀਂਹ ਕਾਰਨ ਯਮੁਨਾ ਨਦੀ ਦੇ ਪਾਣੀ ਦਾ ਪੱਧਰ ਇਕਦਮ ਵਧ ਗਿਆ ਹੈ। ਹਰਿਆਣਾ ਦੇ ਯਮੁਨਾਨਗਰ ਵਿੱਚ ਹਥਨੀਕੁੰਡ ਬੈਰਾਜ ਦੇ 18 ਗੇਟ ਖੋਲ੍ਹ ਦਿੱਤੇ ਗਏ ਹਨ ਅਤੇ ਇਸ ਨਾਲ ਦਿੱਲੀ ਵਿੱਚ ਹੜ੍ਹ ਦਾ ਖ਼ਤਰਾ ਵਧ ਸਕਦਾ ਹੈ। ਦਰਅਸਲ, ਹਰਿਆਣਾ ਦੇ ਯਮੁਨਾਨਗਰ ਦੇ ਨਾਲ-ਨਾਲ ਉੱਤਰਾਖੰਡ ਦੇ ਪਹਾੜਾਂ ਵਿੱਚ ਭਾਰੀ ਮੀਂਹ ਪੈਣ ਕਾਰਨ ਯਮੁਨਾ ਨਦੀ ‘ਤੇ ਬਣੇ ਹਥਨੀਕੁੰਡ ਬੈਰਾਜ ਦਾ ਪਾਣੀ ਦਾ ਪੱਧਰ ਅਚਾਨਕ ਵਧ ਗਿਆ।
ਸ਼ੁੱਕਰਵਾਰ ਨੂੰ ਯਮੁਨਾ ਦੇ ਪਾਣੀ ਦਾ ਪੱਧਰ 50 ਹਜ਼ਾਰ ਕਿਊਸਿਕ ਨੂੰ ਪਾਰ ਕਰ ਗਿਆ ਹੈ ਅਤੇ 67,034 ਕਿਊਸਿਕ ਤੱਕ ਪਹੁੰਚ ਗਿਆ ਹੈ। ਅਜਿਹੀ ਸਥਿਤੀ ਵਿੱਚ ਯਮੁਨਾ ਵਿੱਚ 58,514 ਕਿਊਸਿਕ ਪੱਛਮੀ ਯਮੁਨਾ ਵਿੱਚ 7010 ਅਤੇ ਪੂਰਬੀ ਯਮੁਨਾ ਵਿੱਚ 1510 ਕਿਊਸਿਕ ਪਾਣੀ ਛੱਡਿਆ ਗਿਆ।
ਦੂਜੇ ਪਾਸੇ, ਪਾਣੀ ਦਾ ਪੱਧਰ ਵਧਣ ਨਾਲ ਬੈਰਾਜ ਦੇ 18 ਗੇਟ ਖੋਲ੍ਹ ਦਿੱਤੇ ਗਏ ਅਤੇ ਪਾਣੀ ਨੂੰ ਦਿੱਲੀ ਵੱਲ ਮੋੜ ਦਿੱਤਾ ਗਿਆ। ਦਿੱਲੀ ਵਿਚ ਹੜ੍ਹ ਦਾ ਖ਼ਤਰਾ ਵਧ ਗਿਆ ਹੈ। ਯਮੁਨਾ ਨਦੀ ਦੇ ਨਾਲ ਲੱਗਦੇ ਪਿੰਡ ਵੀ ਅਲਰਟ ਉਤੇ ਹਨ। ਹਾਥਨੀਕੁੰਡ ਬੈਰਾਜ ਤੋਂ ਮੋੜਿਆ ਗਿਆ ਪਾਣੀ 24 ਤੋਂ 48 ਘੰਟਿਆਂ ਦੇ ਅੰਦਰ ਦਿੱਲੀ ਵਿੱਚ ਦਾਖਲ ਹੋ ਜਾਵੇਗਾ। ਯਮੁਨਾਨਗਰ ਜ਼ਿਲ੍ਹਾ ਪ੍ਰਸ਼ਾਸਨ ਨੇ ਯਮੁਨਾ ਨਦੀ ਦੇ ਨਾਲ ਲੱਗਦੇ ਦਰਜਨਾਂ ਪਿੰਡਾਂ ਨੂੰ ਅਲਰਟ ਰਹਿਣ ਲਈ ਕਿਹਾ ਹੈ, ਕਿਉਂਕਿ ਜਦੋਂ ਵੀ ਹਾਥਨੀਕੁੰਡ ਬੈਰਾਜ ਉਤੇ ਪਾਣੀ ਦਾ ਪੱਧਰ ਵਧਦਾ ਹੈ, ਤਾਂ ਦਰਜਨਾਂ ਪਿੰਡਾਂ ਦੀ ਮੁਸੀਬਤ ਵੀ ਵਧ ਜਾਂਦੀ ਹੈ, ਫਸਲਾਂ ਡੁੱਬ ਜਾਂਦੀਆਂ ਹਨ ਅਤੇ ਪਾਣੀ ਘਰਾਂ ਵਿੱਚ ਵੜ ਜਾਂਦਾ ਹੈ।
ਅੰਬਾਲਾ ਵਿਚ ਟਾਂਗਰੀ ਨਦੀ ਵਿੱਚ ਪਾਣੀ ਦਾ ਪੱਧਰ ਵਧਿਆ
ਦੂਜੇ ਪਾਸੇ, ਸ਼ੁੱਕਰਵਾਰ ਸਵੇਰੇ ਅੰਬਾਲਾ ਛਾਉਣੀ ਦੀ ਟਾਂਗਰੀ ਨਦੀ ਵਿੱਚ ਪਾਣੀ ਆ ਗਿਆ ਅਤੇ ਆਲੇ ਦੁਆਲੇ ਦੇ ਲੋਕਾਂ ਵਿੱਚ ਡਰ ਦਾ ਮਾਹੌਲ ਦੇਖਣ ਨੂੰ ਮਿਲਿਆ। ਮੰਤਰੀ ਵਿਜ ਅਨਿਲ ਵਿਜ ਜਾਇਜ਼ਾ ਲੈਣ ਲਈ ਟਾਂਗਰੀ ਖੇਤਰ ਪਹੁੰਚੇ। ਵਿਜ ਨੇ ਕਿਹਾ ਕਿ ਬਰਵਾਲਾ ਦੇ ਨੇੜੇ ਲਗਭਗ 30 ਹਜ਼ਾਰ ਕਿਊਸਿਕ ਪਾਣੀ ਲੰਘ ਗਿਆ ਹੈ ਅਤੇ ਸਾਵਧਾਨੀ ਵਜੋਂ ਪ੍ਰਸ਼ਾਸਨ ਅਲਰਟ ਉਤੇ ਹੈ। ਵਿਜ ਨੇ ਕਿਹਾ ਕਿ ਉਹ ਖੁਦ ਇਲਾਕੇ ਵਿੱਚ ਗਏ ਹਨ।
ਪੰਚਕੂਲਾ ਵਿੱਚ ਜ਼ਮੀਨ ਖਿਸਕਣ ਕਾਰਨ ਮੋਰਨੀ ਵਿੱਚ ਅਸਰ
ਲਗਾਤਾਰ ਭਾਰੀ ਬਾਰਿਸ਼ ਕਾਰਨ ਪੰਚਕੂਲਾ ਜ਼ਿਲ੍ਹੇ ਦੇ ਮੋਰਨੀ ਖੇਤਰ ਵਿੱਚ ਜਨਜੀਵਨ ਪ੍ਰਭਾਵਿਤ ਹੋਇਆ ਹੈ। ਖੇੜਾ ਬਗਦਾ ਤੋਂ ਪਾਰ ਮੋਰਨੀ ਵੱਲ ਜਾਣ ਵਾਲੀ ਸੜਕ ਦਾ ਇੱਕ ਹਿੱਸਾ ਧੱਸ ਗਿਆ, ਜਿਸ ਕਾਰਨ ਰਸਤਾ ਪੂਰੀ ਤਰ੍ਹਾਂ ਬੰਦ ਹੋ ਗਿਆ। ਪ੍ਰਸ਼ਾਸਨ ਨੇ ਮੌਕੇ ‘ਤੇ ਜੇਸੀਬੀ ਲਗਾ ਕੇ ਸੜਕ ਨੂੰ ਬਹਾਲ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ।