ਔਰਤਾਂ ਸੁਰੱਖਿਆ ਬਾਰੇ ਜਾਰੀ ਹੋਈ ਇਕ ਰਿਪੋਰਟ ਵਿਚ ਹੋਇਆ ਪ੍ਰਗਟਾਵਾ !


ਮੁੰਬਈ, 29 ਅਗਸਤ (ਨਿਊਜ਼ ਟਾਊਨ ਨੈਟਵਰਕ) :
ਦੇਸ਼ ਵਿਚ ਕੋਹਿਮਾ, ਵਿਸ਼ਾਖਾਪਟਨਮ, ਭੁਵਨੇਸ਼ਵਰ, ਆਈਜ਼ੋਲ, ਗੰਗਟੋਕ, ਈਟਾਨਗਰ ਅਤੇ ਮੁੰਬਈ ਔਰਤਾਂ ਲਈ ਸਭ ਤੋਂ ਸੁਰੱਖਿਅਤ ਸ਼ਹਿਰ ਹਨ ਜਦਕਿ ਪਟਨਾ, ਜੈਪੁਰ, ਫ਼ਰੀਦਾਬਾਦ, ਦਿੱਲੀ, ਕੋਲਕਾਤਾ, ਸ੍ਰੀਨਗਰ ਅਤੇ ਰਾਂਚੀ ਔਰਤਾਂ ਲਈ ਸਭ ਤੋਂ ਘੱਟ ਸੁਰੱਖਿਅਤ ਸ਼ਹਿਰ ਹਨ। ਇਹ ਜਾਣਕਾਰੀ ਰਾਸ਼ਟਰੀ ਸਾਲਾਨਾ ਰਿਪੋਰਟ ਅਤੇ ਮਹਿਲਾ ਸੁਰੱਖਿਆ ਸੂਚਕਾਂਕ (NARI) 2025 ਵਿਚ ਸਾਹਮਣੇ ਆਈ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕੋਹਿਮਾ ਅਤੇ ਹੋਰ ਸਭ ਤੋਂ ਸੁਰੱਖਿਅਤ ਸ਼ਹਿਰਾਂ ਵਿਚ ਔਰਤਾਂ ਦੀ ਸਮਾਨਤਾ, ਨਾਗਰਿਕ ਭਾਗੀਦਾਰੀ, ਬਿਹਤਰ ਪੁਲਿਸਿੰਗ ਅਤੇ ਔਰਤਾਂ-ਅਨੁਕੂਲ ਬੁਨਿਆਦੀ ਢਾਂਚਾ ਵਧੇਰੇ ਹੈ। ਹਾਲਾਂਕਿ ਪਟਨਾ ਅਤੇ ਜੈਪੁਰ ਵਰਗੇ ਸ਼ਹਿਰਾਂ ਵਿਚ ਸਥਿਤੀ ਬਿਲਕੁਲ ਉਲਟ ਹੈ। ਇਹ ਸਰਵੇਖਣ 31 ਸ਼ਹਿਰਾਂ ਦੀਆਂ 12,770 ਔਰਤਾਂ ‘ਤੇ ਕੀਤਾ ਗਿਆ ਸੀ। ਰਾਸ਼ਟਰੀ ਮਹਿਲਾ ਕਮਿਸ਼ਨ (NMC) ਦੀ ਚੇਅਰਪਰਸਨ ਵਿਜਿਆ ਰਹਿਤਕਰ ਨੇ ਆਪਣੀ ਇਹ ਰਿਪੋਰਟ ਜਾਰੀ ਕੀਤੀ ਹੈ। ਸਰਵੇਖਣ ਵਿਚ ਸ਼ਾਮਲ 10 ਵਿਚੋਂ 6 ਔਰਤਾਂ ਨੇ ਕਿਹਾ ਕਿ ਉਹ ਆਪਣੇ ਸ਼ਹਿਰ ਵਿਚ ਸੁਰੱਖਿਅਤ ਮਹਿਸੂਸ ਕਰਦੀਆਂ ਹਨ ਜਦਕਿ 40 ਫ਼ੀ ਸਦੀ ਇਸ ਨੂੰ ‘ਬਹੁਤ ਸੁਰੱਖਿਅਤ ਨਹੀਂ’ ਜਾਂ ‘ਅਸੁਰੱਖਿਅਤ’ ਮੰਨਦੀਆਂ ਹਨ। ਔਰਤਾਂ ਜਨਤਕ ਆਵਾਜਾਈ ਅਤੇ ਰਾਤ ਨੂੰ ਘੁੰਮਣ-ਫਿਰਨ ਵਾਲੀਆਂ ਥਾਵਾਂ ‘ਤੇ ਘੱਟ ਸੁਰੱਖਿਅਤ ਮਹਿਸੂਸ ਕਰਦੀਆਂ ਹਨ। ਵਿਦਿਅਕ ਸੰਸਥਾਵਾਂ ਵਿਚ 86 ਫ਼ੀ ਸਦੀ ਔਰਤਾਂ ਸਿਰਫ਼ ਦਿਨ ਵੇਲੇ ਹੀ ਸੁਰੱਖਿਅਤ ਮਹਿਸੂਸ ਕਰਦੀਆਂ ਹਨ। ਰਾਤ ਨੂੰ ਜਾਂ ਕੈਂਪਸ ਦੇ ਬਾਹਰ ਸੁਰੱਖਿਆ ਦੀ ਭਾਵਨਾ ਕਾਫ਼ੀ ਘੱਟ ਜਾਂਦੀ ਹੈ। ਲਗਭਗ 91 ਫ਼ੀ ਸਦੀ ਔਰਤਾਂ ਕੰਮ ਵਾਲੀ ਥਾਂ ‘ਤੇ ਸੁਰੱਖਿਅਤ ਮਹਿਸੂਸ ਕਰਦੀਆਂ ਹਨ।