ਮਾਲੇਰਕੋਟਲਾ ‘ਚ ਅਵਾਰਾ ਕੁੱਤਿਆਂ ਨੇ 14 ਬੱਕਰੀਆਂ ਨੂੰ ਨੋਚ-ਨੋਚ ਕੇ ਮਾਰਿਆ


ਡੀ.ਸੀ. ਤੋਂ 5 ਲੱਖ 60 ਹਜ਼ਾਰ ਰੁਪਏ ਦੇ ਮੁਆਵਜ਼ਾ ਦੇਣ ਦੀ ਮੰਗ
ਕੁੱਤਿਆਂ ਦੇ ਝੂੰਡਾਂ ਨੇ ਸਕੂਲ ਜਾਣ ਵਾਲੇ ਬੱਚਿਆਂ ਤੇ ਬਜ਼ੁਰਗਾਂ ਦਾ ਲੰਘਣਾ ਕੀਤਾ ਔਖਾ
ਮਾਲੇਰਕੋਟਲਾ, 28 ਅਗਸਤ (ਮੁਨਸ਼ੀ ਫ਼ਾਰੂਕ) : ਮਾਲੇਰਕੋਟਲਾ ਦੇ ਵਾਰਡ ਨੰਬਰ 5, ਰਾਜਿੰਦਰ ਨਗਰ ਦੇ ਗੁਰਪ੍ਰੀਤ ਸਿੰਘ ਪੁੱਤਰ ਸਿੰਦਰ ਸਿੰਘ ਨੇ ਡਿਪਟੀ ਕਮਿਸ਼ਨਰ ਮਾਲੇਰਕੋਟਲਾ ਨੂੰ ਦਰਖਾਸਤ ਦੇ ਕੇ ਮੰਗ ਕੀਤੀ ਹੈ ਕਿ ਅਵਾਰਾ ਤੇ ਖੂੰਖਾਰ ਕੁੱਤਿਆਂ ਨੇ ਦਰਜਨ ਤੋਂ ਵੱਧ ਬਕਰੀਆਂ ਨੂੰ ਨੋਚ-ਨੋਚ ਕੇ ਮਾਰ ਦਿਤਾ ਹੈ, ਜਿਸ ਦੇ ਮੁਆਵਜ਼ੇ ਵਜੋਂ ਪ੍ਰਸ਼ਾਸਨ ਵਲੋਂ ਉਸਨੂੰ 5,60,000 ਰੁਪਏ ਦਿਤੇ ਜਾਣ। ਗੁਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਬਕਰੀਆਂ ਪਾਲਦਾ ਹੈ ਤੇ ਇਹਨਾਂ ਦਾ ਦੁੱਧ ਵੇਚ ਕੇ ਆਪਣੇ ਪਰਿਵਾਰ ਦਾ ਢਿੱਡ ਭਰਦਾ ਹੈ। ਗੁਰਪ੍ਰੀਤ ਸਿੰਘ ਮੁਤਾਬਕ ਉਹ ਅੱਜ ਸਵੇਰੇ ਕਰੀਬ ਸਾਢੇ 12 ਵਜੇ ਬਕਰੀਆਂ ਵਾਲੇ ਮਕਾਨ ਵਿਚ ਗਿਆ ਤਾਂ ਉਥੇ ਅਵਾਰਾ ਕੁੱਤਿਆਂ ਨੇ ਉਸਦੀਆਂ 14 ਬਕਰੀਆਂ ਨੂੰ ਪਾੜ ਕੇ ਮਾਰ ਦਿਤਾ ਸੀ। ਇਕ ਬੱਕਰੀ ਦੀ ਕੀਮਤ 40 ਹਜ਼ਾਰ ਰੁਪਏ ਹੈ, ਕੁੱਲ ਕੀਮਤ 5,60,000 ਰੁਪਏ ਦਾ ਨੁਕਸਾਨ ਹੋਇਆ ਹੈ, ਜਿਸ ਲਈ ਉਸ ਨੂੰ ਮੁਆਵਜ਼ਾ ਦਿਤਾ ਜਾਵੇ। ਇਥੇ ਇਹ ਗੱਲ ਵੀ ਦੱਸਣਯੋਗ ਹੈ ਕਿ ਨਗਰ ਕੌਂਸਲ ਵਲੋਂ ਕੁੱਤਿਆਂ ਨੂੰ ਖੱਸੀ ਕੀਤਾ ਜਾਂਦਾ ਹੈ ਪਰ ਸ਼ਹਿਰ ਦੇ ਵਿਚ ਤੇ ਸ਼ਹਿਰ ਦੇ ਬਾਹਰਲੇ ਪਾਸੇ ਕੁੱਤਿਆਂ ਦੇ ਝੂੰਡਾਂ ਨੇ ਸਕੂਲ ਜਾਣ ਵਾਲੇ ਬੱਚਿਆਂ ਤੇ ਬਜ਼ੁਰਗਾਂ ਨੂੰ ਲੰਘਣਾ ਔਖਾ ਕੀਤਾ ਹੋਇਆ ਹੈ।ਪਰ ਜਦੋਂ ਵੀ ਨਗਰ ਕੌਂਸਲ ਦੇ ਅਧਿਕਾਰੀਆਂ ਜਾਂ ਜ਼ਿਲ੍ਹਾ ਪ੍ਰਸ਼ਾਸਨ ਨਾਲ ਸੰਪਰਕ ਕੀਤਾ ਜਾਂਦਾ ਹੈ ਤਾਂ ਉਹਨਾਂ ਦਾ ਇਕੋ ਜਵਾਬ ਹੁੰਦਾ ਹੈ ਕਿ ਟੈਂਡਰ ਕਰ ਦਿਤਾ ਹੈ, ਛੇਤੀ ਹੀ ਇਸ ਦਾ ਹੱਲ ਹੋ ਜਾਵੇਗਾ । ਚਰਚਾ ਤਾਂ ਸ਼ਹਿਰ ਵਿਚ ਇਹ ਵੀ ਹੈ ਕਿ ਕਾਗਜ਼ਾਂ ਵਿਚ ਤਾਂ ਲੱਖਾਂ ਰੁਪਏ ਦੇ ਖਰਚੇ ਇਹਨਾਂ ਅਵਾਰਾ ਕੁੱਤਿਆਂ ਨੂੰ ਖੱਸੀ ਕਰਨ ਦੇ ਪਾ ਦਿਤੇ ਗਏ ਹਨ। ਜਦੋਂ ਇਸ ਸਬੰਧੀ ਨਗਰ ਕੌਂਸਲ ਦੇ ਸਬੰਧਤ ਬਰਾਂਚ ਅਫ਼ਸਰ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਮੈਂ ਕੱਲ ਹੀ ਆਇਆ ਹਾਂ ਰਿਕਾਰਡ ਵੇਖ ਕੇ ਹੀ ਦੱਸ ਸਕਦਾ ਹਾਂ ਕਿ ਟੈਂਡਰ ਹੋਇਆ ਹੈ ਜਾਂ ਨਹੀਂ।