ਛੱਠ ਪੂਜਾ ਦੌਰਾਨ ਅੰਮ੍ਰਿਤਸਰ-ਦਰਭੰਗਾ ਵਿਚਕਾਰ ਚੱਲੇਗੀ ‘ਪੂਜਾ ਸਪੈਸ਼ਲ ਟ੍ਰੇਨ’ !


ਅੰਮ੍ਰਿਤਸਰ, 26 ਅਗਸਤ (ਨਿਊਜ਼ ਟਾਊਨ ਨੈਟਵਰਕ)
ਭਾਰਤੀ ਰੇਲਵੇ ਨੇ ‘ਛੱਠ’ ਤਿਉਹਾਰ ਦੌਰਾਨ ਪੰਜਾਬ ਤੋਂ ਬਿਹਾਰ ਵਾਪਸ ਜਾਣ ਵਾਲੇ ਪਰਵਾਸੀਆਂ ਦੀ ਭਾਰੀ ਭੀੜ ਨੂੰ ਦੇਖਦੇ ਹੋਏ ਵਿਸ਼ੇਸ਼ ਤਿਆਰੀਆਂ ਕੀਤੀਆਂ ਹਨ। ਰੇਲਵੇ ਨੇ ਅੰਮ੍ਰਿਤਸਰ ਅਤੇ ਦਰਭੰਗਾ ਵਿਚਕਾਰ ‘ਪੂਜਾ ਸਪੈਸ਼ਲ ਟ੍ਰੇਨ’ ਚਲਾਉਣ ਦਾ ਫ਼ੈਸਲਾ ਕੀਤਾ ਹੈ। ਰੇਲਵੇ ਨੇ ਇਹ ਫੈਸਲਾ ਪੰਜਾਬ, ਹਰਿਆਣਾ ਅਤੇ ਉੱਤਰੀ ਭਾਰਤ ਦੇ ਵੱਖ-ਵੱਖ ਸ਼ਹਿਰਾਂ ਵਿਚ ਕੰਮ ਕਰਨ ਵਾਲੇ ਲੱਖਾਂ ਪਰਵਾਸੀਆਂ ਦੇ ਮੱਦੇਨਜ਼ਰ ਲਿਆ ਹੈ, ਜੋ ਛੱਠ ਦੇ ਮੌਕੇ ‘ਤੇ ਆਪਣੇ ਘਰਾਂ ਨੂੰ ਪਰਤਦੇ ਹਨ, ਜਿਸ ਕਾਰਨ ਆਮ ਟ੍ਰੇਨਾਂ ਵਿਚ ਸੀਟ ਪ੍ਰਾਪਤ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਯਾਤਰੀਆਂ ਦੀ ਇਸ ਸਮੱਸਿਆ ਨੂੰ ਦੇਖਦੇ ਹੋਏ, ਰੇਲਵੇ ਨੇ ਅੰਮ੍ਰਿਤਸਰ-ਦਰਭੰਗਾ ਸਪੈਸ਼ਲ ਟ੍ਰੇਨ ਦਾ ਸੰਚਾਲਨ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਹ ਟ੍ਰੇਨ ਦਰਭੰਗਾ ਪਹੁੰਚਣ ਤੋਂ ਪਹਿਲਾਂ ਸਮਸਤੀਪੁਰ, ਮੁਜ਼ੱਫਰਪੁਰ, ਹਾਜੀਪੁਰ ਅਤੇ ਛਪਰਾ ਵਰਗੇ ਪ੍ਰਮੁੱਖ ਸਟੇਸ਼ਨਾਂ ਤੋਂ ਵੀ ਲੰਘੇਗੀ, ਜਿਸ ਨਾਲ ਬਿਹਾਰ ਦੇ ਇੱਕ ਵੱਡੇ ਹਿੱਸੇ ਦੇ ਯਾਤਰੀਆਂ ਨੂੰ ਰਾਹਤ ਮਿਲੇਗੀ। ਅੰਮ੍ਰਿਤਸਰ ਤੋਂ ਰਵਾਨਾ ਹੋਣ ਤੋਂ ਬਾਅਦ, ਇਹ ਟ੍ਰੇਨ ਜਲੰਧਰ, ਲੁਧਿਆਣਾ, ਅੰਬਾਲਾ, ਸਹਾਰਨਪੁਰ, ਮੁਰਾਦਾਬਾਦ, ਲਖਨਊ ਅਤੇ ਗੋਰਖਪੁਰ ਹੁੰਦੇ ਹੋਏ ਬਿਹਾਰ ਪਹੁੰਚੇਗੀ। ਜਦੋਂ ਕਿ ਦਰਭੰਗਾ ਤੋਂ ਰਵਾਨਾ ਹੋਣ ਤੋਂ ਬਾਅਦ, ਇਹ ਟ੍ਰੇਨ ਸਮਸਤੀਪੁਰ, ਮੁਜ਼ੱਫਰਪੁਰ, ਹਾਜੀਪੁਰ ਅਤੇ ਛਪਰਾ ਹੁੰਦੇ ਹੋਏ ਅੰਮ੍ਰਿਤਸਰ ਪਹੁੰਚੇਗੀ। ਅੰਮ੍ਰਿਤਸਰ-ਦਰਭੰਗਾ ਰੇਲ ਦੀ ਜੋ ਸਮਾਂ-ਸਾਰਨੀ ਜਾਰੀ ਕੀਤੀ ਗਈ ਹੈ, ਉਸ ਮੁਤਾਬਕ ਟ੍ਰੇਨ ਨੰਬਰ 04610-22 ਸਤੰਬਰ ਤੋਂ 28 ਨਵੰਬਰ ਤਕ ਹਰ ਸੋਮਵਾਰ, ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਅੰਮ੍ਰਿਤਸਰ ਤੋਂ ਚੱਲੇਗੀ। ਟ੍ਰੇਨ ਨੰਬਰ 04609-24 ਸਤੰਬਰ ਤੋਂ 30 ਨਵੰਬਰ ਤਕ ਹਰ ਬੁੱਧਵਾਰ, ਐਤਵਾਰ ਅਤੇ ਸੋਮਵਾਰ ਨੂੰ ਦਰਭੰਗਾ ਤੋਂ ਰਵਾਨਾ ਹੋਵੇਗੀ।