ਸੰਪਾਦਕੀ : ਜਸਵਿੰਦਰ ਭੱਲਾ ਦੇ ਯੋਗਦਾਨ ਨੂੰ ਪੰਜਾਬੀ ਸਿਨੇਮਾ ਕਦੇ ਭੁਲਾ ਨਹੀਂ ਸਕੇਗਾ


ਜਸਵਿੰਦਰ ਸਿੰਘ ਭੱਲਾ ਅੱਜ ਇਸ ਫ਼ਾਨੀ ਦੁਨੀਆਂ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਏ ਹਨ। ਸਿਰਫ਼ 65 ਸਾਲ ਦੀ ਉਮਰ ਵਿਚ ਉਨ੍ਹਾਂ ਦੇ ਰੁਖ਼ਸਤ ਹੋਣ ਨਾਲ ਨਾ ਸਿਰਫ਼ ਪੰਜਾਬੀ ਫ਼ਿਲਮ ਜਗਤ ਗ਼ਮ ਵਿਚ ਡੁੱਬਿਆ ਹੋਇਆ ਹੈ ਬਲਕਿ ਸਿਆਸੀ ਪਾਰਟੀਆਂ ਅਤੇ ਸਮਾਜ ਸੇਵੀ ਜਥੇਬੰਦੀਆਂ ਨੇ ਵੀ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ। ਅੱਜ ਸਵੇਰੇ ਹੀ ਜਦ ਜਸਵਿੰਦਰ ਭੱਲਾ ਦੇ ਵਿਛੋੜੇ ਦੀ ਖ਼ਬਰ ਆਈ ਤਾਂ ਸਮੁੱਚਾ ਪੰਜਾਬੀ ਜਗਤ ਗਹਿਰੇ ਸਦਮੇ ਵਿਚ ਡੁੱਬ ਗਿਆ। ਜਸਵਿੰਦਰ ਭੱਲਾ ਅਜਿਹਾ ਪੰਜਾਬੀ ਹਾਸਰਸ ਕਲਾਕਾਰ ਸੀ ਜਿਸ ਤੋਂ ਬਿਨਾਂ ਪੰਜਾਬੀ ਫ਼ਿਲਮ ਦਾ ਤਸੱਵੁਰ ਕਰਨਾ ਮੁਮਕਿਨ ਨਹੀਂ ਸੀ। ਜਿਹੜੀ ਵੀ ਪੰਜਾਬੀ ਫ਼ਿਲਮ ਦੇ ਪੋਸਟ ਉਪਰ ਜਸਵਿੰਦਰ ਭੱਲਾ ਦੀ ਤਸਵੀਰ ਹੁੰਦੀ, ਦਰਸ਼ਕ ਬਿਨਾਂ ਹਿਚਕਚਾਏ ਸਿਨੇਮਾ-ਘਰ ਵਿਚ ਦਾਖ਼ਲ ਹੋ ਜਾਂਦਾ। ਜਸਵਿੰਦਰ ਸਿੰਘ ਭੱਲਾ ਇਕ ਅਜਿਹਾ ਕਲਾਕਾਰ ਸੀ ਕਿ ਸਕਰੀਨ ਉਤੇ ਆਉਂਦਿਆਂ ਹੀ ਦਰਸ਼ਕਾਂ ਦਾ ਹਾਸਾ ਅਰੰਭ ਹੋ ਜਾਂਦਾ। ਹਾਲਾਂਕਿ ਉਸ ਨੇ ਛਣਕਾਟਾ ਨਾਮ ਦੀਆਂ ਕੈਸਿਟਾਂ ਤੋਂ ਕਾਮੇਡੀ ਸ਼ੁਰੂ ਕੀਤੀ ਪਰ ਫ਼ਿਲਮਾਂ ਵਿਚ ਆਉਣ ਤੋਂ ਬਾਅਦ ਉਸ ਨੇ ਜ਼ੋਰਦਾਰ ਪ੍ਰਸਿੱਧੀ ਹਾਸਲ ਕੀਤੀ। ਜਿਸ ਤਰ੍ਹਾਂ ਪੁਰਾਣੀਆਂ ਹਿੰਦੀ ਫ਼ਿਲਮਾਂ ਦੀ ਮਹਿਮੂਦ ਜਾਂ ਰਾਜਿੰਦਰ ਪ੍ਰਸਾਦ ਤੋਂ ਬਿਨਾਂ ਕਲਪਨਾ ਨਹੀਂ ਕੀਤੀ ਜਾ ਸਕਦੀ ਸੀ, ਉਸੇ ਤਰ੍ਹਾਂ ਹਰ ਪੰਜਾਬੀ ਡਾਇਰੈਕਟਰ ਅਤੇ ਪ੍ਰੋਡਿਊਸਰ ਅਪਣੀ ਫ਼ਿਲਮ ਨੂੰ ਸਫ਼ਲ ਬਣਾਉਣ ਲਈ ਜਸਵਿੰਦਰ ਸਿੰਘ ਭੱਲਾ ਵੱਲ ਦੌੜਦਾ ਰਿਹਾ ਹੈ। ਜਸਵਿੰਦਰ ਭੱਲਾ ਨੇ ਕੈਰੀਔਨ ਜੱਟਾ ਵਿਚ ਬੀਨੂੰ ਢਿੱਲੋਂ ਨਾਲ ਮਿਲ ਕੇ ਕਾਮੇਡੀ ਦਾ ਇਕ ਅਜਿਹਾ ਸਮਾਂ ਸਮਾਂ ਬੰਨ੍ਹਿਆ ਕਿ ਫ਼ਿਲਮ ਪੈਸਾ ਕਮਾਉਣ ਦੇ ਮਾਮਲੇ ਵਿਚ ਨਾ ਸਿਰਫ਼ ਭਾਰਤ ਵਿਚ ਰਿਕਾਰਡ ਤੋੜ ਗਈ ਬਲਕਿ ਪਾਕਿਸਤਾਨ ਵਿਚ ਵੀ ਫ਼ਿਲਮ ਨੇ ਕਮਾਈ ਦੇ ਮਾਮਲੇ ਵਿਚ ਕੀਰਤੀਮਾਨ ਸਥਾਪਤ ਕੀਤਾ। ਜਸਵਿੰਦਰ ਭੱਲਾ ਦੇ ਦਿਹਾਂਤ ਕਾਰਨ ਭਾਰਤੀ ਅਤੇ ਪਾਕਿਸਤਾਨੀ ਪੰਜਾਬੀਆਂ ਦੇ ਨਾਲ-ਨਾਲ ਅਮਰੀਕਾ, ਕੈਨੇਡਾ, ਇੰਗਲੈਂਡ ਅਤੇ ਆਸਟਰੇਲੀਆ ਵਰਗੇ ਮੁਲਕਾਂ ਵਿਚ ਰਹਿੰਦੇ ਪੰਜਾਬੀ ਵੀ ਅਪਣੀ ਉਦਾਸੀ ਜ਼ਾਹਰ ਕਰ ਰਹੇ ਹਨ। ਜਸਵਿੰਦਰ ਭੱਲਾ ਨੇ ਪੰਜਾਬੀ ਕਾਮੇਡੀ ਅਤੇ ਪੰਜਾਬੀ ਸ਼ਬਦਾਵਲੀ ਨੂੰ ਅੰਬਰਾਂ ਜਿੰਨੀ ਉਂਚਾਈ ਬਖ਼ਸ਼ੀ ਹੈ। ਪੰਜਾਬ ਦੇ ਪਿੰਡਾਂ ਅਤੇ ਕਸਬਿਆਂ ਵਿਚ ਬੋਲੀ ਜਾਂਦੀ ਪੰਜਾਬੀ ਨੂੰ ਆਧੁਨਿਕ ਸ਼ਹਿਰੀਕਰਨ ਦਾ ਤੜਕਾ ਲਗਾ ਕੇ ਜਸਵਿੰਦਰ ਸਿੰਘ ਭੱਲਾ ਨੇ ਦਰਸ਼ਕਾਂ ਸਾਹਮਣੇ ਅਜਿਹਾ ਢੰਗ ਨਾਲ ਪਰੋਸਿਆ ਕਿ ਪੰਜਾਬੀ ਦਰਸ਼ਕਾਂ ਦੀਆਂ ਅੱਖਾਂ ਖੁੱਲ੍ਹੀਆਂ ਦੀਆਂ ਖੁੱਲ੍ਹੀਆਂ ਰਹਿ ਗਈਆਂ। ਗ਼ਰੀਬੀ ਰੇਖਾ ਤੋਂ ਹੇਠਾਂ, ਮੱਧ ਵਰਗ ਅਤੇ ਉੱਚ ਪੱਧਰ ਦੀ ਜ਼ਿੰਦਗੀ ਗੁਜ਼ਾਰ ਰਹੇ ਲੋਕਾਂ ਦੀ ਜ਼ਿੰਦਗੀ ਵਿਚਲੀਆਂ ਘਟਨਾਵਾਂ ਨੂੰ ਜਸਵਿੰਦਰ ਸਿੰਘ ਭੱਲਾ ਨੇ ਅਜਿਹੇ ਰੂਪ ਵਿਚ ਪੇਸ਼ ਕੀਤਾ ਕਿ ਅਨਪੜ੍ਹ ਤੋਂ ਲੈ ਕੇ ਪੀ.ਐਚ.ਡੀ. ਪ੍ਰਾਪਤ ਵਿਅਕਤੀ ਗਦ-ਗਦ ਹੋ ਉੱਠਿਆ ਅਤੇ ਸਿਨੇਮਾ-ਘਰਾਂ ਵਿਚ ਢਾਹਕੇ ਮਾਰਨ ਤੋਂ ਬਿਨਾਂ ਨਾ ਰਹਿ ਸਕਿਆ। ਜਸਵਿੰਦਰ ਸਿੰਘ ਭੱਲਾ ਹਾਲਾਂਕਿ ਉੱਚ ਵਿਦਿਆ ਪ੍ਰਾਪਤ ਪ੍ਰੋਫ਼ੈਸਰ ਸਨ ਪਰ ਉਨ੍ਹਾਂ ਨੇ ਅਪਣੀ ਭਾਸ਼ਾ ਨੂੰ ਹੇਠਾਂ ਤੋਂ ਲੈ ਕੇ ਉਪਰਲੇ ਤਬਕੇ ਤਕ ਫੈਲਾਇਆ ਹੋਇਆ ਸੀ। ਜਿਹੜੀਆਂ ਅਖੌਤਾਂ, ਜਿਹੜੇ ਮੁਹਾਵਰੇ ਉਹ ਅਪਣੀ ਵਾਰਤਾਲਾਪ ਦੌਰਾਨ ਵਰਤਦੇ ਰਹੇ, ਉਹ ਕਿਤਾਬੀ ਵੀ ਸਨ ਤੇ ਬੋਲਚਾਲ ਦੀ ਭਾਸ਼ਾ ਵਿਚੋਂ ਵੀ ਲਏ ਗਏ ਸਨ। ਪੰਜਾਬੀ ਫ਼ਿਲਮਾਂ ਦੇ ਹਿਦਾਇਤਕਾਰਾਂ ਨੇ ਕਈ ਬਾਰ ਦੱਸਿਆ ਹੈ ਕਿ ਜਸਵਿੰਦਰ ਭੱਲਾ ਅਪਣੇ ਡਾਇਲਾਗ ਆਪ ਲਿਖਦੇ ਸਨ। ਕਾਮੇਡੀ ਸਮੇਂ ਡਾਇਲਾਗ ਡਿਲਿਵਰੀ ਦਾ ਸਮਾਂ ਅਤੇ ਚਿਹਰੇ ਦੀ ਬਨਾਵਟ ਬਣਾਉਣ ਵਿਚ ਜਸਵਿੰਦਰ ਭੱਲਾ ਦਾ ਮੁਕਾਬਲਾ ਕਿਸੇ ਵੀ ਭਾਸ਼ਾ ਦਾ ਕਾਮੇਡੀਅਨ ਨਹੀਂ ਕਰ ਸਕਦਾ। ਮਰਹੂਮ ਜਸਪਾਲ ਭੱਟੀ ਤੋਂ ਲੈ ਕੇ ਗਿੱਪੀ ਗਰੇਵਾਲ ਤੇ ਦਲਜੀਤ ਦੋਸਾਂਝ ਨੂੰ ਕਾਮੇਡੀ ਵਿਚ ਟੱਕਰ ਦੇਣ ਵਾਲਾ ਜਸਵਿੰਦਰ ਭੱਲਾ ਸਾਧਾਰਣ ਤੋਂ ਸਾਧਾਰਣ ਸੀਨ ਵਿਚ ਵੀ ਅਜਿਹੀ ਰੂਹ ਫੂਕਦਾ ਸੀ ਕਿ ਦਰਸ਼ਕ ਤਾਰੀਫ਼ ਕੀਤੇ ਬਿਨਾਂ ਨਹੀਂ ਰਹਿ ਸਕਦਾ ਸੀ। ਜਸਵਿੰਦਰ ਭੱਲਾ ਚਾਚਾ ਚਤਰਾ ਦੇ ਉਪ ਨਾਮ ਨਾਲ ਵੀ ਮਸ਼ਹੂਰ ਹੋਇਆ। ਉਸ ਦੇ ਢਿੱਲੋਂ ਨੇ ਕਾਲਾ ਕੋਟ ਐਵੀਂ ਨਹੀਂ ਪਾਇਆ, ਗੰਦੀ ਔਲਾਦ ਨਾ ਮਜ਼ਾ ਨਾ ਸੁਆਦ, ਜੇ ਚੰਡੀਗੜ੍ਹ ਢਹਿ ਜੂ ਤਾਂ ਪਿੰਡਾਂ ਵਰਗਾ ਤਾਂ ਰਹਿ ਜੂ, ਸਹੇਲੀ ਤੇ ਹਵੇਲੀ ਏਨੀ ਛੇਤੀ ਨਹੀਂ ਬਣਦੀ ਵਰਗੇ ਡਾਇਲਾਗ ਹਮੇਸ਼ਾ ਕੰਨਾਂ ਵਿਚ ਗੂੰਝਦੇ ਰਹਿਣਗੇ। ਜਸਵਿੰਦਰ ਸਿੰਘ ਭੱਲਾ ਨੇ ਸਮੇਂ-ਸਮੇਂ ਉਤੇ ਅਪਣੀ ਕਾਮੇਡੀ ਰਾਹੀਂ ਵਕਤ ਦੀਆਂ ਸਰਕਾਰਾਂ ਨੂੰ ਵੀ ਹਲੂਣੇ ਦਿਤੇ ਅਤੇ ਅਸਫ਼ਲ ਸਰਕਾਰੀ ਨਿਜ਼ਾਮ ਦੀਆਂ ਖ਼ੂਬ ਟਕੋਰਾਂ ਕੀਤੀਆਂ ਜਿਸ ਨਾਲ ਸਰਕਾਰਾਂ ਹਿੱਲੀਆਂ ਵੀ ਅਤੇ ਡਿੱਗੀਆਂ ਵੀ। ਇਸ ਕਾਰਨ ਉਨ੍ਹਾਂ ਨੂੰ ਕਈ ਬਾਰ ਸਰਕਾਰੀ ਜਬਰ ਦਾ ਸ਼ਿਕਾਰ ਵੀ ਹੋਣਾ ਪਿਆ। ਅਸੀਂ ਜਸਵਿੰਦਰ ਭੱਲਾ ਦੀ ਕਾਬਲੀਅਤ, ਸਮਝਦਾਰੀ, ਕਾਲਕਾਰੀ, ਅਦਾਕਾਰੀ ਅਤੇ ਵਿਅੰਗਮਈ ਸ਼ੈਲੀ ਨੂੰ ਨਮਨ ਕਰਦੇ ਹਾਂ ਅਤੇ ਅਪਣੀ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਾਂ।
ਮੁੱਖ ਸੰਪਾਦਕ