ਪੰਜਾਬ ਲਈ ਨਵੀਂ ਮੁਸੀਬਤ ! 22 ਤੋਂ 25 ਅਗਸਤ ਤੱਕ ਭਾਰੀ ਮੀਂਹ, ਇਨ੍ਹਾਂ ਜ਼ਿਲ੍ਹਿਆਂ ਲਈ ਅਲਰਟ…

0
14_08_2025-whatsapp_image_2025-08-14_at_2.49.11_pm_1_9518517

ਪੰਜਾਬ, 22  ਅਗਸਤ  ( ਨਿਊਜ਼ ਟਾਊਨ ਨੈੱਟਵਰਕ ) :

ਪੰਜਾਬ ਵਿਚ ਅਗਲੇ 3 ਦਿਨ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ। ਮੌਸਮ ਵਿਭਾਗ ਨੇ ਇਸ ਸਬੰਧੀ ਅਲਰਟ ਵੀ ਜਾਰੀ ਕੀਤਾ ਹੈ। ਪੰਜਾਬ ਸਿਰ ਹੜ੍ਹ ਦਾ ਸੰਕਟ ਹਾਲੇ ਟਲਦਾ ਦਿਖਾਈ ਨਹੀਂ ਦੇ ਰਿਹਾ, ਉਧਰ ਸੂਬੇ ਵਿੱਚ 22 ਤੋਂ 25 ਅਗਸਤ ਤੱਕ ਮੀਂਹ ਪੈਣ ਨਾਲ ਲੋਕਾਂ ਦੀਆਂ ਮੁਸ਼ਕਲਾਂ ਹੋਰ ਵਧ ਸਕਦੀਆਂ ਹਨ। ਮੌਸਮ ਵਿਭਾਗ ਨੇ ਪੰਜਾਬ ਵਿੱਚ ਅਗਲੇ 3 ਦਿਨ ਦਰਮਿਆਨੇ ਤੇ ਭਾਰੀ ਮੀਂਹ ਦੀ ਪੇਸ਼ੀਨਗੋਈ ਕੀਤੀ ਹੈ।

ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ 23 ਅਗਸਤ ਨੂੰ ਪੰਜਾਬ ਵਿਚ ਭਾਰੀ ਮੀਂਹ ਪੈ ਸਕਦਾ ਹੈ, ਜਿਸ ਲਈ ਮੌਸਮ ਵਿਭਾਗ ਨੇ ਓਰੈਂਜ ਅਲਰਟ ਜਾਰੀ ਕੀਤਾ ਹੈ। ਇਸ ਦੇ ਨਾਲ ਹੀ 22, 24 ਤੇ 25 ਅਗਸਤ ਨੂੰ ਕਈ ਥਾਵਾਂ ’ਤੇ ਹਲਕਾ ਅਤੇ ਮੱਧਮ ਮੀਂਹ ਪੈਣ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਮੀਂਹ ਸਰਹੱਦੀ ਖੇਤਰ ਵਿੱਚ ਜ਼ਿਆਦਾ ਪੈਣ ਦੀ ਸੰਭਾਵਨਾ ਹੈ, ਜਿਸ ਕਰਕੇ ਲੋਕਾਂ ਦੀਆਂ ਮੁਸ਼ਕਲ ਹੋਰ ਵਧ ਸਕਦੀਆਂ ਹਨ।

ਮੌਸਮ ਵਿਭਾਗ ਦੀ ਚਿਤਾਵਨੀ ਜਾਰੀ ਹੁੰਦਿਆਂ ਹੀ ਪੰਜਾਬ ਸਰਕਾਰ ਨੇ ਵੀ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਬਚਾਅ ਕਾਰਜ ਹੋਰ ਤੇਜ਼ ਕਰ ਦਿੱਤੇ ਹਨ। ਇਸ ਦੌਰਾਨ ਸੂਬਾ ਸਰਕਾਰ ਵੱਲੋਂ ਸਾਰੇ ਕੈਬਨਿਟ ਮੰਤਰੀਆਂ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਦੌਰੇ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਅਤੇ ਆਮ ਆਦਮੀ ਪਾਰਟੀ ਵੱਲੋਂ ਪਾਰਟੀ ਵਰਕਰਾਂ ਨੂੰ ਲੋਕਾਂ ਦੀ ਮਦਦ ਲਈ ਹਰ ਸਮੇਂ ਤਿਆਰ ਰਹਿਣ ਲਈ ਪ੍ਰੇਰਿਆ ਗਿਆ ਹੈ।

ਮੌਸਮ ਵਿਭਾਗ ਦਾ ਕਹਿਣਾ ਹੈ ਕਿ ਮੀਂਹ ਦਾ ਇੱਕ ਨਵਾਂ ਪੜਾਅ ਸ਼ੁਰੂ ਹੋਣ ਜਾ ਰਿਹਾ ਹੈ। ਹਰਿਆਣਾ ਵਿਚ ਵੀ ਅਗਲੇ 3 ਦਿਨਾਂ ਤੱਕ ਭਾਰੀ ਮੀਂਹ ਪਵੇਗਾ। ਇਸ ਦੇ ਮੱਦੇਨਜ਼ਰ ਨੌਂ ਜ਼ਿਲ੍ਹਿਆਂ ਵਿੱਚ ਪੀਲਾ ਅਲਰਟ ਜਾਰੀ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਪੰਚਕੂਲਾ, ਅੰਬਾਲਾ, ਯਮੁਨਾਨਗਰ, ਮਹਿੰਦਰਗੜ੍ਹ, ਰੇਵਾੜੀ, ਗੁਰੂਗ੍ਰਾਮ, ਫਰੀਦਾਬਾਦ, ਨੂਹ ਅਤੇ ਪਲਵਲ ਸ਼ਾਮਲ ਹਨ। ਜਿੱਥੇ ਮੀਂਹ ਦੀ ਇਸ ਗਤੀਵਿਧੀ ਨਾਲ ਮੌਸਮ ਸੁਹਾਵਣਾ ਹੋ ਜਾਵੇਗਾ, ਉੱਥੇ ਹੀ ਕਈ ਥਾਵਾਂ ‘ਤੇ ਸਮੱਸਿਆਵਾਂ ਵੀ ਵਧ ਸਕਦੀਆਂ ਹਨ।

ਦਰਅਸਲ ਇਸ ਵਾਰ ਮਾਨਸੂਨ ਨਾਲ ਹਰਿਆਣਾ ਵਿੱਚ ਆਮ ਨਾਲੋਂ ਵੱਧ ਮੀਂਹ ਪਿਆ ਹੈ। ਸਭ ਤੋਂ ਵੱਧ ਮੀਂਹ ਯਮੁਨਾਨਗਰ ਵਿੱਚ ਪਿਆ ਹੈ ਜਿੱਥੇ ਇਹ ਅੰਕੜਾ 800 ਮਿਲੀਮੀਟਰ ਨੂੰ ਪਾਰ ਕਰ ਗਿਆ ਹੈ। ਸਭ ਤੋਂ ਘੱਟ ਮੀਂਹ ਸਿਰਸਾ ਵਿੱਚ ਦਰਜ ਕੀਤਾ ਗਿਆ ਹੈ। ਭਾਰੀ ਮੀਂਹ ਦਾ ਪ੍ਰਭਾਵ ਨਦੀਆਂ ਅਤੇ ਨਾਲਿਆਂ ‘ਤੇ ਵੀ ਦਿਖਾਈ ਦੇ ਰਿਹਾ ਹੈ। ਕੁਰੂਕਸ਼ੇਤਰ ਵਿੱਚ ਮਾਰਕੰਡਾ ਨਦੀ ਦਾ ਪਾਣੀ ਦਾ ਪੱਧਰ 26 ਹਜ਼ਾਰ ਕਿਊਸਿਕ ਤੱਕ ਪਹੁੰਚ ਗਿਆ ਹੈ।

 

 

Leave a Reply

Your email address will not be published. Required fields are marked *