ਵਿਆਹ ਦਾ ਮਤਲਬ ਹੈ ਸਾਥ ਅਤੇ ਸਹਿਯੋਗ, ਸੁਤੰਤਰ ਜੀਵਨ ਚਾਹੁੰਦੇ ਹੋ ਤਾਂ ਨਾ ਕਰੋ ਵਿਆਹ : ਸੁਪਰੀਮ ਕੋਰਟ


ਨਵੀਂ ਦਿੱਲੀ, 21 ਅਗਸਤ (ਨਿਊਜ਼ ਟਾਊਨ ਨੈਟਵਰਕ) : ਸੁਪਰੀਮ ਕੋਰਟ ਨੇ ਵੀਰਵਾਰ ਨੂੰ ਇਕ ਪਰਿਵਾਰਕ ਝਗੜੇ ਨਾਲ ਸਬੰਧਤ ਇਕ ਮਾਮਲੇ ਦੀ ਸੁਣਵਾਈ ਕਰਦੇ ਹੋਏ ਕਿਹਾ ਕਿ ਵਿਆਹ ਦੇ ਰਿਸ਼ਤੇ ਵਿਚ ਪਤੀ-ਪਤਨੀ ਇਹ ਦਾਅਵਾ ਨਹੀਂ ਕਰ ਸਕਦੇ ਕਿ ਉਹ ਪੂਰੀ ਤਰ੍ਹਾਂ ਸੁਤੰਤਰ ਰਹਿਣਾ ਚਾਹੁੰਦੇ ਹਨ। ਜਸਟਿਸ ਬੀ.ਵੀ. ਨਾਗਰਥਨਾ ਅਤੇ ਜਸਟਿਸ ਆਰ. ਮਹਾਦੇਵਨ ਦੇ ਬੈਂਚ ਨੇ ਸਪੱਸ਼ਟ ਕੀਤਾ ਕਿ ਵਿਆਹ ਦਾ ਉਦੇਸ਼ ਦੋ ਵਿਅਕਤੀਆਂ ਅਤੇ ਆਤਮਾਵਾਂ ਦਾ ਮੇਲ ਹੈ। ਜੇਕਰ ਕੋਈ ਵਿਅਕਤੀ ਪੂਰੀ ਆਜ਼ਾਦੀ ਚਾਹੁੰਦਾ ਹੈ ਤਾਂ ਵਿਆਹ ਉਸ ਲਈ ਢੁਕਵਾਂ ਨਹੀਂ ਹੈ। ਬੈਂਚ ਨੇ ਕਿਹਾ ਕਿ ਵਿਆਹੁਤਾ ਜੀਵਨ ਵਿਚ ਪਤੀ-ਪਤਨੀ ਦਾ ਇਕ ਦੂਜੇ ‘ਤੇ ਭਾਵਨਾਤਮਕ ਅਤੇ ਸਮਾਜਿਕ ਤੌਰ ‘ਤੇ ਨਿਰਭਰ ਹੋਣਾ ਸੁਭਾਵਿਕ ਹੈ। ਕਿਸੇ ਵੀ ਧਿਰ ਲਈ ਇਹ ਕਹਿਣਾ ਸੰਭਵ ਨਹੀਂ ਹੈ ਕਿ ਉਹ ਆਪਣੇ ਜੀਵਨ ਸਾਥੀ ‘ਤੇ ਬਿਲਕੁਲ ਵੀ ਨਿਰਭਰ ਨਹੀਂ ਕਰੇਗਾ। ਵਿਆਹ ਦੀ ਮੂਲ ਨੀਂਹ ਆਪਸੀ ਸਹਿਯੋਗ ਅਤੇ ਏਕਤਾ ਹੈ। ਜਸਟਿਸ ਨਾਗਰਥਨਾ ਨੇ ਟਿੱਪਣੀ ਕੀਤੀ ਕਿ ਛੋਟੇ ਬੱਚਿਆਂ ਨੂੰ ਟੁੱਟੇ ਹੋਏ ਪਰਿਵਾਰ ਦਾ ਭਾਰ ਕਿਉਂ ਚੁੱਕਣਾ ਚਾਹੀਦਾ ਹੈ। ਅਦਾਲਤ ਨੇ ਦੋਵਾਂ ਧਿਰਾਂ ਨੂੰ ਸਲਾਹ ਦਿਤੀ ਕਿ ਉਹ ਗੱਲਬਾਤ ਰਾਹੀਂ ਆਪਣੇ ਮਤਭੇਦਾਂ ਨੂੰ ਹੱਲ ਕਰਨ ਤਾਂ ਜੋ ਬੱਚਿਆਂ ਦਾ ਭਵਿੱਖ ਪ੍ਰਭਾਵਿਤ ਨਾ ਹੋਵੇ। ਸੁਣਵਾਈ ਦੌਰਾਨ ਪਤਨੀ ਨੇ ਵੀਡੀਓ ਕਾਨਫ਼ਰੰਸਿੰਗ ਰਾਹੀਂ ਕਿਹਾ ਕਿ ਇਕ ਹੱਥ ਤਾੜੀ ਨਹੀਂ ਵੱਜ ਸਕਦੀ, ਜਿਸ ‘ਤੇ ਬੈਂਚ ਨੇ ਜਵਾਬ ਦਿਤਾ ਕਿ ਇਹ ਸੰਦੇਸ਼ ਦੋਵਾਂ ‘ਤੇ ਬਰਾਬਰ ਲਾਗੂ ਹੁੰਦਾ ਹੈ। ਪਤਨੀ ਨੇ ਅਦਾਲਤ ਨੂੰ ਦੱਸਿਆ ਕਿ ਪਤੀ ਦੇ ਵਿਵਹਾਰ ਕਾਰਨ ਉਹ ਬੱਚਿਆਂ ਨਾਲ ਸਿੰਗਾਪੁਰ ਵਾਪਸ ਨਹੀਂ ਜਾ ਸਕਦੀ ਅਤੇ ਬਿਨਾਂ ਕਿਸੇ ਵਿੱਤੀ ਸਹਾਇਤਾ ਦੇ ਬੱਚਿਆਂ ਦੀ ਪਰਵਰਿਸ਼ ਕਰ ਰਹੀ ਹੈ। ਇਸ ਦੇ ਨਾਲ ਹੀ ਪਤੀ ਨੇ ਕਿਹਾ ਕਿ ਦੋਵਾਂ ਕੋਲ ਸਿੰਗਾਪੁਰ ਵਿਚ ਚੰਗੀਆਂ ਨੌਕਰੀਆਂ ਸਨ ਪਰ ਪਤਨੀ ਬੱਚਿਆਂ ਨਾਲ ਉੱਥੇ ਵਾਪਸ ਜਾਣ ਤੋਂ ਇਨਕਾਰ ਕਰ ਰਹੀ ਹੈ। ਇਸ ‘ਤੇ ਅਦਾਲਤ ਨੇ ਪਤੀ ਨੂੰ ਪਤਨੀ ਅਤੇ ਬੱਚਿਆਂ ਲਈ 5 ਲੱਖ ਰੁਪਏ ਜਮ੍ਹਾ ਕਰਵਾਉਣ ਦਾ ਨਿਰਦੇਸ਼ ਦਿਤਾ। ਸੁਣਵਾਈ ਦੌਰਾਨ ਜਦੋਂ ਪਤਨੀ ਨੇ ਕਿਹਾ ਕਿ ਉਹ ਕਿਸੇ ‘ਤੇ ਨਿਰਭਰ ਨਹੀਂ ਰਹਿਣਾ ਚਾਹੁੰਦੀ ਤਾਂ ਜਸਟਿਸ ਨਾਗਰਥਨਾ ਨੇ ਕਿਹਾ ਕਿ ਜੇਕਰ ਅਜਿਹਾ ਹੈ ਤਾਂ ਵਿਆਹ ਕਿਉਂ ਕੀਤਾ । ਬੈਂਚ ਨੇ ਕਿਹਾ ਕਿ ਪਤਨੀ ਹਮੇਸ਼ਾ ਆਪਣੇ ਪਤੀ ‘ਤੇ ਭਾਵਨਾਤਮਕ ਤੌਰ ‘ਤੇ ਨਿਰਭਰ ਰਹੇਗੀ। ਅਦਾਲਤ ਨੇ ਹੁਕਮ ਦਿਤਾ ਕਿ ਪਤੀ ਨੂੰ ਬੱਚਿਆਂ ਦੇ ਜਨਮਦਿਨ ‘ਤੇ ਉਨ੍ਹਾਂ ਨਾਲ ਸਮਾਂ ਬਿਤਾਏ ਅਤੇ ਹਫ਼ਤੇ ਦੇ ਆਖ਼ਰ ਵਿਚ ਅੰਤਰਿਮ ਕਸਟਡੀ ਵੀ ਦਿਤੀ ਜਾਵੇ। ਮਾਮਲੇ ਦੀ ਅਗਲੀ ਸੁਣਵਾਈ 16 ਸਤੰਬਰ ਨੂੰ ਹੋਵੇਗੀ।
