ਬਠਿੰਡਾ ਦੀ ਯੂਨੀਵਰਸਿਟੀ ‘ਚ ਵਿਦੇਸ਼ੀ ਵਿਦਿਆਰਥੀ ਦੀ ਕੁੱਟਮਾਰ… ਇਲਾਜ ਦੌਰਾਨ ਹੋਈ ਮੌਤ !


ਬਠਿੰਡਾ, 21 ਅਗਸਤ 2025 ( ਨਿਊਜ਼ ਟਾਊਨ ਨੈੱਟਵਰਕ ) :
ਤਲਵੰਡੀ ਸਾਬੋ ਸਥਿਤ ਗੁਰੂ ਕਾਸ਼ੀ ਯੂਨੀਵਰਸਿਟੀ ਵਿਚ ਬੀਐਸਸੀ ਦੀ ਪੜ੍ਹਾਈ ਕਰ ਰਿਹਾ ਜ਼ਿੰਬਾਬਵੇ ਦਾ ਵਿਦਿਆਰਥੀ ਜ਼ਿਵੀਆ ਲੇਰੋਏ ‘ਤੇ 12 ਅਗਸਤ ਨੂੰ ਉਸੇ ਯੂਨੀਵਰਸਿਟੀ ਦੇ ਸੁਰੱਖਿਆ ਗਾਰਡ ਨੇ ਆਪਣੇ ਅੱਧੀ ਦਰਜਨ ਸਾਥੀਆਂ ਨਾਲ ਹਮਲਾ ਕਰ ਦਿਤਾ ਸੀ। ਇਸ ਹਮਲੇ ਵਿਚ ਗੰਭੀਰ ਜ਼ਖਮੀ ਹੋਏ ਇਸ ਜ਼ਿੰਬਾਬਵੇ ਦੇ ਵਿਦਿਆਰਥੀ ਜ਼ਿਵੀਆ ਲੇਰੋਏ ਨੂੰ ਇਲਾਜ ਲਈ ਬਠਿੰਡਾ ਏਮਜ਼ ਵਿਚ ਦਾਖਲ ਕਰਵਾਇਆ ਗਿਆ ਸੀ। ਜਿੱਥੇ ਵੀਰਵਾਰ ਨੂੰ ਉਕਤ ਵਿਦਿਆਰਥੀ ਦੀ ਇਲਾਜ ਦੌਰਾਨ ਮੌਤ ਹੋ ਗਈ। ਇਸ ਤੋਂ ਬਾਅਦ ਮ੍ਰਿਤਕ ਵਿਦਿਆਰਥੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਮੁਰਦਾਘਰ ਵਿਚ ਲਿਜਾਇਆ ਗਿਆ, ਜਦਕਿ ਯੂਨੀਵਰਸਿਟੀ ਅਧਿਕਾਰੀਆਂ ਨੇ ਮ੍ਰਿਤਕ ਵਿਦਿਆਰਥੀ ਦੇ ਪਰਿਵਾਰ ਨੂੰ ਮੌਤ ਬਾਰੇ ਸੂਚਿਤ ਕਰ ਦਿਤਾ ਹੈ। ਇਸ ਦੇ ਨਾਲ ਹੀ ਤਲਵੰਡੀ ਸਾਬੋ ਪੁਲਿਸ ਸਟੇਸ਼ਨ ਨੇ ਵੀ ਇਸ ਮਾਮਲੇ ਵਿਚ ਨਾਮਜ਼ਦ ਸਾਰੇ ਮੁਲਜ਼ਮਾਂ ‘ਤੇ ਕਤਲ ਦੇ ਦੋਸ਼ ਜੋੜ ਕੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ।
ਦੱਸਣਯੋਗ ਹੈ ਕਿ ਹੁਣ ਤਕ ਪੁਲਿਸ ਨੇ ਉਕਤ ਮਾਮਲੇ ਵਿਚ 7 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਪੁਲਿਸ ਬਾਕੀ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਜ਼ਿੰਬਾਬਵੇ ਦੇ ਵਿਦਿਆਰਥੀ ਜ਼ਿਵੀਆ ਲੇਰੋਏ ਜੋ ਕਿ ਬੀ.ਐਸ.ਸੀ. ਦੀ ਪੜ੍ਹਾਈ ਕਰ ਰਿਹਾ ਸੀ ਤੇ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਸੁਰੱਖਿਆ ਗਾਰਡ ਅਤੇ ਦੋਸ਼ੀ ਦਿਲਪ੍ਰੀਤ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਕਤ ਵਿਦਿਆਰਥੀ ‘ਤੇ ਹਮਲਾ ਕੀਤਾ ਸੀ। 12 ਅਗਸਤ ਨੂੰ ਗੁਰੂ ਕਾਸ਼ੀ ਯੂਨੀਵਰਸਿਟੀ ਵਿਚ ਕਾਰ ਦੀ ਜਾਂਚ ਕਰਦੇ ਸਮੇਂ ਦੋਸ਼ੀ ਦਿਲਪ੍ਰੀਤ ਸਿੰਘ ਦਾ ਉਕਤ ਜ਼ਿੰਬਾਬਵੇ ਦੇ ਵਿਦਿਆਰਥੀ ਜ਼ਿਵੀਆ ਲੇਰੋਏ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ, ਜਿਸ ਕਾਰਨ ਦੋਸ਼ੀ ਦਿਲਪ੍ਰੀਤ ਸਿੰਘ ਵਾਸੀ ਪਿੰਡ ਹਾਸੂ ਜ਼ਿਲ੍ਹਾ ਸਿਰਸਾ ਹਰਿਆਣਾ ਨੇ ਆਪਣੇ ਸਾਥੀ ਅਤੇ ਦੋਸ਼ੀ ਲਵਪ੍ਰੀਤ ਸਿੰਘ ਵਾਸੀ ਪਿੰਡ ਹਾਸੂ ਜ਼ਿਲ੍ਹਾ ਸਿਰਸਾ, ਹਰਿਆਣਾ, ਮੰਗੂ ਸਿੰਘ ਅਤੇ ਮਨਪ੍ਰੀਤ ਸਿੰਘ ਵਾਸੀ ਪਿੰਡ ਫਤਿਹਗੜ੍ਹ ਨੌਅਬਾਦ ਨੇ ਉਕਤ ਵਿਦਿਆਰਥੀ ‘ਤੇ ਡੰਡਿਆਂ, ਬੇਸਬਾਲ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸਨੂੰ ਗੰਭੀਰ ਜ਼ਖਮੀ ਕਰ ਦਿਤਾ ਅਤੇ ਉਸਨੂੰ ਗੰਭੀਰ ਹਾਲਤ ਵਿਚ ਛੱਡ ਕੇ ਭੱਜ ਗਏ।
ਹਮਲਾਵਰ ਹਮਲਾ ਕਰਨ ਲਈ ਸਕੋਡਾ ਕਾਰ ਵਿਚ ਆਇਆ ਸੀ। ਜਦੋਂ ਉਕਤ ਮੁਲਜ਼ਮਾਂ ਨੇ ਜ਼ਿੰਬਾਬਵੇ ਦੇ ਵਿਦਿਆਰਥੀ ਨੂੰ ਗੰਭੀਰ ਜ਼ਖਮੀ ਕਰ ਦਿਤਾ ਤਾਂ ਉਹ ਕਾਰ ਵਿਚ ਭੱਜਣ ਲੱਗੇ, ਪਰ ਕਾਰ ਸੜਕ ਕਿਨਾਰੇ ਇਕ ਦਰੱਖਤ ਨਾਲ ਟਕਰਾ ਗਈ, ਜਿਸ ਤੋਂ ਬਾਅਦ ਮੁਲਜ਼ਮ ਕਾਰ ਨੂੰ ਮੌਕੇ ‘ਤੇ ਹੀ ਛੱਡ ਕੇ ਭੱਜ ਗਏ, ਜਦੋਂ ਕਿ ਜ਼ਖਮੀ ਵਿਦਿਆਰਥੀ ਨੂੰ ਇਲਾਜ ਲਈ ਏਮਜ਼ ਹਸਪਤਾਲ ਬਠਿੰਡਾ ਵਿਚ ਦਾਖਲ ਕਰਵਾਇਆ ਗਿਆ। ਹੁਣ 8 ਦਿਨਾਂ ਬਾਅਦ ਵੀਰਵਾਰ ਨੂੰ ਇਲਾਜ ਦੌਰਾਨ ਵਿਦੇਸ਼ੀ ਵਿਦਿਆਰਥੀ ਜ਼ਿਵੀਆ ਲੇਰੋਏ ਦੀ ਮੌਤ ਹੋ ਗਈ। ਐਸਪੀ ਡੀ ਜਸਮੀਤ ਸਿੰਘ ਨੇ ਕਿਹਾ ਕਿ ਪੁਲਿਸ ਨੇ ਇਸ ਮਾਮਲੇ ਵਿਚ 8 ਲੋਕਾਂ ਨੂੰ ਨਾਮਜ਼ਦ ਕੀਤਾ ਸੀ। ਇਨ੍ਹਾਂ ਵਿਚੋਂ 7 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦੋਂ ਕਿ ਇਕ ਮੁਲਜ਼ਮ ਅਜੇ ਵੀ ਫ਼ਰਾਰ ਹੈ। ਜਲਦੀ ਹੀ ਫ਼ਰਾਰ ਮੁਲਜ਼ਮ ਨੂੰ ਵੀ ਫੜ ਲਿਆ ਜਾਵੇਗਾ। ਮਾਮਲੇ ਵਿਚ ਕਤਲ ਦੀ ਧਾਰਾ ਵਧਾ ਦਿਤੀ ਗਈ ਹੈ। ਪੁਲਿਸ ਨੇ ਮਾਮਲੇ ਚ ਸਖਤ ਕਾਰਵਾਈ ਕਰਨ ਦੀ ਗੱਲ ਕਹੀ ਹੈ।