ਪ੍ਰਨੀਤ ਕੌਰ ਨੇ ਸਰਕਾਰ ਖ਼ਿਲਾਫ਼ ਲਾਇਆ ਧਰਨਾ !


ਪਟਿਆਲਾ , 21 ਅਗਸਤ 2025 ( ਨਿਊਜ਼ ਟਾਊਨ ਨੈੱਟਵਰਕ ) :
ਪਿੰਡ ਮਸਿੰਗਣ ਵਿਖੇ ਕੇਂਦਰ ਸਰਕਾਰ ਦੇ ਮੁਫਤ ਸਹੂਲਤ ਕੈਂਪ ਦੌਰਾਨ ਭਾਜਪਾ ਤੇ ਆਪ ਵਰਕਰ ਆਹਮੋ ਸਾਹਮਣੇ ਹੋ ਗਏ। ਇਸ ਦੌਰਾਨ ਪੁਲਿਸ ਵੀ ਮੌਕੇ ‘ਤੇ ਮੌਜੂਦ ਰਹੀ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸਾਬਕਾ ਕੇਂਦਰੀ ਮੰਤਰੀ ਪ੍ਰਨੀਤ ਕੌਰ ਮੌਕੇ ‘ਤੇ ਪੁੱਜੇ ਅਤੇ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਪੁਲਿਸ ਤੇ ਧੱਕੇਸ਼ਾਹੀ ਦੇ ਦੋਸ਼ ਲਗਾਉਂਦਿਆਂ ਧਰਨਾ ਲਗਾ ਦਿੱਤਾ।
ਹਲਕਾ ਸਨੌਰ ਦੇ ਪਿੰਡ ਮਸਿੰਗਣ ਵਿਖੇ ਭਾਰਤੀ ਜਨਤਾ ਪਾਰਟੀ ਵੱਲੋਂ ਕੇਂਦਰ ਸਰਕਾਰ ਦੀਆਂ ਸਕੀਮਾਂ ਲਈ ਲਗਾਏ ਜਾ ਰਹੇ ਮੁਫਤ ਸਹੂਲਤਾਂ ਕੈਂਪ ਦੌਰਾਨ ਹੰਗਾਮਾ ਹੋ ਗਿਆ। ਕੈਂਪ ਵਿੱਚ ਮੌਜੂਦ ਭਾਜਪਾ ਆਗੂਆਂ ਦੇ ਵਰਕਰਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੇ ਕਾਰਕੂਨਾਂ ਵੱਲੋਂ ਪੁਲਿਸ ਦੀ ਮਦਦ ਨਾਲ ਧੱਕੇਸ਼ਾਹੀ ਕਰਦਿਆਂ ਕੈਂਪ ਬੰਦ ਕਰਵਾਇਆ ਗਿਆ। ਇੱਥੇ ਹੀ ਬੱਸ ਨਹੀਂ ਕੈਂਪ ਵਿੱਚ ਬੈਠੇ ਵਰਕਰਾਂ ਨਾਲ ਧੱਕਾ ਮੁੱਕੀ ਕੀਤੀ ਗਈ ਅਤੇ ਸਾਰਾ ਸਮਾਨ ਚੁੱਕ ਕੇ ਸੁੱਟ ਦਿੱਤਾ ਗਿਆ।
ਸਾਬਕਾ ਕੇਂਦਰੀ ਮੰਤਰੀ ਘਟਨਾ ਪਤਾ ਲੱਗਦਿਆਂ ਪਿੰਡ ਮਸੀਗਣ ਭਾਜਪਾ ਵਰਕਰਾਂ ਕੋਲ ਪੁੱਜੇ ਅਤੇ ਸੂਬਾ ਸਰਕਾਰ ਖ਼ਿਲਾਫ਼ ਧਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਪਰਨੀਤ ਕੌਰ ਨੇ ਐਸਐਸਪੀ ਵਰੁਣ ਸ਼ਰਮਾ ਨੂੰ ਫੋਨ ਕਰਕੇ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਕੀਤੀ ਧੱਕੇਸ਼ਾਹੀ ਬਾਰੇ ਜਾਣਕਾਰੀ ਦਿੱਤੀ ਅਤੇ ਪੁਲਿਸ ਦੀਨ ਨਾਕਾਮੀ ਬਾਰੇ ਵੀ ਸਵਾਲ ਖੜੇ ਕੀਤੇ। ਪ੍ਰਨੀਤ ਕੌਰ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਵਰਕਰ ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਲੋਕਾਂ ਨੂੰ ਪਿੰਡ ਪਿੰਡ ਜਾ ਕੇ ਜਾਣਕਾਰੀ ਦੇ ਰਹੇ ਹਨ ਤਾਂ ਜੋ ਲੋਕਾਂ ਦਾ ਭਲਾ ਹੋ ਸਕੇ ਪਰ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਸਿਰਫ ਭਾਜਪਾ ਦੇ ਕੈਂਪਾਂ ਦਾ ਵਿਰੋਧ ਨਹੀਂ ਕਰ ਰਹੀ ਸਗੋਂ ਆਮ ਲੋਕਾਂ ਦਾ ਵੱਡਾ ਨੁਕਸਾਨ ਵੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਨਹੀਂ ਚਾਹੁੰਦੀ ਕਿ ਪੰਜਾਬ ਦੇ ਲੋਕ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਲੈ ਸਕਣ। ਪ੍ਰਨੀਤ ਕੌਰ ਨੇ ਕਿਹਾ ਕਿ ਉਨ੍ਹਾਂ ਦਾ ਧਰਨਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਭਾਜਪਾ ਵਰਕਰਾਂ ‘ਤੇ ਹਮਲਾ ਕਰਨ ਵਾਲਿਆਂ ਖ਼ਿਲਾਫ਼ ਸਖਤ ਕਾਰਵਾਈ ਨਹੀਂ ਹੋ ਜਾਂਦੀ।