“2 ਅਕਤੂਬਰ ਤੋਂ ਮਿਲੇਗਾ ਵੱਡਾ ਤੋਹਫ਼ਾ ! ਹੁਣ ਇਲਾਜ਼ ਹੋਵੇਗਾ ਬਿਨਾਂ ਪੈਸੇ ਦੇ…”


ਚੰਡੀਗੜ੍ਹ, 21 ਅਗਸਤ 2025 ( ਨਿਊਜ਼ ਟਾਊਨ ਨੈੱਟਵਰਕ ) :
ਪੰਜਾਬ ਸਰਕਾਰ 2 ਅਕਤੂਬਰ ਤੋਂ ਸੂਬੇ ਵਿਚ ਹਰੇਕ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਦੇਣ ਦੀ ਸਕੀਮ ਨੂੰ ਲਾਗੂ ਕਰਨਾ ਚਾਹੁੰਦੀ ਹੈ। ਸੂਬਾ ਸਰਕਾਰ ਨੂੰ ਕੇਂਦਰ ਸਰਕਾਰ ਦੀ ਅੰਤਿਮ ਪ੍ਰਵਾਨਗੀ ਦਾ ਇੰਤਜ਼ਾਰ ਹੈ। ਆਮ ਆਦਮੀ ਕਲੀਨਿਕ ਕੇਂਦਰ ਖੋਲ੍ਹਣ ਕਾਰਨ ਕੇਂਦਰ ਸਰਕਾਰ ਨਾਲ ਪਏ ਰੇੜਕੇ ਕਾਰਨ ਸੂਬਾ ਸਰਕਾਰ ਖਾਸ ਕਰਕੇ ਸਿਹਤ ਵਿਭਾਗ ਕਿਸੇ ਝਮੇਲੇ ਵਿਚ ਫਸਣਾ ਨਹੀਂ ਚਾਹੁੰਦਾ। ਕੇਂਦਰ ਦੀ ਆਯੁਸ਼ਮਾਨ ਭਾਰਤ ਯੋਜਨਾ ਦਾ ਪੰਜਾਬ ਵਿਚ 16.5 ਲੱਖ ਪਰਿਵਾਰਾਂ ਨੂੰ ਲਾਭ ਮਿਲ ਰਿਹਾ ਹੈ। ਇਸ ਤਰ੍ਹਾਂ ਸੂਬਾ ਸਰਕਾਰ ਦੀ ਯੋਜਨਾ ਲਾਗੂ ਹੋਣ ਨਾਲ ਇਹ ਪਰਿਵਾਰ ਵੀ 10 ਲੱਖ ਰੁਪਏ ਤੱਕ ਦਾ ਇਲਾਜ ਲੈਣ ਦੇ ਯੋਗ ਹੋ ਜਾਣਗੇ। ਇਨ੍ਹਾਂ ਨੰ ਪੰਜ ਲੱਖ ਰੁਪਏ ਤੱਕ ਦਾ ਲਾਭ ਮਿਲ ਰਿਹਾ ਹੈ।
ਜਾਣਕਾਰੀ ਅਨੁਸਾਰ ਭਾਰਤ ਸਰਕਾਰ ਦੇ ਸਿਹਤ ਮੰਤਰਾਲੇ ਨੇ ਕੁਝ ਖ਼ਦਸ਼ੇ ਪ੍ਰਗਟ ਕੀਤੇ ਸਨ ਜਿਨ੍ਹਾਂ ਦਾ ਸਿਹਤ ਵਿਭਾਗ ਨੇ ਜਵਾਬ ਦੇ ਦਿੱਤਾ ਹੈ। ਪੰਜਾਬ ਸਰਕਾਰ ਨੂੰ ਉਮੀਦ ਹੈ ਕਿ ਇਕ-ਦੋ ਦਿਨਾਂ ਵਿਚ ਕੇਂਦਰੀ ਸਿਹਤ ਮੰਤਰਾਲੇ ਤੋਂ ਪ੍ਰਵਾਨਗੀ ਮਿਲ ਸਕਦੀ ਹੈ। ਕੇਂਦਰ ਦੀ ਹਰੀ ਝੰਡੀ ਮਿਲਣ ਤੋਂ ਬਾਅਦ ਹੀ ਸੂਬਾ ਸਰਕਾਰ ਟੈਂਡਰ ਪ੍ਰਕਿਰਿਆ ਸ਼ੁਰੂ ਕਰ ਦੇਵੇਗੀ।
ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਬੱਤ ਸਿਹਤ ਬੀਮਾ ਯੋਜਨਾ ਦਾ ਆਕਾਰ ਵਧਾਉਂਦੇ ਹੋਏ ਲਾਭਪਾਤਰੀਆ ਦੀ ਸੂਚੀ ਵਿਚ ਕਿਸਾਨ, ਛੋਟੇ ਦੁਕਾਨਦਾਰ, ਪੱਤਰਕਾਰ ਅਤੇ ਹੋਰ ਵਰਗਾਂ ਨੂੰ ਸ਼ਾਮਲ ਕੀਤਾ ਸੀ। ਇਸ ਵਕਤ ਕਰੀਬ 45 ਲੱਖ ਪਰਿਵਾਰਾਂ ਨੂੰ ਪੰਜ ਲੱਖ ਰੁਪਏ ਤੱਕ ਦਾ ਕੈਸ਼ਲੈੱਸ ਇਲਾਜ ਦਾ ਲਾਭ ਮਿਲ ਰਿਹਾ ਹੈ। ਕੇਂਦਰ ਦੀ ਇਹ ਯੋਜਨਾ 60:40 ਦੇ ਅਨੁਪਾਤ ਨਾਲ ਚੱਲ ਰਹੀ ਹੈ। ਇਹੀ ਕਾਰਨ ਹੈ ਕਿ ਪੰਜਾਬ ਸਰਕਾਰ ਨੇ ਸਿਹਤ ਮੰਤਰਾਲੇ ਤੋਂ ਪਹਿਲਾਂ ਹੀ ਪ੍ਰਵਾਨਗੀ ਲੈਣਾ ਉਚਿਤ ਸਮਝਿਆ ਤਾਂ ਜੋ ਭਵਿੱਖ ਵਿਚ ਆਮ ਆਦਮੀ ਕਲੀਨਿਕ ਵਾਂਗ ਕੋਈ ਵਿਵਾਦ ਨਾ ਪੈਦਾ ਹੋਵੇ।
ਇੱਥੇ ਦੱਸਿਆ ਜਾਂਦਾ ਹੈ ਕਿ ਪੰਜਾਬ ਸਰਕਾਰ ਨੇ ਸੂਬੇ ਵਿਚ ਆਮ ਆਦਮੀ ਕਲੀਨਿਕ ਖੋਲ੍ਹੇ ਤਾਂ ਕੇਂਦਰ ਦੀਆ ਸਕੀਮਾਂ ਨਾਲ ਚੱਲਣ ਵਾਲੇ ਕਲੀਨਿਕਾਂ ਨੂੰ ਵੀ ਆਮ ਆਦਮੀ ਪਾਰਟੀ ਦੇ ਕਲੀਨਿਕਾਂ ਦਾ ਨਾਂ ਦੇ ਦਿੱਤਾ ਅਤੇ ਮੁੱਖ ਮੰਤਰੀ ਦੀ ਫੋਟੋ ਲਗਾ ਦਿੱਤੀ ਸੀ। ਕੇਂਦਰ ਸਰਕਾਰ ਨੇ ਇਨ੍ਹਾਂ ਕਲੀਨਿਕਾਂ ਨੂੰ ਤੰਦਰੁਸਤੀ ਕੇਂਦਰਾਂ ਵਿਚ ਬਦਲਣ ਅਤੇ ਮੁੱਖ ਮੰਤਰੀ ਦੀ ਫੋਟੋ ਉਤਾਰਨ ਦੇ ਹੁਕਮ ਦਿੱਤੇ ਸਨ। ਕੇਂਦਰ ਸਰਕਾਰ ਨੇ ਰਾਸ਼ਟਰੀ ਸਿਹਤ ਮਿਸ਼ਨ ਅਧੀਨ ਸੂਬੇ ਨੂੰ ਮਿਲਣ ਵਾਲੇ 650 ਕਰੋੜ ਦੇ ਫੰਡ ’ਤੇ ਰੋਕ ਲਗਾ ਦਿੱਤੀ ਸੀ।
ਕਰੋੜਾਂ ਰੁਪਏ ਦਾ ਫੰਡ ਰੁਕਣ ਕਾਰਨ ਸਿਹਤ ਵਿਵਸਥਾ ਵਿਗੜਨ ਲੱਗੀ ਤਾਂ ਸੂਬਾ ਸਰਕਾਰ ਨੇ 400 ਆਮ ਆਦਮੀ ਕਲੀਨਿਕਾਂ ਨੂੰ ਤੰਦਰੁਸਤੀ ਕੇਂਦਰਾਂ ਵਿਚ ਬਦਲ ਦਿੱਤਾ। ਇਸ ਤੋਂ ਬਾਅਦ ਹੀ ਕੇਂਦਰ ਸਰਕਾਰ ਨੇ ਫੰਡ ਜਾਰੀ ਕੀਤੇ ਸਨ। ਪੰਜਾਬੀ ਦੀ ਕਹਾਵਤ ਹੈ ਕਿ ਦੁੱਧ ਦਾ ਫੂਕਿਆ ਲੱਸੀ ਨੂੰ ਵੀ ਫੂਕਾ ਮਾਰ ਕੇ ਪੀਂਦਾ ਹੈ, ਮੁਤਾਬਕ ਪੰਜਾਬ ਸਰਕਾਰ ਨੇ ਕੇਂਦਰ ਦੀ ਅਗੇਤੀ ਪ੍ਰਵਾਨਗੀ ਲੈਣ ਦਾ ਫੈਸਲਾ ਕੀਤਾ ਹੈ। ਦੱਸਿਆ ਜਾਂਦਾ ਹੈ ਕਿ ਕੇਂਦਰ ਨੇ ਸਪੱਸ਼ਟੀਕਰਨ ਜ਼ਰੂਰ ਮੰਗਿਆ ਸੀ ਕਿ ਮੁੱਖ ਮੰਤਰੀ ਸਿਹਤ ਯੋਜਨਾ ਕਦੋਂ ਤੋਂ ਸ਼ੁਰੂ ਹੋਵੇਗੀ। ਇਸ ਤੋਂ ਪਹਿਲਾਂ ਆਯੁਸ਼ਮਾਨ ਯੋਜਨਾ ਅਧੀਨ ਲੋਕਾਂ ਨੂੰ ਮਿਲਣ ਵਾਲੇ ਲਾਭ 10 ਲੱਖ ਰੁਪਏ ਦੀ ਰਕਮ ਵਿੱਚੋਂ ਕੱਟੇ ਜਾਣਗੇ। ਇਸ ’ਤੇ ਪੰਜਾਬ ਸਰਕਾਰ ਨੇ ਸਪੱਸ਼ਟ ਕੀਤਾ ਕਿ ਇਸ ਯੋਜਨਾ ਦੇ ਸ਼ੁਰੂ ਹੋਣ ਤੋਂ ਬਾਅਦ ਕਿਸੇ ਵੀ ਮਰੀਜ਼ ਨੂੰ 10 ਲੱਖ ਰੁਪਏ ਦਾ ਸਿਹਤ ਲਾਭ ਮਿਲੇਗਾ। ਭਾਵੇਂ ਉਸ ਨੇ ਆਯੁਸ਼ਮਾਨ ਯੋਜਨਾ ਤਹਿਤ ਕਿੰਨੀ ਵੀ ਰਕਮ ਦਾ ਇਲਾਜ ਕਰਵਾਇਆ ਹੋਵੇ।
ਪੰਜਾਬ ਸਰਕਾਰ ਨੇ ਬਜਟ ਸੈਸ਼ਨ ਦੌਰਾਨ ਮੁੱਖ ਮੰਤਰੀ ਸਿਹਤ ਯੋਜਨਾ ਦਾ ਐਲਾਨ ਕੀਤਾ ਸੀ। ਇਸ ਲਈ ਸਰਕਾਰ ਨੇ ਬਜਟ ਵਿਚ 1,100 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਹੈ। ਪਹਿਲਾਂ 45 ਲੱਖ ਪਰਿਵਾਰਾਂ ਨੂੰ ਆਯੁਸ਼ਮਾਨ ਸਿਹਤ ਯੋਜਨਾ ਦਾ ਲਾਭ ਮਿਲਦਾ ਸੀ, ਇਸ ਨੂੰ ਵਧਾ ਕੇ ਪੰਜਾਬ ਦੇ ਸਾਰੇ 65 ਲੱਖ ਪਰਿਵਾਰਾਂ ਨੂੰ ਇਸ ਯੋਜਨਾ ਵਿਚ ਸ਼ਾਮਲ ਕਰ ਲਿਆ ਗਿਆ ਹੈ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਨ ਕਿ ਜਿਨ੍ਹਾਂ ਪਰਿਵਾਰਾਂ ਨੂੰ ਕੇਂਦਰ ਦੀ ਆਯੁਸ਼ਮਾਨ ਯੋਜਨਾ ਤਹਿਤ 5 ਲੱਖ ਰੁਪਏ ਦਾ ਕਵਰ ਦਿੱਤਾ ਗਿਆ ਸੀ, ਉਹ ਵੀ ਇਸ ਯੋਜਨਾ ਦੇ ਅਧੀਨ ਆਉਣਗੇ।
ਕੇਂਦਰ ਦੀ ਇਹ ਯੋਜਨਾ 60:40 ਦੇ ਅਨੁਪਾਤ ਨਾਲ ਚੱਲ ਰਹੀ ਹੈ। ਜਿਹੜੇ ਲੋਕ ਆਯੁਸ਼ਮਾਨ ਭਾਰਤ ਦੇ ਅਧੀਨ ਆਉਂਦੇ ਹਨ, ਉਨ੍ਹਾਂ ਦਾ 5 ਲੱਖ ਰੁਪਏ ਤੱਕ ਦਾ ਇਲਾਜ ਆਯੁਸ਼ਮਾਨ ਭਾਰਤ ਦੇ ਅਧੀਨ ਕੀਤਾ ਜਾਵੇਗਾ, ਉਸ ਤੋਂ ਬਾਅਦ ਜੇਕਰ ਖਰਚੇ ਵਧਦੇ ਹਨ, ਤਾਂ ਉਨ੍ਹਾਂ ਨੂੰ ਪੰਜਾਬ ਸਰਕਾਰ ਦੀ ਮੁੱਖ ਮੰਤਰੀ ਸਿਹਤ ਯੋਜਨਾ ਦੇ ਅਧੀਨ ਕਵਰ ਕੀਤਾ ਜਾਵੇਗਾ। ਯਾਨੀ ਕਿ ਉਨ੍ਹਾਂ ਨੂੰ 10 ਲੱਖ ਰੁਪਏ ਤੱਕ ਦਾ ਨਕਦ ਰਹਿਤ ਇਲਾਜ ਵੀ ਮਿਲੇਗਾ। ਦਿਲ ਦਾ ਦੌਰਾ, ਸਟ੍ਰੋਕ, ਕੈਂਸਰ ਆਦਿ ਵਰਗੀਆਂ ਸਾਰੀਆਂ ਗੰਭੀਰ ਬਿਮਾਰੀਆਂ ਵੀ ਮੁੱਖ ਮੰਤਰੀ ਸਿਹਤ ਯੋਜਨਾ ਅਧੀਨ ਆਉਣਗੀਆਂ।