23 ਜ਼ਿਲ੍ਹਾ ਪ੍ਰੀਸ਼ਦਾਂ ਤੇ 154 ਪੰਚਾਇਤ ਸੰਮਤੀ ਚੋਣਾਂ ਅਗਲੇ ਮਹੀਨੇ…


ਚੰਡੀਗੜ੍ਹ, 20 ਅਗਸਤ (ਨਿਊਜ਼ ਟਾਊਨ ਨੈਟਵਰਕ) :
ਲਗਭਗ 11 ਮਹੀਨੇ ਪਹਿਲਾਂ ਪੰਜਾਬ ਵਿਚ 13241 ਗ੍ਰਾਮ ਪੰਚਾਇਤਾਂ ਦੇ 96,000 ਤੋਂ ਵੱਧ ਸਰਪੰਚ ਤੇ ਪੰਚ ਚੁਣੇ ਜਾਣ ਉਪਰੰਤ ਜੋ 23 ਜ਼ਿਲ੍ਹਾ ਪ੍ਰੀਸ਼ਦਾਂ ਦੇ 354 ਮੈਂਬਰ ਅਤੇ 159 ਬਲਾਕਾਂ ਦੇ 2960 ਮੈਂਬਰ ਚੁਣੇ ਜਾਣ ਦੀ ਜੋ ਬੱਝੀ ਸੀ, ਉਹ 11 ਮਹੀਨਿਆਂ ਦੀ ਦੇਰੀ ਮਗਰੋਂ ਪੇਂਡੂ ਖੇਤਰ ਵਿਚ ਵਿਕਾਸ ਖੰਡਾਂ ਦੇ ਸੈਂਕੜੇ ਪਿੰਡਾਂ ਦੀ ਅਦਲਾ ਬਦਲੀ ਸਿਰੇ ਚੜ੍ਹਨ ਉਪਰੰਤ ਹੁਣ ਚੋਣਾਂ ਕਰਵਾਉਣ ਦਾ ਰਸਤਾ ਸਾਫ਼ ਹੋ ਗਿਆ ਹੈ। ਪੇਂਡੂ ਵਿਕਾਸ ਅਤੇ ਗ੍ਰਾਮ ਪੰਚਾਇਤੀ ਮਹਿਕਮੇ ਮੁਤਾਬਕ ਵਿਧਾਇਕਾਂ, ਮੰਤਰੀਆਂ ਤੇ ਪੁਲਿਸ ਮਹਿਕਮੇ ਦੇ ਥਾਣਿਆਂ ਸਮੇਤ, ਬਲਾਕਾਂ ਵਿਚ ਪੈਂਦੇ ਪਿੰਡ, ਵਿਧਾਇਕਾਂ ਦੇ ਹਲਕਿਆਂ ਵਿਚ ਪੈਂਦੇ ਪਿੰਡਾਂ ਅਤੇ ਪੁਲਿਸ ਥਾਣਿਆਂ ਹੇਠ ਪੈਂਦੇ ਇਲਾਕਿਆਂ ਵਿਚ ਤਾਲਮੇਲ ਬਿਠਾਉਣ ਦਾ ਕੰਮ ਸਿਰੇ ਚੜ੍ਹ ਗਿਆ ਹੈ ਅਤੇ ਡਿਪਟੀ ਕਮਿਸ਼ਨਰਾਂ ਦੀ ਰੀਪੋਰਟ ਅਨੁਸਾਰ ਪਿੰਡਾਂ ਦੀ ਅਦਲਾ ਬਦਲੀ ਦੀ ਨੋਟੀਫ਼ੀਕੇਸ਼ਨ ਇਕ ਦੋ ਦਿਨਾਂ ਵਿਚ ਕਰ ਦਿਤੀ ਜਾਵੇਗੀ। ਸੂਬੇ ਦੇ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਨੇ ਗੱਲਬਾਤ ਦੌਰਾਨ ਦਸਿਆ ਕਿ 8 ਅਗੱਸਤ ਨੂੰ ਹੀ ਰਾਜਪਾਲ ਰਾਹੀਂ ਨੋਟੀਫ਼ੀਕੇਸ਼ਨ ਦਿਹਾਤੀ ਵਿਕਾਸ ਮਹਿਕਮੇ ਨੇ 5 ਅਕਤੂਬਰ ਤਕ ਇਹ ਚੋਣਾਂ ਕਰਵਾਉਣ ਦਾ ਹੁਕਮ ਦਿਤਾ ਹੋਇਆ ਹੈ। ਰਾਜ ਕਮਲ ਚੌਧਰੀ ਨੇ ਇਹ ਵੀ ਦਸਿਆ ਕਿ ਸਟੇਟ ਚੋਣ ਕਮਿਸ਼ਨਰ ਨੇ ਜ਼ਿਲ੍ਹਾ ਰਿਟਰਨਿੰਗ ਅਫ਼ਸਰਾਂ ਤੇ ਤਹਿਸੀਲਾਂ ਅਤੇ ਬਲਾਕ ਪੱਧਰ ਤਕ ਅਲਰਟ ਜਾਰੀ ਕਰ ਦਿਤਾ ਹੈ। ਉਨ੍ਹਾਂ ਦਸਿਆ ਕਿ 1 ਕਰੋੜ 35 ਲੱਖ ਵੋਟਰਾਂ ਦੀਆਂ ਲਿਸਟਾਂ ਵਿਚ ਸੁਧਾਈ ਚਲ ਰਹੀ ਹੈ। ਜ਼ਿਕਰਯੋਗ ਹੈ ਕਿ 13241 ਪੰਚਾਇਤਾਂ ਹੇਠ ਆਉਂਦੇ ਪਿੰਡਾਂ ਨੂੰ ਵਿਧਾਇਕਾਂ ਤੇ ਥਾਣਿਆਂ ਦੀ ਸਹੂਲਤ ਅਤੇ ਵਿਕਾਸ ਗ੍ਰਾਂਟਾਂ ਅਨੁਸਾਰ ਇਕ ਬਲਾਕ ਵਿਚੋਂ ਕੱਢ ਕੇ ਦੂਜੇ ਨਾਲ ਜੋੜਨ ਕਰ ਕੇ ਬਲਾਕਾਂ ਦੀ ਗਿਣਤੀ 159 ਤੋਂ ਘੱਟ ਕੇ 154 ਰਹਿ ਗਈ ਹੈ ਅਤੇ ਬਲਾਕ ਸੰਮਤੀਆਂ ਦੇ ਮੈਂਬਰ ਵੀ 2960 ਤੋਂ ਘੱਟ ਕੇ 2940 ਜਾਂ 2946 ਰਹਿਣ ਦੇ ਆਸਾਰ ਵੱਧ ਗਏ ਹਨ। ਪੰਜਾਬ ਪੰਚਾਇਤੀ ਰਾਜ ਐਕਟ 1994 ਅਨੁਸਾਰ ਪੇਂਡੂ ਪੰਚਾਇਤੀ ਦੇ ਪੰਚਾਂ ਅਤੇ ਸਰਪੰਚਾਂ ਦੀਆਂ ਚੋਣਾਂ ਸਿਆਸੀ ਪਾਰਟੀਆਂ ਦੇ ਚੋਣ ਨਿਸ਼ਾਨ ’ਤੇ ਨਹੀਂ ਲੜੀਆਂ ਗਈਆਂ ਪਰ ਬਲਾਕ ਸੰਮਤੀਆਂ ਤੇ ਜ਼ਿਲ੍ਹਾ ਪ੍ਰੀਸ਼ਦਾਂ ਦੇ ਮੈਂਬਰਾਂ ਦੀਆਂ ਚੋਣਾਂ ਮੌਕੇ ਸਿਆਸੀ ਪਾਰਟੀਆਂ ਦੇ ਚੋਣ ਨਿਸ਼ਾਨ ਹੀ ਵਰਤੇ ਜਾਂਦੇ ਹਨ। ਸੂਬੇ ਦੇ ਚੋਣ ਕਮਿਸ਼ਨਰ ਨੇ ਦਸਿਆ ਕਿ ਇਨ੍ਹਾਂ ਚੋਣਾਂ ਵਿਚ ਈ.ਵੀ.ਐਮ ਮਸ਼ੀਨਾਂ ਦੀ ਥਾਂ ਚਿੱਟੇ ਤੇ ਗੁਲਾਬੀ ਰੰਗ ਦੇ ਬੈਲਟ ਪੇਪਰ ਛਪਾਏ ਜਾਣਗੇ ਜਿਨ੍ਹਾਂ ਦੀ ਵਰਤੋਂ ਪੇਂਡੂ ਵੋਟਰ ਕਰਨਗੇ। ਇਸ ਤੋਂ ਪਹਿਲਾਂ ਇਹ ਪੰਚਾਇਤ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦਾਂ ਦੀਆਂ ਚੋਣਾਂ ਸਤੰਬਰ 2018 ਵਿਚ ਹੋਈਆਂ ਸਨ ਅਤੇ 5 ਸਾਲ ਦੀ ਮਿਆਦ 2023 ਵਿਚ ਪੂਰੀ ਹੋ ਚੁੱਕੀ ਹੈ।