ਭਾਰਤ ਨੂੰ ਖਾਦ, ਦੁਰਲੱਭ ਧਾਤਾਂ ਤੇ ਸੁਰੰਗ ਬੋਰਿੰਗ ਮਸ਼ੀਨਾਂ ਦੇਵੇਗਾ ਚੀਨ

0
WhatsApp Image 2025-08-19 at 5.41.22 PM

ਨਵੀਂ ਦਿੱਲੀ, 19 ਅਗਸਤ (ਨਿਊਜ਼ ਟਾਊਨ ਨੈਟਵਰਕ) :

ਚੀਨ ਭਾਰਤ ਨੂੰ ਖਾਦ, ਦੁਰਲੱਭ ਧਰਤੀ ਸਮੱਗਰੀ ਅਤੇ ਸੁਰੰਗ ਬੋਰਿੰਗ ਮਸ਼ੀਨਾਂ ਦੀ ਸਪਲਾਈ ਕਰੇਗਾ। ਏਐਨਆਈ ਦੀ ਰਿਪੋਰਟ ਦੇ ਅਨੁਸਾਰ ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨੇ ਭਾਰਤੀ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨੂੰ ਭਰੋਸਾ ਦਿਤਾ ਕਿ ਇਹ ਜ਼ਰੂਰਤਾਂ ਪੂਰੀਆਂ ਕੀਤੀਆਂ ਜਾਣਗੀਆਂ। ਵਾਂਗ ਯੀ 18 ਅਗਸਤ ਨੂੰ ਦੋ ਦਿਨਾਂ ਦੌਰੇ ‘ਤੇ ਭਾਰਤ ਪਹੁੰਚੇ ਸਨ। ਉਨ੍ਹਾਂ ਨੇ ਸੋਮਵਾਰ ਨੂੰ ਜੈਸ਼ੰਕਰ ਨਾਲ ਦੁਵੱਲੀ ਗੱਲਬਾਤ ਕੀਤੀ। ਇਸ ਦੌਰਾਨ ਦੋਵੇਂ ਦੇਸ਼ ਆਪਸੀ ਸਬੰਧਾਂ ਨੂੰ ਅੱਗੇ ਵਧਾਉਣ ਅਤੇ ਸਹਿਯੋਗ ਬਣਾਈ ਰੱਖਣ ‘ਤੇ ਸਹਿਮਤ ਹੋਏ। ਚੀਨ ਦੀ ਸਰਕਾਰੀ ਏਜੰਸੀ ਸ਼ਿਨਹੂਆ ਦੇ ਅਨੁਸਾਰ ਵਾਂਗ ਯੀ ਨੇ ਕਿਹਾ – ਦੁਨੀਆ ਦੀ ਸਥਿਤੀ ਤੇਜ਼ੀ ਨਾਲ ਬਦਲ ਰਹੀ ਹੈ। ਮੁਕਤ ਵਪਾਰ ਅਤੇ ਅੰਤਰਰਾਸ਼ਟਰੀ ਵਿਵਸਥਾ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ।

ਭਾਰਤ ਅਤੇ ਚੀਨ ਜੋ ਕਿ ਸਭ ਤੋਂ ਵੱਡੇ ਵਿਕਾਸਸ਼ੀਲ ਦੇਸ਼ ਹਨ ਅਤੇ ਜਿਨ੍ਹਾਂ ਦੀ ਆਬਾਦੀ 2.8 ਅਰਬ ਤੋਂ ਵੱਧ ਹੈ, ਨੂੰ ਜ਼ਿੰਮੇਵਾਰੀ ਦਿਖਾਉਣੀ ਚਾਹੀਦੀ ਹੈ ਅਤੇ ਇਕ ਦੂਜੇ ਨਾਲ ਸਹਿਯੋਗ ਕਰਨਾ ਚਾਹੀਦਾ ਹੈ। ਵਾਂਗ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਚੀਨ, ਭਾਰਤ ਸਮੇਤ ਗੁਆਂਢੀ ਦੇਸ਼ਾਂ ਦੇ ਨਾਲ ਸ਼ਾਂਤੀ, ਸੁਰੱਖਿਆ ਅਤੇ ਖੁਸ਼ਹਾਲੀ ਦਾ ਮਾਹੌਲ ਬਣਾਉਣ ਲਈ ਤਿਆਰ ਹੈ। ਵਾਂਗ ਯੀ ਨੇ 19 ਅਗਸਤ ਨੂੰ ਭਾਰਤ ਦੇ ਐਨਐਸਏ ਅਜੀਤ ਡੋਵਾਲ ਨਾਲ ਸਰਹੱਦੀ ਮੁੱਦੇ ‘ਤੇ ਚਰਚਾ ਕੀਤੀ। ਵਾਂਗ ਯੀ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਵਿਚ ਪੈਦਾ ਹੋਈਆਂ ਸਮੱਸਿਆਵਾਂ ਦੋਵਾਂ ਦੇਸ਼ਾਂ ਦੇ ਲੋਕਾਂ ਦੇ ਹਿੱਤ ਵਿਚ ਨਹੀਂ ਹਨ। ਉਨ੍ਹਾਂ ਨੇ ਪਿਛਲੇ ਸਾਲ ਅਕਤੂਬਰ ਵਿਚ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਕਾਰ ਹੋਈ ਮੁਲਾਕਾਤ ਦਾ ਵੀ ਜ਼ਿਕਰ ਕੀਤਾ। ਚੀਨੀ ਵਿਦੇਸ਼ ਮੰਤਰੀ ਨੇ ਇਸ ਮੁਲਾਕਾਤ ਨੂੰ ਦੁਵੱਲੇ ਸਬੰਧਾਂ ਦੀ ਦਿਸ਼ਾ ਨਿਰਧਾਰਤ ਕਰਨ ਅਤੇ ਸਰਹੱਦੀ ਵਿਵਾਦ ਨੂੰ ਹੱਲ ਕਰਨ ਲਈ ਨਵੀਂ ਪ੍ਰੇਰਣਾ ਦੇਣ ਵਾਲਾ ਦੱਸਿਆ।

ਇਹ ਮੁਲਾਕਾਤ ਭਾਰਤ ਅਤੇ ਚੀਨ ਵਿਚਕਾਰ ਚੱਲ ਰਹੀ 24ਵੀਂ ਵਿਸ਼ੇਸ਼ ਪ੍ਰਤੀਨਿਧੀ (ਐਸਆਰ) ਪੱਧਰ ਦੀ ਗੱਲਬਾਤ ਦਾ ਹਿੱਸਾ ਸੀ। ਇਸ ਦੇ ਨਾਲ ਹੀ ਐਨਐਸਏ ਅਜੀਤ ਡੋਵਾਲ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਇਹ ਗੱਲਬਾਤ ਵੀ ਪਿਛਲੀਆਂ ਗੱਲਬਾਤਾਂ ਵਾਂਗ ਸਫਲ ਹੋਵੇਗੀ। ਉਨ੍ਹਾਂ ਕਿਹਾ, ਸਾਡੇ ਪ੍ਰਧਾਨ ਮੰਤਰੀ ਜਲਦੀ ਹੀ ਐਸਸੀਓ ਸੰਮੇਲਨ ਵਿਚ ਸ਼ਾਮਲ ਹੋਣ ਲਈ ਚੀਨ ਜਾਣਗੇ। ਡੋਵਾਲ ਨੇ ਅੱਗੇ ਕਿਹਾ ਕਿ ਹਾਲ ਹੀ ਵਿਚ ਸਬੰਧਾਂ ਵਿਚ ਸੁਧਾਰ ਹੋਇਆ ਹੈ, ਸਰਹੱਦ ‘ਤੇ ਸ਼ਾਂਤੀ ਅਤੇ ਸਥਿਰਤਾ ਬਣਾਈ ਰੱਖੀ ਗਈ ਹੈ, ਸਾਡੇ ਦੁਵੱਲੇ ਸਬੰਧ ਹੋਰ ਮਜ਼ਬੂਤ ਹੋਏ ਹਨ। ਦੱਸਣਯੋਗ ਹੈ ਕਿ 2020 ਵਿਚ ਪੂਰਬੀ ਲੱਦਾਖ ਵਿਚ ਤਣਾਅ ਤੋਂ ਬਾਅਦ ਭਾਰਤ-ਚੀਨ ਸਬੰਧ ਵਿਗੜ ਗਏ ਸਨ। ਪਰ ਹਾਲ ਹੀ ਦੇ ਮਹੀਨਿਆਂ ਵਿਚ ਗੱਲਬਾਤ ਅਤੇ ਸਮਝੌਤਿਆਂ ਰਾਹੀਂ ਸਬੰਧਾਂ ਨੂੰ ਸੁਧਾਰਨ ਦੀਆਂ ਕੋਸ਼ਿਸ਼ਾਂ ਤੇਜ਼ ਹੋਈਆਂ ਹਨ।

ਚੀਨ ਨੇ ਜੁਲਾਈ 2025 ਦੇ ਸ਼ੁਰੂ ਵਿਚ ਭਾਰਤ ਨੂੰ ਜ਼ਰੂਰੀ ਮਸ਼ੀਨਾਂ ਅਤੇ ਪੁਰਜ਼ਿਆਂ ਦੀ ਸਪਲਾਈ ਰੋਕ ਦਿਤੀ ਸੀ। ਇਹ ਮਸ਼ੀਨਾਂ ਅਤੇ ਪੁਰਜ਼ੇ ਇਲੈਕਟ੍ਰਾਨਿਕਸ ਅਤੇ ਆਟੋਮੋਬਾਈਲ ਵਰਗੇ ਖੇਤਰਾਂ ਲਈ ਬਹੁਤ ਮਹੱਤਵਪੂਰਨ ਹਨ। ਇਸ ਤੋਂ ਇਲਾਵਾ ਭਾਰਤ ਵਿਚ ਆਈਫੋਨ ਬਣਾਉਣ ਵਾਲੀ ਕੰਪਨੀ ਫੌਕਸਕੌਨ ਨੇ ਆਪਣੇ 300 ਤੋਂ ਵੱਧ ਚੀਨੀ ਇੰਜੀਨੀਅਰਾਂ ਅਤੇ ਟੈਕਨੀਸ਼ੀਅਨਾਂ ਨੂੰ ਭਾਰਤ ਤੋਂ ਵਾਪਸ ਬੁਲਾਉਣ ਦੇ ਨਿਰਦੇਸ਼ ਦਿਤੇ ਸਨ। ਰਿਪੋਰਟਾਂ ਅਨੁਸਾਰ ਚੀਨ ਨੇ ਭਾਰਤ ਦੇ ਨਿਰਮਾਣ ਖੇਤਰ ਨੂੰ ਪ੍ਰਭਾਵਿਤ ਕਰਨ ਲਈ ਅਜਿਹਾ ਕੀਤਾ। ਇਸ ਤੋਂ ਪਹਿਲਾਂ ਅਪ੍ਰੈਲ ਵਿਚ ਚੀਨ ਨੇ 7 ਦੁਰਲੱਭ ਦੁਰਲੱਭ ਧਾਤਾਂ ਦੇ ਨਿਰਯਾਤ ‘ਤੇ ਸਖ਼ਤ ਪਾਬੰਦੀਆਂ ਲਗਾਈਆਂ ਸਨ। ਉਨ੍ਹਾਂ ਦੇ ਆਯਾਤ ਲਈ ਵਿਸ਼ੇਸ਼ ਲਾਇਸੈਂਸ ਜ਼ਰੂਰੀ ਕਰ ਦਿਤਾ ਗਿਆ ਸੀ। ਇਸ ਕਾਰਨ ਭਾਰਤ ਨੂੰ ਸਪਲਾਈ ਬੰਦ ਹੋ ਗਈ ਸੀ।

Leave a Reply

Your email address will not be published. Required fields are marked *