ਪਾਤੜਾਂ ਕੂਕਰ ਫ਼ੈਕਟਰੀ ‘ਚ ਭਿਆਨਕ ਅੱਗ, ਇਕ ਮੌਤ 4 ਜ਼ਖ਼ਮੀ


ਪਟਿਆਲਾ, 19 ਅਗਸਤ (ਗੁਰਪ੍ਰਤਾਪ ਸਿੰਘ ਸਾਹੀ) (ਨਿਊਜ਼ ਟਾਊਨ ਨੈਟਵਰਕ) :
ਪਟਿਆਲਾ ਦੇ ਪਾਤੜਾ ਸਥਾਨਕ ਕੂਕਰ ਫੈਕਟਰੀ ਵਿਚ ਅਚਾਨਕ ਲੱਗੀ ਭਿਆਨਕ ਅੱਗ ਕਾਰਨ ਹਾਦਸਾ ਵਾਪਰਿਆ, ਜਿਸ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਚਾਰ ਹੋਰ ਜ਼ਖ਼ਮੀ ਹੋਏ ਹਨ। ਘਟਨਾ ਦੀ ਸੂਚਨਾ ਮਿਲਦੇ ਹੀ ਡਿਪਟੀ ਕਮਿਸ਼ਨਰ ਪਟਿਆਲਾ ਡਾਕਟਰ ਪ੍ਰੀਤੀ ਯਾਦਵ ਵਲੋਂ ਤੁਰੰਤ ਫੈਕਟਰੀ ਸਥਾਨ ਦਾ ਦੌਰਾ ਕੀਤਾ ਗਿਆ ਤੇ ਹਾਲਾਤਾਂ ਦਾ ਜਾਇਜ਼ਾ ਲਿਆ ਗਿਆ। ਸਰਕਾਰੀ ਹਸਪਤਾਲ ਪਾਤੜਾਂ ਵਿਚ ਪੰਜ ਪੀੜਤਾਂ ਨੂੰ ਪਹੁੰਚਾਇਆ ਗਿਆ, ਜਿੱਥੇ ਇਕ ਵਿਅਕਤੀ ਨੂੰ ਡਾਕਟਰਾਂ ਨੇ ਮ੍ਰਿਤਕ ਘੋਸ਼ਿਤ ਕਰ ਦਿਤਾ ਜਦਕਿ ਚਾਰ ਵਿਅਕਤੀ ਇਲਾਜ ਅਧੀਨ ਹਨ ਜਿਨ੍ਹਾਂ ਵਿਚੋਂ ਇਕ ਦੀ ਹਾਲਤ ਗੰਭੀਰ ਹੋਣ ਕਰਕੇ ਉਸਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿਤਾ ਗਿਆ ਹੈ। ਮ੍ਰਿਤਕ ਵਿਅਕਤੀ ਦੀ ਅਜੇ ਤਕ ਪਹਿਚਾਣ ਨਹੀਂ ਹੋ ਸਕੀ। ਪ੍ਰਸ਼ਾਸਨ ਵਲੋਂ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਜਾਰੀ ਹੈ ਅਤੇ ਸੁਰੱਖਿਆ ਪ੍ਰਬੰਧਾਂ ਬਾਰੇ ਵੀ ਨਿਰਦੇਸ਼ ਜਾਰੀ ਕੀਤੇ ਗਏ ਹਨ।