ਇਟਲੀ ‘ਚ ਏਅਰਪੋਰਟ ਅਫ਼ਸਰਾਂ ਨੇ ਸਵਾ ਸਾਲ ਬਾਅਦ ਸ਼੍ਰੀ ਸਾਹਿਬ ਕੀਤੀ ਵਾਪਸ


ਰੋਮ, 19 ਅਗਸਤ (ਨਿਊਜ਼ ਟਾਊਨ ਨੈਟਵਰਕ) :
ਇਟਲੀ ਵੱਸਦੇ ਸਿੱਖਾਂ ਨੂੰ ਉਸ ਸਮੇਂ ਭਾਰੀ ਰਾਹਤ ਮਿਲੀ, ਜਦੋਂ ਏਅਰ ਪੋਰਟ ਅਧਿਕਾਰੀਆਂ ਨੇ ਪੂਰੇ ਸਵਾ ਸਾਲ ਬਾਅਦ ਜ਼ਬਤ ਕੀਤੀ ਸ਼੍ਰੀ ਸਾਹਿਬ ਪੂਰੇ ਸਨਮਾਨ ਨਾਲ ਸਥਾਨਕ ਸਿੱਖ ਆਗੂਆਂ ਨੂੰ ਸੌਂਪ ਦਿਤਾ। ਦੱਸਣਯੋਗ ਹੈ ਕਿ ਅਪ੍ਰੈਲ 2024 ਵਿਚ ਪ੍ਰਸਿੱਧ ਢਾਡੀ ਮਿਲਖਾ ਸਿੰਘ ਮੌਜੀ ਜਦ ਆਪਣੇ ਸਾਥੀਆਂ ਨਾਲ ਇਟਲੀ ਦੇ ਬੈਰਗਮੋ ਏਅਰਪੋਰਟ ਤੋਂ ਬੈਲਜੀਅਮ ਲਈ ਜਾ ਰਹੇ ਸਨ ਤਾਂ ਏਅਰਪੋਰਟ ਅਧਿਕਾਰੀਆਂ ਨੇ ਉਨ੍ਹਾਂ ਦੇ ਸਮਾਨ ਵਿਚੋਂ ਕਿਰਪਾਨ ਮਿਲਣ ਨੂੰ ਲੈ ਕੇ ਇਕ ਮਾਮਲਾ ਦਰਜ ਕੀਤਾ ਸੀ ਉਸ ਮਾਮਲੇ ਨੂੰ ਸੁਲਝਾਉਂਦਿਆਂ ਏਅਰਪੋਰਟ ਅਧਿਕਾਰੀਆਂ ਨੇ ਦੁਆਰਾ ਸਿੱਖ ਆਗੂਆਂ ਨੂੰ ਬੁਲਾ ਕੇ ਢਾਡੀ ਜਥੇ ਦੀ ਸ਼੍ਰੀ ਸਾਹਿਬ ਪੂਰੇ ਸਨਮਾਨ ਨਾਲ ਵਾਪਸ ਕਰ ਦਿਤੀ ਹੈ।
ਜਾਣਕਾਰੀ ਦਿੰਦਿਆ ਸ਼੍ਰੀ ਗੁਰੂ ਗ੍ਰੰਥ ਸਹਿਬ ਸੇਵਾ ਸੰਭਾਲ ਇਟਲੀ (ਪੰਚ ਪ੍ਰਧਾਨੀ) ਦੇ ਪ੍ਰਬੰਧਕ ਅਤੇ ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਕੋਵੋ ਦੇ ਮੁੱਖ ਸੇਵਾਦਾਰ ਭਾਈ ਰਜਿੰਦਰ ਸਿੰਘ ਰੰਮੀ ਦੁਆਰਾ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਸਾਲ ਇਟਲੀ ਦੇ ਬੈਰਗਮੋ ਏਅਰਪੋਰਟ ਤੇ ਢਾਡੀ ਮਿਲਖਾ ਸਿੰਘ ਜੀ ਦਾ ਪ੍ਰਸਿੱਧ ਢਾਡੀ ਜੱਥਾ ਜਦੋਂ ਜਾ ਰਿਹਾ ਸੀ, ਤਾਂ ਉਥੋਂ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਸਮਾਨ ਦੀ ਚੈਕਿੰਗ ਦੌਰਾਨ ਉਨ੍ਹਾਂ ਦੇ ਸਮਾਨ ’ਚੋਂ ਮਿਲੀ ਕਿਰਪਾਨ ਤੇ ਉਹਨਾਂ ਤੇ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਦੇ ਚਲਦਿਆਂ ਵੱਖ-ਵੱਖ ਸਿੱਖ ਆਗੂ ਏਅਰਪੋਰਟ ਅਧਿਕਾਰੀਆਂ ਨੂੰ ਵੀ ਮਿਲੇ ਸਨ। ਬੀਤੇ ਦਿਨੀਂ ਏਅਰਪੋਰਟ ਅਧਿਕਾਰੀਆਂ ਦੁਆਰਾ ਢਾਡੀ ਮਿਲਖਾ ਸਿੰਘ ਦੀ ਸ਼੍ਰੀ ਸਾਹਿਬ ਗੁਰਦੁਆਰਾ ਮਾਤਾ ਸਾਹਿਬ ਕੌਰ ਕੋਵੋ ਦੀ ਕਮੇਟੀ ਨੂੰ ਵਾਪਸ ਕੀਤੀ ਗਈ। ਜਿਸਦੇ ਚੱਲਦਿਆਂ ਇਟਲੀ ਵਾਸਤੇ ਸਿੱਖਾਂ ਨੇ ਰਾਹਤ ਮਹਿਸੂਸ ਕੀਤੀ। ਉਹਨਾਂ ਕਿਹਾ ਕਿ ਅਧਿਕਾਰੀਆਂ ਨੂੰ ਸਿੱਖਾਂ ਦੇ ਧਾਰਮਿਕ ਚਿੰਨ ਬਾਰੇ ਦੱਸਿਆ ਗਿਆ ਜਿਸ ਤੋਂ ਬਾਅਦ ਉਹਨਾਂ ਸ੍ਰੀ ਸਾਹਿਬ ਵਾਪਸ ਕੀਤੀ ਹੈ।
ਉਹਨਾਂ ਦੱਸਿਆ ਕਿ ਹੁਣ ਜਦੋਂ ਵੀ ਢਾਡੀ ਜੱਥਾ ਭਾਈ ਮਿਲਖਾ ਸਿੰਘ ਮੌਜੀ ਦਾ ਯੂਰਪ ਦੋਰੇ ਤੇ ਆਵੇਗਾ, ਉਹਨਾਂ ਨੂੰ ਇਹ ਕਿਰਪਾਨ ਸੌਂਪੀ ਜਾਵੇਗੀ। ਪੰਚ ਪ੍ਰਧਾਨੀ ਦੇ ਵੱਖ-ਵੱਖ ਆਗੂਆਂ ਨੇ ਵੀ ਹੁਣ ਇਸ ਮਾਮਲੇ ‘ਤੇ ਖੁਸ਼ੀ ਜਾਹਿਰ ਕਰਦਿਆਂ ਕਿਹਾ ਕਿ ਇਹ ਬਹੁਤ ਰਾਹਤ ਦੀ ਗੱਲ ਹੈ ਕਿ ਪ੍ਰਸਿੱਧ ਢਾਡੀ ਮੌਜੀ ਸਾਹਿਬ ਦੀ ਸ੍ਰੀ ਸਾਹਿਬ ਏਅਰਪੋਰਟ ਅਧਿਕਾਰੀਆਂ ਦੁਆਰਾ ਵਾਪਿਸ ਕਰ ਦਿਤੀ ਹੈ । ਉਹਨਾਂ ਅੱਗੇ ਇਹ ਵੀ ਉਮੀਦ ਜਤਾਈ ਕਿ ਆਉਣ ਵਾਲੇ ਸਮੇਂ ਦੇ ਵਿਚ ਕਿਸੇ ਵੀ ਪ੍ਰਚਾਰਕ ਜਾਂ ਸਿੱਖ ‘ਤੇ ਅਜਿਹਾ ਮਾਮਲਾ ਨਾ ਦਰਜ ਨਹੀਂ ਕੀਤਾ ਜਾਵੇਗਾ।