ਬਠਿੰਡਾ ‘ਚ ਪਤਨੀ ਨੂੰ ਗੋਲੀਆਂ ਮਾਰ ਕੇ ਪਤੀ ਫ਼ਰਾਰ !


ਬਠਿੰਡਾ, 19 ਅਗਸਤ (ਨਿਊਜ਼ ਟਾਊਨ ਨੈਟਵਰਕ) :
ਬਠਿੰਡਾ ਦੇ ਪਿੰਡ ਪੱਕਾ ਕਲਾਂ ਵਿਚ ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜਿੱਥੇ ਇਕ ਪਤੀ ਨੇ ਘਰੇਲੂ ਕਲੇਸ਼ ਦੇ ਚਲਦਿਆਂ ਆਪਣੀ ਪਤੀ ਨੂੰ ਲਾਇਸੈਂਸੀ ਪਿਸਤੌਨ ਨਾਲ ਤਿੰਨ ਗੋਲੀਆਂ ਮਾਰ ਦਿਤੀਆਂ। ਪਤਨੀ ਨੂੰ ਬਠਿੰਡਾ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਉੱਥੇ ਉਸਦੀ ਮੌਤ ਹੋ ਗਈ। ਮੁਲਜ਼ਮ ਪਤੀ ਪੁਲਿਸ ਦੀ ਪਕੜ ਤੋਂ ਬਾਹਰ ਹੈ, ਪੁਲਿਸ ਨੇ ਪਤੀ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕ ਜਸਪ੍ਰੀਤ ਕੌਰ ਨੂੰ ਅੱਜ ਇਹ ਨਹੀਂ ਪਤਾ ਸੀ ਕਿ ਅੱਜ ਉਸ ਦੀ ਜ਼ਿੰਦਗੀ ਦਾ ਆਖਰੀ ਦਿਨ ਹੈ। ਬੇਸ਼ੱਕ ਘਰ ’ਚ ਉਸ ਦੇ ਪਤੀ ਜਗਸੀਰ ਸਿੰਘ ਉਰਫ਼ ਸੀਰਾ ਦੇ ਨਾਲ ਅਕਸਰ ਹੀ ਵਿਵਾਦ ਰਹਿੰਦਾ ਸੀ ਕਈ ਵਾਰ ਤਾਂ ਪੰਚਾਇਤਾਂ ਵੀ ਹੋਈਆਂ, ਪਰ ਫਿਰ ਸੁਲਹਾ ਸਫ਼ਾਈ ਹੋ ਜਾਂਦੀ ਸੀ।
ਅੱਜ ਜਗਸੀਰ ਸਿੰਘ ਨੇ ਕਿਸੇ ਨਿੱਕੀ ਜਿਹੀ ਗੱਲ ਨੂੰ ਲੈ ਕੇ ਘਰ ’ਚ ਕਲੇਸ਼ ਪਾ ਲਿਆ ਅਤੇ ਆਪਣੇ ਲਾਇਸੈਂਸੀ ਪਿਸਤੌਲ ਨਾਲ ਆਪਣੀ ਪਤਨੀ ਜਸਪ੍ਰੀਤ ਕੌਰ ਤੇ ਇਕ ਤੋਂ ਬਾਅਦ ਇਕ ਤਿੰਨ ਫਾਇਰ ਕੀਤੇ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ। ਇਸ ਪੂਰੇ ਕਤਲ ਮਾਮਲੇ ’ਤੇ ਬਠਿੰਡਾ ਪੁਲਿਸ ਦੇ ਐਸਪੀਡੀ ਜਸਮੀਤ ਸਿੰਘ ਦਾ ਕਹਿਣਾ ਹੈ ਕਿ ਇਸ ਮਾਮਲੇ ’ਚ ਅਸੀਂ ਮ੍ਰਿਤਕ ਮਹਿਲਾ ਦੇ ਭਰਾ ਦੇ ਬਿਆਨ ਦਰਜ ਕਰ ਮਾਮਲਾ ਦਰਜ ਕਰ ਲਿਆ ਹੈ। ਜਲਦ ਹੀ ਮੁਲਜ਼ਮ ਦੀ ਗ੍ਰਿਫ਼ਤਾਰੀ ਕਰ ਲਈ ਜਾਵੇਗੀ। ਪ੍ਰੰਤੂ ਮੁੱਢਲੀ ਜਾਂਚ ਵਿੱਚ ਇਹ ਪਤਾ ਚੱਲਿਆ ਹੈ ਕਿ ਘਰੇਲੂ ਕਲੇਸ਼ ਇਸ ਕਤਲ ਦੀ ਵਜ੍ਹਾ ਬਣਿਆ ਹੈ।