ਪੱਟੀ ਦੇ ਜੰਮਪਲ ਅਰਸ਼ਦੀਪ ਸਿੰਘ ਕੈਨੇਡਾ ਪੁਲਿਸ ‘ਚ ਦੇਣਗੇ ਸੇਵਾਵਾਂ


ਪੱਟੀ/ਕੈਨੇਡਾ, 18 ਅਗਸਤ (ਨਿਊਜ਼ ਟਾਊਨ ਨੈਟਵਰਕ) : ਅਰਸ਼ਦੀਪ ਸਿੰਘ ਜੋ ਕਿ ਪੱਟੀ ਦੇ ਪਿੰਡ ਠੱਕਰਪੁਰਾ ਦਾ ਜੰਮਪਲ ਹੈ, ਨੇ ਕੈਨੇਡਾ ਵਿਚ ਜਾ ਕੇ ਮੱਲਾਂ ਮਾਰੀਆਂ ਹਨ। ਸਾਬਤ ਸੂਰਤ ਰਹਿੰਦਿਆਂ ਅਰਸ਼ਦੀਪ ਸਿੰਘ ਕੈਨੇਡਾ ਪੁਲਿਸ ਵਿਚ ਭਰਤੀ ਹੋਇਆ ਹੈ ਤੇ ਕੈਨੇਡਾ ਦੇ ਸ਼ਹਿਰ ਤੂਨੀਆ ਵਿਚ ਡਿਊਟੀ ਕਰਨ ਜਾ ਰਿਹਾ ਹੈ। ਅੰਮ੍ਰਿਤਧਾਰੀ ਅਰਸ਼ਦੀਪ ਸਿੰਘ ਦੇ ਪਿਤਾ ਸੁਖਵੰਤ ਸਿੰਘ ਤੇ ਭਰਾ ਸੁਖਵਿੰਦਰ ਸਿੰਘ ਨੇ ਦਸਿਆ ਕਿ ਅਰਸ਼ਦੀਪ ਸਿੰਘ ਨੇ ਸਾਰੀ ਸਿੱਖਿਆ ਅੱਵਲ ਦਰਜੇ ਵਿਚ ਪਾਸ ਕੀਤੀ ਹੈ ਤੇ ਖਡੂਰ ਸਾਹਿਬ ਵਿਖੇ ਚੱਲ ਰਹੇ ਨਿਸ਼ਾਨ ਏ ਸਿੱਖੀ ਅਕੈਡਮੀ ਵਿਚ ਐਨਡੀਏ ਦੀ ਪੜ੍ਹਾਈ ਕਰਕੇ ਉਸ ਨੇ ਪਹਿਲਾ ਦਰਜਾ ਪ੍ਰਾਪਤ ਕੀਤਾ ਸੀ। ਸਿਲੈਕਸ਼ਨ ਸਮੇਂ ਦੂਜਾ ਨੰਬਰ ਆ ਜਾਣ ਕਾਰਨ ਨਿਰਾਸ਼ ਹੋ ਕੇ ਕੈਨੇਡਾ ਚਲਾ ਗਿਆ ਜਿਥੇ ਕੈਨੇਡਾ ਪੁਲਿਸ ਵਿਚ ਭਰਤੀ ਹੋ ਗਿਆ ਹੈ। ਅਰਸ਼ਦੀਪ ਸਿੰਘ ਦੀ ਇਸ ਪ੍ਰਾਪਤੀ ਮਗਰੋਂ ਪਿੰਡ ਠੱਕਰਪੁਰਾ ਚ ਖੁਸ਼ੀ ਦਾ ਮਾਹੌਲ ਦੇਖਿਆ ਜਾ ਰਿਹਾ ਹੈ।