ਲਾਈਟ ਫ਼ਾਰ ਲਾਈਵਜ਼ ਸੰਸਥਾ ਨੇ ਆਸ਼ਰਮ ਦੇ ਬੱਚਿਆਂ ਨਾਲ ਮਨਾਈ ਜਨਮਾਸ਼ਟਮੀ


ਪਰਮਾਤਮਾ ਦਾ ਪ੍ਰਤੱਖ ਰੂਪ ਹੁੰਦੇ ਹਨ ਬੱਚੇ : ਸੁਖਵੰਤ ਸਿੰਘ ਪੱਡਾ
ਫਗਵਾੜਾ, 18 ਅਗਸਤ (ਸੁਸ਼ੀਲ ਸ਼ਰਮਾ) : ਬਜ਼ੁਰਗਾਂ ਅਤੇ ਅਨਾਥਾਂ ਦੀ ਸੇਵਾ ਨੂੰ ਸਮਰਪਿਤ ਫਗਵਾੜਾ ਦੀ ਐਨ.ਜੀ.ਓ. ਲਾਈਟ ਫਾਰ ਲਾਈਵਜ਼ ਨੇ ਗਾਂਧੀ ਵਨੀਤਾ ਆਸ਼ਰਮ ਜਲੰਧਰ ਦੇ ਬੱਚਿਆਂ ਨਾਲ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ। ਸੰਸਥਾ ਦੇ ਪ੍ਰਧਾਨ ਐਡਵੋਕੇਟ ਅਨੂ ਸ਼ਰਮਾ ਦੀ ਅਗਵਾਈ ਹੇਠ ਆਯੋਜਿਤ ਪ੍ਰੋਗਰਾਮ ਦੌਰਾਨ ਹਿਊਮਨ ਰਾਈਟਸ ਕੌਂਸਿਲ (ਇੰਡੀਆ) ਦੇ ਪੰਜਾਬ ਪ੍ਰਧਾਨ ਸੁਖਵੰਤ ਸਿੰਘ ਪੱਡਾ, ਜ਼ਿਲ੍ਹਾ ਪ੍ਰਧਾਨ ਆਸ਼ੂ ਮਾਰਕੰਡਾ, ਸੀ.ਡੀ.ਪੀ.ਓ. ਹਰਵਿੰਦਰ ਕੌਰ, ਜਸਟਿਸ ਰਾਕੇਸ਼ ਮਿੱਤਲ ਪਟਿਆਲਾ ਅਤੇ ਸਮਾਜ ਸੇਵਕ ਵਰਿੰਦਰ ਸ਼ਰਮਾ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਇਸ ਦੌਰਾਨ ਬੱਚਿਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਅਤੇ ਹਾਜਰੀਨ ਮਹਿਮਾਨਾ ਦਾ ਦਿਲ ਜਿੱਤ ਲਿਆ। ਪੰਜਾਬੀ ਗਾਇਕ ਜਸਵੀਰ ਮਾਹੀ ਨੇ ਵੀ ਆਪਣੇ ਗੀਤਾਂ ਨਾਲ ਬੱਚਿਆਂ ਦਾ ਮਨੋਰੰਜਨ ਕੀਤਾ। ਸੰਸਥਾ ਵੱਲੋਂ ਬੱਚਿਆਂ ਨੂੰ ਭੋਜਨ ਕਰਵਾਇਆ ਗਿਆ। ਜਨਮ ਅਸ਼ਟਮੀ ਦੇ ਮੌਕੇ ’ਤੇ ਕੱਪੜੇ, ਤੋਹਫ਼ੇ ਅਤੇ ਮਠਿਆਈਆਂ ਆਦਿ ਭੇਟ ਕੀਤੀਆਂ ਗਈਆਂ। ਸੰਸਥਾ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਪਤਵੰਤਿਆਂ ਨੇ ਕਿਹਾ ਕਿ ਬੱਚੇ ਮਨ ਦੇ ਸੱਚੇ ਅਤੇ ਅਸਲ ਵਿੱਚ ਪਰਮਾਤਮਾ ਦਾ ਰੂਪ ਹੁੰਦੇ ਹਨ। ਕਿਉਂਕਿ ਉਨ੍ਹਾਂ ਦੇ ਮਨ ਵਿੱਚ ਕਿਸੇ ਪ੍ਰਤੀ ਵੈਰ ਜਾਂ ਦੁਰਭਾਵਨਾ ਨਹੀਂ ਹੁੰਦੀ। ਬੱਚਿਆਂ ਨੂੰ ਹਮੇਸ਼ਾ ਪਿਆਰ ਕਰਨਾ ਚਾਹੀਦਾ ਹੈ। ਪ੍ਰੋਗਰਾਮ ਵਿੱਚ ਮੌਜੂਦ ਜਲੰਧਰ ਦੇ ਪਤਵੰਤਿਆਂ ਨੇ ਭਾਵੁਕ ਹੋ ਕੇ ਕਿਹਾ ਕਿ ਉਨ੍ਹਾਂ ਨੂੰ ਇਸ ਆਸ਼ਰਮ ਵਿੱਚ ਪਲ ਰਹੇ ਛੋਟੇ-ਛੋਟੇ ਬੱਚਿਆਂ ਬਾਰੇ ਜਾਣਕਾਰੀ ਨਹੀਂ ਸੀ। ਪਰ ਭਵਿੱਖ ਵਿੱਚ ਉਹ ਆਸ਼ਰਮ ਦੇ ਬੱਚਿਆਂ ਨਾਲ ਆਪਣੇ ਤਿਓਹਾਰਾਂ ਦੀ ਖੁਸ਼ੀ ਸਾਂਝੀ ਕਰਨ ਲਈ ਜ਼ਰੂਰ ਆਉਣਗੇ। ਐਡਵੋਕੇਟ ਅਨੂ ਸ਼ਰਮਾ ਨੇ ਪਤਵੰਤਿਆਂ ਦਾ ਪਹੁੰਚਣ ਲਈ ਧੰਨਵਾਦ ਕੀਤਾ। ਆਸ਼ਰਮ ਦੇ ਸੰਚਾਲਕਾਂ ਨੇ ਵੀ ਐਡਵੋਕੇਟ ਅਨੂ ਸ਼ਰਮਾ ਅਤੇ ਉਨ੍ਹਾਂ ਦੀ ਟੀਮ ਦੇ ਯਤਨਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਹਰੀਸ਼ ਅਰੋੜਾ, ਅਰਵਿੰਦ ਵਰਮਾ ਅਤੇ ਹੋਰ ਪਤਵੰਤੇ ਮੌਜੂਦ ਸਨ।