ਫਗਵਾੜਾ ‘ਚ 35 ਹਜ਼ਾਰ ਨਵੇਂ ਰੁੱਖ ਲਗਾਉਣ ਦੀ ਮੁਹਿਮ ਦਾ ਆਗਾਜ਼


ਹਰਜੀਤ ਮਾਨ ਨੇ ਸਮੂਹ ਪਿੰਡਾਂ ਤੇ ਸ਼ਹਿਰ ਵਾਸੀਆਂ ਤੋਂ ਵਾਤਾਵਰਣ ਸੁਰੱਖਿਆ ਲਈ ਮੰਗਿਆ ਸਹਿਯੋਗ
ਫਗਵਾੜਾ, 18 ਅਗਸਤ (ਸੁਸ਼ੀਲ ਸ਼ਰਮਾ) : ਆਮ ਆਦਮੀ ਪਾਰਟੀ ਵਿਧਾਨਸਭਾ ਹਲਕਾ ਫਗਵਾੜਾ ਦੇ ਇੰਚਾਰਜ ਹਰਨੂਰ ਸਿੰਘ (ਹਰਜੀ) ਮਾਨ ਨੇ ਦੱਸਿਆ ਕਿ ਉਹਨਾਂ ਵਲੋਂ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ 350 ਸਾਲਾਂ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਰੁੱਖ ਲਗਾਓ ਮੁਹਿਮ ਮੰਗਲਵਾਰ 19 ਅਗਸਤ ਤੋਂ ਸ਼ੁਰੂ ਕੀਤੀ ਜਾ ਰਹੀ ਹੈ। ਜਿਸਦੇ ਤਹਿਤ ਫਗਵਾੜਾ ਵਿਧਾਨਸਭਾ ਹਲਕੇ ‘ਚ 35 ਹਜਾਰ ਰੁੱਖ ਲਗਾਉਣ ਦਾ ਟੀਚਾ ਮਿੱਥਿਆ ਗਿਆ ਹੈ। ਹਰਜੀ ਮਾਨ ਨੇ ਕਿਹਾ ਕਿ ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਸਾਹਿਬ ਨੇ ਜਿਸ ਤਰ੍ਹਾਂ ਧਰਮ ਦੀ ਰੱਖਿਆ ਲਈ ਆਪਣਾ ਜੀਵਨ ਬਲਿਦਾਨ ਕੀਤਾ ਸੀ, ਉਸ ਤੋਂ ਸੇਧ ਲੈਂਦੇ ਹੋਏ ਸਾਡਾ ਫਰਜ਼ ਹੈ ਕਿ ਅਸੀਂ ਮਨੁੱਖਤਾ ਨੂੰ ਬਚਾਉਣ ਲਈ ਹਰ ਸੰਭਵ ਯਤਨ ਕਰੀਏ। ਉਹਨਾਂ ਕਿਹਾ ਕਿ ਅੱਜ ਮਨੁੱਖ ਨੂੰ ਭਿਆਨਕ ਕੁਦਰਤੀ ਆਫਤਾਂ ਨਾਲ ਜੂਝਨਾ ਪੈ ਰਿਹਾ ਹੈ। ਜਿਸਦੀ ਝਲਕ ਭਾਰਤ ਦੇ ਪਹਾੜੀ ਰਾਜਾਂ ‘ਚ ਬੱਦਲ ਫਟਣ ਨਾਲ ਆਉਣ ਵਾਲੀਆਂ ਕੁਦਰਤੀ ਆਫਤਾਂ ਦੇ ਰੂਪ ਵਿੱਚ ਸਪਸ਼ਟ ਨਜਰ ਆਉਂਦੀ ਹੈ। ਇਹਨਾਂ ਆਫਤਾਂ ਦੀ ਇਕ ਮੁੱਖ ਵਜ੍ਹਾ ਵਿਗੜ ਰਿਹਾ ਮੌਸਮ ਚੱਕਰ ਹੈ। ਜਿਸ ਦੇ ਲਈ ਵੱਡੀ ਪੱਧਰ ਤੇ ਹੋ ਰਹੀ ਦਰਖ਼ਤਾਂ ਦੀ ਕਟਾਈ ਹੈ। ਉਹਨਾਂ ਨੇ ਹਲਕੇ ਦੇ ਸਮੂਹ ਪਿੰਡਾਂ ਅਤੇ ਸ਼ਹਿਰ ਦੇ ਹਰੇਕ ਵਾਰਡ ਦੇ ਵਸਨੀਕਾਂ ਨੂੰ ਪੁਰਜੋਰ ਅਪੀਲ ਕੀਤੀ ਕਿ ਇਸ ਮੁਹਿੰਮ ਦਾ ਹਿੱਸਾ ਬਣਨ ਅਤੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਸਿੱਜਦਾ ਕਰਦੇ ਹੋਏ ਵਾਤਾਵਰਣ ਸੁਰੱਖਿਆ ਦੀ ਇਸ ਵੱਡੀ ਪਹਿਲ ਨੂੰ ਸਫਲ ਕਰਨ ‘ਚ ਸਹਿਯੋਗ ਦਿੱਤਾ ਜਾਵੇ।