ਕਿਸਾਨਾਂ ਨਾਲ ਕਿਸੇ ਤਰ੍ਹਾਂ ਦਾ ਧੱਕਾ ਨਹੀਂ ਹੋਣ ਦੇਵੇਗੀ ਭਾਜਪਾ : ਸੁਨੀਲ ਜਾਖੜ


ਕਿਹਾ, ਕਿਸਾਨਾਂ ਦੀ ਜਿੱਤ ਨਾਲ ‘ਆਪ’ ਦਾ ਚਿਹਰਾ ਪੂਰੀ ਤਰ੍ਹਾਂ ਬੇਨਕਾਬ ਹੋਇਆ
‘ਸਿਸੋਦੀਆ ਵਿਵਾਦਤ ਬਿਆਨ ਦੇ ਰਹੇ ਸਨ ਤਾਂ ਮਾਨ ਉਨ੍ਹਾਂ ਸਾਹਮਣੇ ਬੈਠੇ ਤਾਲੀਆਂ ਵਜਾ ਰਹੇ ਸਨ’
‘ਮੋਦੀ ਸਰਕਾਰ ਦੀਆਂ ਨੀਤੀਆਂ ਕਿਸਾਨ ਪੱਖੀ, ਪੰਜਾਬ ਦੇ ਲੋਕ ਸੱਚ ਨੂੰ ਪਛਾਨਣ ਲੱਗੇ’
ਚੰਡੀਗੜ੍ਹ, 17 ਅਗਸਤ (ਨਿਊਜ਼ ਟਾਊਨ ਨੈਟਵਰਕ) : ਭਾਜਪਾ ਪੰਜਾਬ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਆਮ ਆਦਮੀ ਪਾਰਟੀ ਉੱਤੇ ਵੱਡੇ ਨਿਸ਼ਾਨੇ ਸਾਧੇ ਹਨ। ਜਾਖੜ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਦੀ ਜਿੱਤ ਨਾਲ ਆਮ ਆਦਮੀ ਪਾਰਟੀ ਦਾ ਚਿਹਰਾ ਪੂਰੀ ਤਰ੍ਹਾਂ ਬੇਨਕਾਬ ਹੋ ਗਿਆ ਹੈ। ਹੁਣ ਪੰਜਾਬ ਦੇ ਕਿਸਾਨਾਂ ਅਤੇ ਜਨਤਾ ਨੂੰ ਜਾਗਰੂਕ ਹੋਣਾ ਪਵੇਗਾ ਕਿਉਂਕਿ ਅਸਲ ਜੰਗ ਕਿਸਾਨਾਂ ਦੇ ਖੇਤਾਂ ਵਿਚ ਲੜੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਨੀਤੀ ਅਰਵਿੰਦ ਕੇਜਰੀਵਾਲ ਨੇ ਬਣਾਈ ਹੋਵੇ ਜਾਂ ਕਿਸੇ ਵੱਡੇ ਵਿਦੇਸ਼ੀ ਨੇਤਾ ਨੇ, ਸਭ ਦੀਆਂ ਨਜ਼ਰਾਂ ਪੰਜਾਬ ਦੇ ਕਿਸਾਨ ‘ਤੇ ਟਿਕੀਆਂ ਹੋਈਆਂ ਹਨ। ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਕਰਦਿਆਂ ਦਿਖਾ ਦਿਤਾ ਕਿ ਅਸਲ ਲੀਡਰਸ਼ਿਪ ਕੀ ਹੁੰਦੀ ਹੈ। ਮੋਦੀ ਜੀ ਨੇ ਸਾਫ਼ ਕਿਹਾ ਹੈ ਕਿ ਕਿਸਾਨਾਂ ਦੇ ਹਿੱਤਾਂ ਨਾਲ ਕੋਈ ਸਮਝੌਤਾ ਨਹੀਂ ਹੋਵੇਗਾ। ਜਾਖੜ ਨੇ ਪੰਜਾਬ ਦੇ ਕਿਸਾਨਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਹੁਣ ਸਹੀ ਕਿਸਾਨ ਨੇਤਾ ਅੱਗੇ ਆਉਣ ਅਤੇ ਜ਼ਿੰਮੇਵਾਰੀ ਸੰਭਾਲਣ। ਉਨ੍ਹਾਂ ਇਹ ਵੀ ਕਿਹਾ ਕਿ ਜੇ ਕਿਸਾਨਾਂ ਨਾਲ ਜੁੜੀ ਕੋਈ ਗ਼ਲਤੀ ਹੋਈ ਸੀ ਤਾਂ ਮੋਦੀ ਜੀ ਨੇ ਵੱਡਾ ਕਦਮ ਚੁੱਕ ਕੇ ਉਸਨੂੰ ਠੀਕ ਕੀਤਾ ਹੈ। ਉਨ੍ਹਾਂ ਵਿਰੋਧੀ ਪਾਰਟੀਆਂ ‘ਤੇ ਤੰਜ ਕੱਸਦੇ ਹੋਏ ਕਿਹਾ ਕਿ ਰਾਜਨੀਤਿਕ ਪਾਰਟੀਆਂ ਹੋਰ ਮੁੱਦਿਆਂ ‘ਤੇ ਵਿਰੋਧ ਕਰ ਸਕਦੀਆਂ ਹਨ, ਪਰ ਕਿਸਾਨਾਂ ਦੇ ਮੁੱਦੇ ‘ਤੇ ਸਭ ਨੂੰ ਇਕੱਠੇ ਹੋਣਾ ਪਵੇਗਾ। ਉਨ੍ਹਾਂ ਸਾਫ਼ ਕਿਹਾ ਕਿ ਮੋਦੀ ਸਰਕਾਰ ਦੀਆਂ ਨੀਤੀਆਂ ਕਿਸਾਨਾਂ ਦੇ ਹਿੱਤ ਵਿਚ ਹਨ ਅਤੇ ਅੱਜ ਪੰਜਾਬ ਦੇ ਲੋਕ ਸੱਚ ਨੂੰ ਪਛਾਣ ਰਹੇ ਹਨ। ਮਨੀਸ਼ ਸਿਸੋਦੀਆ ‘ਤੇ ਹਮਲਾ ਕਰਦੇ ਹੋਏ ਉਨ੍ਹਾਂ ਕਿਹਾ ਕਿ “ਇਹ ਲੋਕ ਖੁੱਲ੍ਹਿਆਂ ਆਖਦੇ ਹਨ ਕਿ ਅਸੀਂ ਚੋਣਾਂ ਜਿੱਤਣ ਲਈ ਝੂਠ ਵੀ ਬੋਲਾਂਗੇ, ਦੰਗੇ ਵੀ ਕਰਵਾਂਗੇ, ਕਿਸੇ ਵੀ ਹੱਦ ਤਕ ਜਾਵਾਂਗੇ। ਇਹ ਲੋਕਤੰਤਰ ਦੀ ਬੇਇਜ਼ਤੀ ਹੈ ਅਤੇ ਪੰਜਾਬੀਆਂ ਨਾਲ ਧੋਖਾ ਹੈ। ਪੰਜਾਬੀਆਂ ਨੂੰ ਹੁਣ ਐਸੇ ਨੇਤਾਵਾਂ ਨੂੰ ਸਵਾਲ ਪੂਛਣੇ ਚਾਹੀਦੇ ਹਨ।” ਜਾਖੜ ਨੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਵੀ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਜਦੋਂ ਸਿਸੋਦੀਆ ਵਿਵਾਦਤ ਬਿਆਨ ਦੇ ਰਹੇ ਸਨ, ਤਦ ਮਾਨ ਉਨ੍ਹਾਂ ਦੇ ਸਾਹਮਣੇ ਬੈਠੇ ਤਾਲੀਆਂ ਵਜਾ ਰਹੇ ਸਨ। ਇਸ ਨਾਲ ਪੰਜਾਬੀਆਂ ਦਾ ਸ਼ੱਕ ਹੋਰ ਵਧ ਗਿਆ ਹੈ। ਉਨ੍ਹਾਂ ਕਿਹਾ ਕਿ ਜੇ ਹਾਲਾਤ ਇਉਂ ਹੀ ਚੱਲਦੇ ਰਹੇ ਅਤੇ ਭਗਵੰਤ ਮਾਨ ਚੁੱਪ ਰਹੇ ਤਾਂ ਪੰਜਾਬ ਦੇ ਲੋਕ ਉਨ੍ਹਾਂ ਤੋਂ ਜ਼ਰੂਰ ਪੁੱਛਣਗੇ।