ਜੰਮੂ-ਕਸ਼ਮੀਰ ਦੇ ਕਿਸ਼ਤਵਾੜ ’ਚ ਜਲੰਧਰ ਦੀਆਂ 2 ਕੁੜੀਆਂ ਲਾਪਤਾ


ਕਿਸ਼ਤਵਾੜ, 17 ਅਗਸਤ (ਨਿਊਜ਼ ਟਾਊਨ ਨੈਟਵਰਕ) : ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਹਾਦਸੇ ਵਿਚ ਜਲੰਧਰ ਦੀਆਂ ਦੋ ਕੁੜੀਆਂ ਦੇ ਵੀ ਲਾਪਤਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਕਿਸ਼ਤਵਾੜ ਵਿਚ ਬੱਦਲ ਫਟਣ ਤੋਂ ਬਾਅਦ ਲਾਪਤਾ ਹੋਏ ਲੋਕਾਂ ’ਚ ਜਲੰਧਰ ਦੀ ਰਹਿਣ ਵਾਲੀਆਂ ਦੋ ਕੁੜੀਆਂ ਵੀ ਸ਼ਾਮਲ ਹਨ। ਦੋਵੇਂ ਕੁੜੀਆਂ ਦੇ ਨਾਮ ਦਿਸ਼ਾ ਅਤੇ ਵੰਸ਼ਿਕਾ ਹਨ, ਜੋ ਸੋਢਲ ਦੀਆਂ ਰਹਿਣ ਵਾਲੀਆਂ ਹਨ। ਇਨ੍ਹਾਂ ਦੇ ਲਾਪਤਾ ਹੋਣ ਦੀ ਖ਼ਬਰ ਤੋਂ ਬਾਅਦ ਇਨ੍ਹਾਂ ਦੇ ਪਰਿਵਾਰਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਹੈ। ਵੰਸ਼ਿਕਾ ਆਪਣੇ ਪਰਿਵਾਰ ਅਤੇ ਦੋਸਤ ਦਿਸ਼ਾ ਨਾਲ ਜੰਮੂ-ਕਸ਼ਮੀਰ ਵਿਚ ਆਪਣੀ ਨਾਨੀ ਦੇ ਘਰ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਵਾਲੇ ਦਿਨ ਵੰਸ਼ਿਕਾ ਆਪਣੇ ਪਰਿਵਾਰ ਅਤੇ ਦੋਸਤ ਦਿਸ਼ਾ ਨਾਲ ਮਚੈਲ ਮਾਤਾ ਮੰਦਰ ਮੱਥਾ ਟੇਕਣ ਗਈ ਸੀ। ਪਰਿਵਾਰ ਮੱਥਾ ਟੇਕ ਕੇ ਮੰਦਰ ਤੋਂ ਵਾਪਸ ਆ ਰਿਹਾ ਸੀ ਕਿ ਇਸ ਦੌਰਾਨ ਵੰਸ਼ਿਕਾ ਅਤੇ ਉਸਦੀ ਦੋਸਤ ਦਿਸ਼ਾ ਬੱਦਲ ਫਟਣ ਤੋਂ ਬਾਅਦ ਲਾਪਤਾ ਹੋ ਗਏ। ਜਾਣਕਾਰੀ ਅਨੁਸਾਰ 22 ਸਾਲਾ ਵੰਸ਼ਿਕਾ ਅਤੇ ਉਸ ਦੀ ਸਹੇਲੀ ਦਿਸ਼ਾ ਆਪਣੇ ਮਾਤਾ-ਪਿਤਾ ਅਤੇ ਭਰਾ ਨਾਲ ਜੰਮੂ-ਕਸ਼ਮੀਰ ਗਈ ਹੋਈ ਸੀ। ਜਿੱਥੇ ਉਹ ਆਪਣੇ ਪਰਿਵਾਰ ਨਾਲ ਮਾਤਾ ਦੇ ਮੰਦਰ ਵਿਚ ਦਰਸ਼ਨ ਕਰਨ ਗਈ ਸੀ। ਪਰ ਕਿਸ਼ਤਵਾੜ ਵਿਚ ਬੱਦਲ ਫਟਣ ਤੋਂ ਬਾਅਦ ਇਹ ਦੋਵੇਂ ਕੁੜੀਆਂ ਲਾਪਤਾ ਹਨ। ਫਿਲਹਾਲ ਦੋਵਾਂ ਕੁੜੀਆਂ ਦੀ ਭਾਲ ਜਾਰੀ ਹੈ। ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਕਿਸ਼ਤਵਾੜ ਦੇ ਚਿਸ਼ੋਟੀ ਸ਼ਹਿਰ ਵਿਚ 4 ਥਾਵਾਂ ‘ਤੇ ਬੱਦਲ ਫਟਣ ਕਾਰਨ 60 ਲੋਕਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ਵਿਚੋਂ ਜ਼ਿਆਦਾਤਰ ਮਛੈਲ ਮਾਤਾ ਦੇ ਦਰਸ਼ਨ ਕਰਨ ਆਏ ਸ਼ਰਧਾਲੂ ਹਨ। ਸੀਆਈਐਸਐਫ ਦੇ 2 ਜਵਾਨ ਵੀ ਸ਼ਹੀਦ ਹੋ ਗਏ ਹਨ। ਰਾਹਤ ਅਤੇ ਬਚਾਅ ਕਾਰਜ ਵੱਡੇ ਪੱਧਰ ‘ਤੇ ਜਾਰੀ ਹੈ।