NDA ਵਲੋਂ ਸੀਪੀ ਰਾਧਾਕ੍ਰਿਸ਼ਨਨ ਹੋਣਗੇ ਉਪ-ਰਾਸ਼ਟਰਪਤੀ ਦੇ ਉਮੀਦਵਾਰ

0
Screenshot 2025-08-17 210035

ਨਵੀਂ ਦਿੱਲੀ, 17 ਅਗਸਤ (ਨਿਊਜ਼ ਟਾਊਨ ਨੈਟਵਰਕ) : ਮਹਾਰਾਸ਼ਟਰ ਦੇ ਰਾਜਪਾਲ ਸੀਪੀ ਰਾਧਾਕ੍ਰਿਸ਼ਨਨ ਐਨਡੀਏ ਦੇ ਉਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਹੋਣਗੇ। ਐਤਵਾਰ ਨੂੰ ਹੋਈ ਭਾਜਪਾ ਸੰਸਦੀ ਪਾਰਟੀ ਦੀ ਮੀਟਿੰਗ ਵਿਚ ਉਨ੍ਹਾਂ ਦੇ ਨਾਮ ‘ਤੇ ਸਹਿਮਤੀ ਬਣੀ। ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਇਕ ਪ੍ਰੈਸ ਕਾਨਫਰੰਸ ਵਿਚ ਰਾਧਾਕ੍ਰਿਸ਼ਨਨ ਦੇ ਨਾਮ ਦਾ ਐਲਾਨ ਕੀਤਾ। ਮੀਟਿੰਗ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਜੇਪੀ ਨੱਡਾ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਸਮੇਤ ਕਈ ਨੇਤਾ ਮੌਜੂਦ ਸਨ। ਰਾਧਾਕ੍ਰਿਸ਼ਨਨ 21 ਅਗਸਤ ਨੂੰ ਆਪਣਾ ਨਾਮਜ਼ਦਗੀ ਦਾਖਲ ਕਰਨਗੇ। ਇਸ ਦੌਰਾਨ ਐਨਡੀਏ ਸ਼ਾਸਿਤ ਰਾਜਾਂ ਦੇ ਸਾਰੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਵੀ ਮੌਜੂਦ ਰਹਿਣਗੇ। ਸੀਪੀ ਰਾਧਾਕ੍ਰਿਸ਼ਨਨ ਇਸ ਸਮੇਂ ਮਹਾਰਾਸ਼ਟਰ ਦੇ ਰਾਜਪਾਲ ਹਨ। ਪੀਐਮ ਮੋਦੀ ਨੇ ਉਨ੍ਹਾਂ ਨੂੰ ਵਧਾਈ ਦਿੰਦੇ ਹੋਏ ਇਹ ਫੋਟੋ ਪੋਸਟ ਕੀਤੀ। ਉਪ ਰਾਸ਼ਟਰਪਤੀ ਚੋਣ ਲਈ ਵੋਟਿੰਗ 9 ਸਤੰਬਰ ਨੂੰ ਹੋਵੇਗੀ। ਗਿਣਤੀ ਵੀ ਉਸੇ ਦਿਨ ਹੋਵੇਗੀ। ਨਾਮਜ਼ਦਗੀ ਦਾਖਲ ਕਰਨ ਦੀ ਆਖਰੀ ਮਿਤੀ 21 ਅਗਸਤ ਹੈ। 25 ਅਗਸਤ ਤਕ ਉਮੀਦਵਾਰੀ ਵਾਪਸ ਲਈ ਜਾ ਸਕਦੀ ਹੈ। ਦਰਅਸਲ ਜਗਦੀਪ ਧਨਖੜ ਨੇ 21 ਜੁਲਾਈ ਦੀ ਰਾਤ ਨੂੰ ਅਚਾਨਕ ਉਪ ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫਾ ਦੇ ਦਿਤਾ। 74 ਸਾਲਾ ਧਨਖੜ ਦਾ ਕਾਰਜਕਾਲ 10 ਅਗਸਤ 2027 ਤਕ ਸੀ। ਜ਼ਿਕਰਯੋਗ ਹੈ ਕਿ ਸੀਪੀ ਰਾਧਾਕ੍ਰਿਸ਼ਨਨ ਦਾ ਪੂਰਾ ਨਾਮ ਚੰਦਰਪੁਰਮ ਪੋਨੂਸਾਮੀ ਰਾਧਾਕ੍ਰਿਸ਼ਨਨ ਹੈ। ਉਨ੍ਹਾਂ ਦਾ ਜਨਮ 4 ਮਈ 1957 ਨੂੰ ਤਾਮਿਲਨਾਡੂ ਦੇ ਤਿਰੂਪੁਰ ਵਿਚ ਹੋਇਆ ਸੀ। ਉਹ 16 ਸਾਲ ਦੀ ਉਮਰ ਵਿਚ ਆਰਐਸਐਸ ਵਿਚ ਸ਼ਾਮਲ ਹੋਏ ਸਨ। ਉਹ 1998 ਅਤੇ 1999 ਵਿਚ ਕੋਇੰਬਟੂਰ ਸੀਟ ਤੋਂ ਸੰਸਦ ਮੈਂਬਰ ਬਣੇ। ਉਹ 2004 ਤੋਂ 2007 ਤਕ ਤਾਮਿਲਨਾਡੂ ਭਾਜਪਾ ਦੇ ਸੂਬਾ ਪ੍ਰਧਾਨ ਰਹੇ। ਉਹ 2023 ਵਿਚ ਝਾਰਖੰਡ ਦੇ ਰਾਜਪਾਲ ਬਣੇ।

Leave a Reply

Your email address will not be published. Required fields are marked *