ਪਹਿਲਾਂ ਧਮਕੀ ਭਰੀਆਂ ਈ-ਮੇਲ ਤੇ ਹੁਣ A.I. ਰਾਹੀਂ ਦਰਬਾਰ ਸਾਹਿਬ ਨੂੰ ਦਿਖਾਇਆ ਢਹਿ ਢੇਰੀ


ਸ਼ੋ੍ਮਣੀ ਕਮੇਟੀ ਨੇ ਵੀਡੀਓ ਨੂੰ ਬੰਦ ਕਰਾਉਣ ਲਈ ਪੁਲਿਸ, ਸਾਇਬਰ ਸੈਲ ਤੇ ਯੂਟਿਉਬ ਨੂੰ ਭੇਜਿਆ ਪੱਤਰ
ਅੰਮ੍ਰਿਤਸਰ, 16 ਅਗਸਤ (ਚਰਨਜੀਤ ਸਿੰਘ) : ਦੁਨੀਆ ਦੇ ਕੋਣੇ ਕੋਣੇ ਵਿਚੋਂ ਸ੍ਰੀ ਦਰਬਾਰ ਸਾਹਿਬ ਪ੍ਰਤੀ ਸ਼ਰਧਾ ਤੇ ਸਤਿਕਾਰ ਭੇਟ ਕਰਨ ਲਈ ਆ ਰਹੀਆਂ ਸੰਗਤਾਂ ਤੋਂ ਚਿੱਥੀਆਂ ਪਈਆਂ ਸਿੱਖ ਵਿਰੋਧੀ ਤਾਕਤਾਂ ਨੇ ਏ ਆਈ (ਆਰਟੀਫਿਸ਼ੀਅਲ ਇੰਟੈਲੀਜੈਂਸੀ) ਨੂੰ ਆਪਣਾ ਹਥਿਆਰ ਬਣਾ ਕੇ ਸ੍ਰੀ ਦਰਬਾਰ ਸਾਹਿਬ ਨੂੰ ਢਹਿ ਢੇਰੀ ਹੋਣ ਦੀਆਂ ਵੀਡੀਓ ਬਣਾ ਕੇ ਸ਼ੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਹੈ। ਇਸ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਨੂੰ ਉਡਾ ਦੇਣ ਦੀਆਂ ਧਮਕੀ ਭਰੀਆਂ ਈ ਮੇਲ ਦਾ ਇਕ ਲੰਮਾਂ ਸਿਲਸਿਲਾ ਵੀ ਚਲਿਆ ਸੀ। ਹੁਣ ਸ਼ਰਾਰਤੀ ਅਨਸਰਾਂ ਨੇ ਪਾਣੀ ਦੇ ਤੇਜ਼ ਵਹਾਅ ਕਾਰਨ ਸ੍ਰੀ ਦਰਬਾਰ ਸਾਹਿਬ ਦੀ ਇਮਾਰਤ ਨੂੰ ਦੋਫਾੜ ਹੁੰਦੀ ਦਿਖਾਇਆ ਹੈ ਤੇ ਨਾਲ ਹੀ ਵੱਡੀ ਗਿਣਤੀ ਵਿਚ ਸਿੱਖਾਂ ਨੂੰ ਉਸ ਵਹਾਅ ਵਿਚ ਡੁੱਬਦੇ ਦਿਖਾਇਆ ਹੈ। ਅਜਿਹੀ ਘਟੀਆ ਮਾਨਸਿਕਤਾ ਦਾ ਪ੍ਰਦਰਸ਼ਨ ਕਰਨ ਵਾਲੇ ਸਿੱਖ ਵਿਰੋਧੀਆਂ ਦੀ ਇਸ ਹਰਕਤ ਕਾਰਨ ਕਾਰਨ ਸਿੱਖ ਹਿਰਦੇ ਵਲੂੰਧਰੇ ਗਏ ਹਨ। ਅਜਿਹੀਆਂ ਵੀਡੀਓ ਦਾ ਨਾ ਤੇ ਸ਼ੋਸ਼ਲ ਮੀਡੀਆ ਚਲਾਉਣ ਵਾਲੇ ਅਦਾਰੇ ਨੋਟਿਸ ਲੈਂਦੇ ਹਨ ਤੇ ਨਾ ਹੀ ਸਰਕਾਰ ਦਾ ਸਾਇਬਰ ਸੈਲ। ਸ਼ੋਸ਼ਲ ਮੀਡੀਆ ਤੇ ਸਿੱਖ ਨੌਜਵਾਨਾਂ ਦੀਆਂ ਚੜ੍ਹਦੀ ਕਲਾ ਦੀਆਂ ਗਤੀਵਿਧੀਆਂ ਨੂੰ ਪਲ ਭਰ ਵਿਚ ਬੈਨ ਕਰਨ ਵਾਲਾ ਕੋਈ ਵੀ ਟੂਲ ਅਜਿਹੀਆਂ ਵੀਡੀਓ ਤੇ ਕੋਈ ਕਾਰਵਾਈ ਕਰਨ ਤੋਂ ਅਸਮਰਥ ਹੈ। ਇਸ ਸਬੰਧੀ ਸ਼ੋ੍ਮਣੀ ਕਮੇਟੀ ਦੇ ਮੀਤ ਸਕੱਤਰ ਸ੍ਰ ਹਰਭਜਨ ਸਿੰਘ ਵਕਤਾ ਨੇ ਕਿਹਾ ਹੈ ਕਿ ਅਸੀਂ ਇਸ ਵੀਡੀਓ ਨੂੰ ਬੰਦ ਕਰਨ ਲਈ ਪੁਲੀਸ, ਸਾਇਬਰ ਸੈਲ ਤੇ ਯੂਟਿਉਬ ਨੂੰ ਪੱਤਰ ਭੇਜ ਦਿਤਾ ਹੈ।