ਆਜ਼ਾਦੀ ਘੁਲਾਟੀਆਂ ਦੇ ਪਰਿਵਾਰ ਸਿਰਫ਼ ਸਵਤੰਤਰਤਾ ਤੇ ਗਣਤੰਤਰ ਦਿਵਸ ਮੌਕੇ ਹੀ ਸਰਕਾਰਾਂ ਨੂੰ ਯਾਦ? ਉਦੋਂ ਵੀ ਕਿੱਲੋ ਦਾ ਡੱਬਾ ਤੇ ਇਕ ਲੋਈ!


ਪਟਿਆਲਾ, 16 ਅਗਸਤ (ਗੁਰਪ੍ਰਤਾਪ ਸਿੰਘ ਸ਼ਾਹੀ) : ਸ਼ਹੀਦਾਂ ਤੇ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਬਾਰੇ ਅੱਜ ਲੋਕਾਂ ਵਿਚ ਤਿੱਖੀ ਚਰਚਾ ਹੈ ਕਿ ਸਰਕਾਰਾਂ ਨੂੰ ਇਹ ਪਰਿਵਾਰ ਸਾਲ ਵਿਚ ਸਿਰਫ਼ ਦੋ ਦਿਨ ਹੀ ਕਿਉਂ ਯਾਦ ਆਉਂਦੇ ਹਨ? 15 ਅਗਸਤ ਤੇ 26 ਜਨਵਰੀ ਦੇ ਮੌਕੇ ਸਮਾਰੋਹਾਂ ਵਿੱਚ ਮੰਚਾਂ ਉੱਤੇ ਉਹਨਾਂ ਨੂੰ ਬੁਲਾਕੇ ਰਸਮੀ ਤੌਰ ‘ਤੇ ਕਿੱਲੋ ਦਾ ਡੱਬਾ ਮਿੱਠਾਈ ਦਾ ਤੇ ਇਕ ਲੋਈ ਦੇ ਕੇ “ਸਨਮਾਨ” ਕਰ ਦਿਤਾ ਜਾਂਦਾ ਹੈ।ਲੋਕਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਪਰਿਵਾਰਾਂ ਨੇ ਦੇਸ਼ ਦੀ ਖ਼ਾਤਰ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ, ਉਹਨਾਂ ਦੀਆਂ ਕੁਰਬਾਨੀਆਂ ਦਾ ਮੁੱਲ ਮਿੱਠਾਈ ਦੇ ਡੱਬੇ ਤੇ ਚੁਣੀਂਦੀ ਯਾਦਾਂ ਨਾਲ ਨਹੀਂ ਲਾਇਆ ਜਾ ਸਕਦਾ। ਇਹ ਪਰਿਵਾਰ ਸਾਲ ਦੇ ਬਾਕੀ ਦਿਨ ਗੁਜ਼ਾਰੇ ਦੀਆਂ ਮੁਸ਼ਕਲਾਂ, ਰੋਜ਼ਗਾਰ ਦੀ ਕਮੀ ਅਤੇ ਅਧਿਕਾਰੀਆਂ ਦੀ ਅਣਡਿੱਠੀ ਨਾਲ ਪੀੜਤ ਰਹਿੰਦੇ ਹਨ। ਜਦੋਂ ਦਫਤਰਾਂ ਵਿਚ ਆਪਣੇ ਕੰਮਾਂ ਕਾਰਾਂ ਲਈ ਆਉਂਦੇ ਹਨ ਤਾਂ ਉਨਾਂ ਦੀ ਕੋਈ ਪੁੱਛ ਪੜਤਾਲ ਨਹੀਂ ਹੁੰਦੀ ਸਗੋਂ ਉਹਨਾਂ ਨੂੰ ਜਲੀਲ ਕੀਤਾ ਜਾਂਦਾ ਹੈ।ਸਮਾਜਿਕ ਵਰਗਾਂ ਨੇ ਦੱਸਿਆ ਕਿ ਜੇ ਸਰਕਾਰਾਂ ਨੇ ਅਸਲ ਸਨਮਾਨ ਕਰਨਾ ਹੈ ਤਾਂ ਉਹਨਾਂ ਨੂੰ ਸ਼ਹੀਦਾਂ ਦੇ ਵਾਰਿਸਾਂ ਦੀ ਜ਼ਿੰਦਗੀ ਸੁਧਾਰਨ ਲਈ ਪੱਕੀਆਂ ਯੋਜਨਾਵਾਂ ਲਿਆਂਦੀਆਂ ਜਾਣ ਰੋਜ਼ਗਾਰ, ਪੈਨਸ਼ਨ, ਸਿਹਤ ਤੇ ਸਿੱਖਿਆ ਦੀ ਪੂਰੀ ਸੁਵਿਧਾ ਮੁਹੱਈਆ ਕਰਵਾਈ ਜਾਵੇ। ਲੋਕਾਂ ਦਾ ਸਵਾਲ ਸਿੱਧਾ ਹੈ “ਕੀ ਆਜ਼ਾਦੀ ਘੁਲਾਟੀਆਂ ਦੇ ਪਰਿਵਾਰ ਸਿਰਫ਼ ਮਿੱਠਾਈ ਦਾ ਡੱਬਾ ਤੇ ਲੋਈ ਵਾਸਤੇ ਦੇਸ਼ ਦੀਆਂ ਸਰਕਾਰਾਂ ਦੇ ਹੱਕਦਾਰ ਹਨ?”