ਮਹਿਲਾ ਟੀਚਰ ਕਤਲ ਮਾਮਲਾ: SP ਦਾ ਤਬਾਦਲਾ, SHO, ASI ਸਣੇ 5 ਪੁਲਿਸ ਮੁਲਾਜ਼ਮ ਸਸਪੈਂਡ


ਹਰਿਆਣਾ, 16 ਅਗਸਤ 2025 ( ਨਿਊਜ਼ ਟਾਊਨ ਨੈੱਟਵਰਕ ) :
ਹਰਿਆਣਾ ਦੇ ਭਿਵਾਨੀ ਵਿਚ 18 ਸਾਲਾ ਮਹਿਲਾ ਅਧਿਆਪਕਾ ਦੇ ਕਤਲ ਦਾ ਮਾਮਲਾ ਭਖ ਗਿਆ ਹੈ। ਕਤਲ ਦੇ ਤਿੰਨ ਦਿਨ ਬਾਅਦ ਵੀ ਅਧਿਆਪਕਾ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਗਿਆ ਹੈ ਅਤੇ ਪੁਲਿਸ ਦੀ ਕਾਰਜਪ੍ਰਣਾਲੀ ਕਾਰਨ ਸਰਕਾਰ ਬੈਕਫੁੱਟ ਉਤੇ ਹੈ। ਹਾਲਾਂਕਿ, ਹੁਣ ਨਾਇਬ ਸੈਣੀ ਸਰਕਾਰ ਹਰਕਤ ਵਿੱਚ ਆ ਗਈ ਹੈ ਅਤੇ ਭਿਵਾਨੀ ਦੇ ਐਸਪੀ ਮਨਬੀਰ ਸਿੰਘ ਉਤੇ ਗਾਜ਼ ਡਿੱਗੀ ਹੈ।
ਸਰਕਾਰ ਨੇ ਉਸ ਦਾ ਤਬਾਦਲਾ ਕਰ ਦਿੱਤਾ ਹੈ। ਇਸ ਦੇ ਨਾਲ ਹੀ ਲੋਹਾਰੂ ਥਾਣੇ ਦੇ ਏਐਸਏਓ, ਲੇਡੀ ਏਐਸਆਈ, ਈਐਸਆਈ, ਕਾਂਸਟੇਬਲ ਅਤੇ ਐਸਪੀਓ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਪ੍ਰਾਈਵੇਟ ਸਕੂਲ ਦੀ ਮਹਿਲਾ ਅਧਿਆਪਕਾ ਮਨੀਸ਼ਾ ਦੇ ਕਤਲ ਮਾਮਲੇ ਵਿਚ ਮੁਲਜ਼ਮਾਂ ਬਾਰੇ ਹੁਣ ਤੱਕ ਕੁਝ ਵੀ ਪਤਾ ਨਹੀਂ ਲੱਗ ਸਕਿਆ ਹੈ। ਜਾਣਕਾਰੀ ਅਨੁਸਾਰ ਸ਼ੁੱਕਰਵਾਰ ਸ਼ਾਮ ਨੂੰ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਇੱਕ ਪ੍ਰਾਈਵੇਟ ਸਕੂਲ ਅਧਿਆਪਕਾ ਦੇ ਕਤਲ ਦੇ ਮਾਮਲੇ ਉਤੇ ਸਖ਼ਤ ਆਦੇਸ਼ ਦਿੱਤੇ।
ਸਭ ਤੋਂ ਪਹਿਲਾਂ, ਸਰਕਾਰ ਨੇ ਐਸਪੀ ਮਨਬੀਰ ਸਿੰਘ ਦਾ ਤਬਾਦਲਾ ਕਰ ਦਿੱਤਾ ਅਤੇ 2014 ਬੈਚ ਦੇ ਸੁਮਿਤ ਕੁਮਾਰ ਨੂੰ ਨਵਾਂ ਐਸਪੀ ਨਿਯੁਕਤ ਕੀਤਾ। ਇਸ ਦੇ ਨਾਲ ਹੀ ਲੋਹਾਰੂ ਥਾਣੇ ਦੇ ਐਸਐਚਓ ਅਸ਼ੋਕ, ਲੇਡੀ ਏਐਸਆਈ ਸ਼ਕੁੰਤਲਾ, ਈਐਸਆਈ ਅਨੂਪ, ਕਾਂਸਟੇਬਲ ਪਵਨ ਅਤੇ ਐਸਪੀਓ ਧਰਮਿੰਦਰ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਵਿਰੁੱਧ ਵਿਭਾਗੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ।
ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਸਪੱਸ਼ਟ ਤੌਰ ਉਤੇ ਚਿਤਾਵਨੀ ਦਿੱਤੀ ਕਿ ਸੂਬੇ ਵਿੱਚ ਕਿਸੇ ਵੀ ਕੀਮਤ ‘ਤੇ ਕਾਨੂੰਨ ਵਿਵਸਥਾ ਨੂੰ ਵਿਗੜਨ ਨਹੀਂ ਦਿੱਤਾ ਜਾਵੇਗਾ ਅਤੇ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਦੁਹਰਾਉਣ ਤੋਂ ਰੋਕਣ ਲਈ ਸਖ਼ਤ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸੂਬੇ ਦੇ ਨਾਗਰਿਕਾਂ ਦੀ ਸੁਰੱਖਿਆ ਸਰਕਾਰ ਦੀ ਪਹਿਲੀ ਤਰਜੀਹ ਹੈ।
ਦਰਅਸਲ, 13 ਅਗਸਤ ਨੂੰ ਲੋਹਾਰੂ ਦੇ ਸਿੰਘਾਨੀ ਪਿੰਡ ਵਿੱਚ ਇੱਕ ਨਹਿਰ ਦੇ ਕੋਲ ਇੱਕ ਕੁੜੀ ਦੀ ਲਾਸ਼ ਮਿਲੀ ਸੀ। ਕਾਤਲਾਂ ਨੇ ਮਨੀਸ਼ਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਉਸ ਦਾ ਗਲਾ ਵੱਢ ਦਿੱਤਾ। ਅੱਖਾਂ ਅਤੇ ਕੰਨ ਵੀ ਗਾਇਬ ਹਨ। ਪਰਿਵਾਰਕ ਮੈਂਬਰਾਂ ਨੇ ਪੁਲਿਸ ‘ਤੇ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਾ ਕਰਨ ਦਾ ਦੋਸ਼ ਲਗਾਇਆ। ਕਿਉਂਕਿ ਪਰਿਵਾਰ ਦੀ ਸ਼ਿਕਾਇਤ ਤੋਂ ਬਾਅਦ ਵੀ ਪੁਲਿਸ ਨੇ ਲਾਪਤਾ ਕੁੜੀ ਦੀ ਭਾਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਅਤੇ ਦੋਸ਼ ਹੈ ਕਿ ਪੁਲਿਸ ਨੇ ਕਿਹਾ ਕਿ ਕੁੜੀ ਭੱਜ ਗਈ ਹੈ ਅਤੇ ਵਿਆਹ ਕਰਵਾ ਕੇ ਵਾਪਸ ਆਵੇਗੀ।