ਸੰਤ ਨਿਰੰਕਾਰੀ ਮਿਸ਼ਨ ਨੇ ਆਜ਼ਾਦੀ ਦੇ 79 ਸ਼ਾਨਦਾਰ ਸਾਲਾਂ ਦਾ ਜਸ਼ਨ ਆਤਮਚੇਤਨਾ ਨਾਲ ਮਨਾਇਆ


ਆਤਮਿਕ ਜਾਗਰੂਕਤਾ ਦਾ ਪਵਿੱਤਰ ਪਰਵ ਭਗਤੀ ‘ਚ ਆਜ਼ਾਦੀ ਦੀ ਮੁਕਤੀ — ਨਿਰੰਕਾਰੀ ਰਾਜਪਿਤਾ ਰਮਿਤ ਜੀ


(ਦਵਿੰਦਰ ਰੋਹਟਾ/ਨਵੇਤਾ ਮੜਕਨ)
ਦਿੱਲੀ, 16 ਅਗਸਤ 2025 : ਪੂਰੇ ਭਾਰਤਵਰਸ਼ ਨੇ ਜਿੱਥੇ ਆਜ਼ਾਦੀ ਦੇ 79 ਸ਼ਾਨਦਾਰ ਸਾਲਾਂ ਦਾ ਜਸ਼ਨ ਮਨਾਇਆ, ਓਥੇ ਸੰਤ ਨਿਰੰਕਾਰੀ ਮਿਸ਼ਨ ਨੇ ਮੁਕਤੀ ਪਰਵ ਨੂੰ ਆਤਮਿਕ ਆਜ਼ਾਦੀ ਵਜੋਂ ਸ਼ਰਧਾ ਅਤੇ ਸਮਰਪਣ ਭਾਵ ਨਾਲ ਵਿਸ਼ਾਲ ਰੂਪ ਵਿੱਚ ਮਨਾਇਆ। ਇਹ ਪਰਵ ਸਿਰਫ ਇਕ ਯਾਦ ਨਹੀਂ, ਬਲਕਿ ਆਤਮਿਕ ਚੇਤਨਾ ਦੇ ਜਾਗਰਣ ਅਤੇ ਜੀਵਨ ਦੇ ਸਭ ਤੋਂ ਵੱਡੇ ਉਦੇਸ਼ ਦਾ ਪ੍ਰਤੀਕ ਹੈ। ਮੁਕਤੀ ਪਰਵ ਸਮਾਗਮ ਦਾ ਆਯੋਜਨ ਨਿਰੰਕਾਰੀ ਰਾਜਪਿਤਾ ਰਮਿਤ ਜੀ ਦੀ ਹਜ਼ੂਰੀ ਵਿੱਚ ਦਿੱਲੀ ਸਥਿਤ ਨਿਰੰਕਾਰੀ ਗਰਾਉਂਡ ਨੰ. 8, ਬੁਰਾੜੀ ਰੋਡ ਤੇ ਕੀਤਾ ਗਿਆ ਜਿਸ ਵਿੱਚ ਦਿੱਲੀ ਅਤੇ ਐੱਨ.ਸੀ.ਆਰ. ਦੇ ਖੇਤਰਾਂ ਤੋਂ ਹਜ਼ਾਰਾਂ ਸ਼ਰਧਾਲੂਆਂ ਨੇ ਸ਼ਾਮਿਲ ਹੋ ਕੇ ਸਤਿਗੁਰੂ ਦੇ ਹੁਕਮ ਮੁਤਾਬਕ ਉਹ ਮਹਾਨ ਸੰਤ ਵਿਭੂਤੀਆਂ ਨੂੰ ਸ਼ਰਧਾ ਸੁਮਨ ਅਰਪਿਤ ਕੀਤੇ ਜਿਨ੍ਹਾਂ ਨੇ ਮੁਕਤੀਮਾਰਗ ਨੂੰ ਪ੍ਰਾਪਤ ਕਰਨ ਲਈ ਆਪਣਾ ਸਾਰਾ ਜੀਵਨ ਹੀ ਮਨੁੱਖਤਾ ਦੀ ਸੇਵਾ ਵਿੱਚ ਅਰਪਿਤ ਕਰ ਦਿੱਤਾ।ਇਸਦੇ ਇਲਾਵਾ ਵਿਸ਼ਵ ਭਰ ਵਿੱਚ ਮਿਸ਼ਨ ਦੀਆਂ ਸਾਰੀਆਂ ਬ੍ਰਾਂਚਾਂ ਵਿੱਚ ਵੀ ਮੁਕਤੀ ਪਰਵ ਦੇ ਮੌਕੇ ਤੇ ਵਿਸ਼ੇਸ਼ ਸਤਸੰਗ ਦਾ ਆਯੋਜਨ ਕਰ ਕੇ ਇਨ੍ਹਾਂ ਦਿਵਿਆ ਸੰਤਾਂ ਨੂੰ ਨਮਨ ਕੀਤਾ ਗਿਆ। ਸ਼ਰਧਾਲੂਜਨਾਂ ਨੇ ਸ਼ਹਿਨਸ਼ਾਹ ਬਾਬਾ ਅਵਤਾਰ ਸਿੰਘ ਜੀ, ਜਗਤ ਮਾਤਾ ਬੁੱਧਵੰਤੀ ਜੀ, ਰਾਜਮਾਤਾ ਕੁਲਵੰਤ ਕੌਰ ਜੀ, ਮਾਤਾ ਸਵਿੰਦਰ ਹਰਦੇਵ ਜੀ, ਭਾਈ ਸਾਹਿਬ ਪ੍ਰਧਾਨ ਲਾਭ ਸਿੰਘ ਜੀ ਅਤੇ ਹੋਰ ਬਹੁਤ ਸਾਰੇ ਸਮਰਪਿਤ ਭਗਤਾਂ ਨੂੰ ਹਿਰਦੇ ਤੋਂ ਯਾਦ ਕਰਕੇ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਣਾ ਪ੍ਰਾਪਤ ਕੀਤੀ। ਸਾਧ ਸੰਗਤ ਨੂੰ ਸੰਬੋਧਨ ਕਰਦੇ ਹੋਏ ਨਿਰੰਕਾਰੀ ਰਾਜਪਿਤਾ ਜੀ ਨੇ ਫਰਮਾਇਆ ਕਿ ਅੱਜ 15 ਅਗਸਤ ਨੂੰ ਜਿੱਥੇ ਦੇਸ਼ ਆਜ਼ਾਦੀ ਦਾ ਪਰਵ ਮਨਾਇਆ ਜਾ ਰਿਹਾ ਹੈ, ਓਥੇ ਸੰਤ ਇਸਨੂੰ ਮੁਕਤੀ ਪਰਵ ਵਜੋਂ ਆਤਮਚੇਤਨਾ ਅਤੇ ਭਗਤੀ ਦੇ ਸੁਨੇਹੇ ਨਾਲ ਮਨਾਉਂਦੇ ਹਨ। ਜਿਵੇਂ ਝੰਡਾ ਅਤੇ ਦੇਸ਼ ਭਗਤੀ ਗੀਤ ਆਜ਼ਾਦੀ ਦੇ ਪ੍ਰਤੀਕ ਹਨ, ਓਸੇ ਤਰ੍ਹਾਂ ਇੱਕ ਭਗਤ ਦਾ ਜੀਵਨ ਸੇਵਾ, ਸਮਰਪਣ ਅਤੇ ਭਗਤੀ ਦੀ ਖੁਸ਼ਬੂ ਨਾਲ ਭਰਿਆ ਹੁੰਦਾ ਹੈ। ਸਤਿਗੁਰੂ ਵੱਲੋਂ ਦਿੱਤਾ ਗਿਆ ਬ੍ਰਹਮ ਗਿਆਨ ਹੀ ਅਸਲੀ ਆਜ਼ਾਦੀ ਹੈ, ਜੋ ਸਾਨੂੰ ‘ਮੈਂ’ ਅਤੇ ਹੰਕਾਰ ਤੋਂ ਮੁਕਤ ਕਰਦਾ ਹੈ। ਜਗਤ ਮਾਤਾ ਜੀ, ਸ਼ਹਿਨਸ਼ਾਹ ਜੀ, ਰਾਜਮਾਤਾ ਜੀ, ਮਾਤਾ ਸਵਿੰਦਰ ਜੀ ਅਤੇ ਅਨੇਕ ਸੰਤਾਂ ਦੀ ਜ਼ਿੰਦਗੀ ਸਿਰਫ਼ ਜ਼ਿਕਰ ਲਈ ਨਹੀਂ, ਬਲਕਿ ਪ੍ਰੇਰਣਾ ਅਤੇ ਆਚਰਨ ਲਈ ਹੈ। ਭਗਤੀ ਉਹੀ ਸੱਚੀ ਹੈ ਜਦੋਂ ਅਸੀਂ “ਤੂੰ ਕਬੂਲ, ਤਾਂ ਤੇਰਾ ਕੀਤਾ ਸਭ ਕਬੂਲ ਹੈ” ਦੇ ਭਾਵ ਨਾਲ ਜੀਉਂਦੇ ਹਾਂ। ਸਾਲਾਂ ਦੀ ਗਿਣਤੀ ਨਾਲ ਨਹੀਂ, ਸਮਰਪਣ ਦੀ ਗਹਿਰਾਈ ਨਾਲ ਭਗਤੀ ਦਾ ਮੂਲ ਹੈ। ਮੁਕਤੀ ਦਾ ਇਹ ਪਰਵ ਸਾਨੂੰ ਵਾਰ-ਵਾਰ ਚੇਤਾਉਂਦਾ ਹੈ ਕਿ ਗਿਆਨ ਲੈ ਕੇ ਨਹੀਂ, ਗਿਆਨ ਵਿੱਚ ਰਮ ਕੇ ਹੀ ਜੀਵਨ ਸਫਲ ਹੁੰਦਾ ਹੈ।
ਨਿਸੰਦੇਹ, ਇਨ੍ਹਾਂ ਸੰਤਾਂ ਦਾ ਤਪ, ਤਿਆਗ ਅਤੇ ਸੇਵਾ ਅੱਜ ਵੀ ਲੱਖਾਂ ਆਤਮਾਵਾਂ ਦੀ ਜ਼ਿੰਦਗੀ ਵਿੱਚ ਰੌਸ਼ਨੀ ਦਾ ਕੰਮ ਕਰ ਰਹੀ ਹੈ। ਜੀਵਨ ਦੀਆਂ ਮੁਸ਼ਕਲ ਹਾਲਤਾਂ ਵਿੱਚ ਵੀ ਇਨ੍ਹਾਂ ਨੇ ਬ੍ਰਹਮ ਗਿਆਨ ਦੀ ਮਸ਼ਾਲ ਨੂੰ ਜਲਾਈ ਰੱਖਿਆ ਅਤੇ ਮਿਸ਼ਨ ਦਾ ਸੁਨੇਹਾ ਜਨ-ਜਨ ਤੱਕ ਆਪਣੇ ਜੀਵਨ ਰਾਹੀਂ ਪਹੁੰਚਾਇਆ। ਵਾਸਤਵ ਵਿੱਚ, ਨਿਰੰਕਾਰੀ ਜਗਤ ਦਾ ਹਰ ਭਗਤ ਹਮੇਸ਼ਾ ਉਨ੍ਹਾਂ ਦਾ ਰਿਣੀ ਤੇ ਕ਼ਰਜ਼ਦਾਰ ਰਹੇਗਾ।
ਇਸ ਪਰਵ 15 ਅਗਸਤ 1964 ਨੂੰ ਜਗਤ ਮਾਤਾ ਬੁੱਧਵੰਤੀ ਜੀ ਦੀ ਯਾਦ ਵਿੱਚ ਸ਼ੁਰੂ ਹੋਇਆ ਸੀ, ਜਿਸ ਨੂੰ ਫਿਰ ‘ਜਗਤ ਮਾਤਾ ਦਿਵਸ’ ਕਿਹਾ ਜਾਂਦਾ ਸੀ, 17 ਸਤੰਬਰ 1969 ਨੂੰ, ਜਦੋਂ ਬਾਬਾ ਅਵਤਾਰ ਸਿੰਘ ਜੀ ਬ੍ਰਾਹਮਾਲੀਨ ਹੋਏ ਤਾਂ 1970 ਤੋਂ ਇਸ ਦਿਨ ਨੂੰ ‘ਮਾਤਾ-ਸਹਿਨਸ਼ਾਹ ਦਿਵਸ’ ਕਿਹਾ ਗਿਆ ਸੀ।1979 ਵਿੱਚ ਪਹਿਲੇ ਪ੍ਰਧਾਨ ਭਾਈ ਸਾਹਿਬ ਲਾਭ ਸਿੰਘ ਜੀ ਦੇ ਬ੍ਰਹਮਲੀਨ ਹੋਣ ਤੋਂ ਬਾਅਦ ਬਾਬਾ ਗੁਰਬਚਨ ਸਿੰਘ ਜੀ ਨੇ ‘ ਮੁਕਤੀ ਪਰਵ’ ਦਾ ਨਾਮ ਦਿੱਤਾ।
ਮੁਕਤੀ ਪਰਵ ਦੀ ਬੁਨਿਆਦੀ ਭਾਵਨਾ ਇਹ ਹੈ ਕਿ ਸਰੀਰਕ ਆਜ਼ਾਦੀ ਰਾਸ਼ਟਰ ਦੀ ਉੰਨਤੀ ਦਾ ਮਾਰਗ ਦਿੰਦੀ ਹੈ, ਉਸੇ ਤਰ੍ਹਾਂ ਹੀ ਆਤਮਿਕ ਆਜ਼ਾਦੀ ਭਾਵ ਜਨਮ ਮਰਨ ਦੇ ਚੱਕਰ ਤੋਂ ਮੁਕਤੀ ਹੀ ਮਨੁੱਖੀ ਜੀਵਨ ਦਾ ਮੂਲ ਮਨੋਰਥ ਹੈ। ਇਹ ਮੁਕਤੀ ਕੇਵਲ ਬ੍ਰਹਮਗਿਆਨ ਨਾਲ ਹੀ ਸੰਭਵ ਹੈ।