ਸੁਪਰੀਮ ਕੋਰਟ ਨੇ EVM ਮੰਗਵਾ ਕੇ ਮੁੜ ਕਰਾਈ ਗਿਣਤੀ, ਫਿਰ ਪਲਟ ਗਿਆ ਚੋਣ ਨਤੀਜਾ !

0
Screenshot 2025-08-13 205937

ਹਰਿਆਣਾ ਦੇ ਇਕ ਪਿੰਡ ਦੇ ਸਰਪੰਚ ਦੀ ਚੋਣ ਦਾ ਨਤੀਜਾ ਪਲਟਿਆ

ਨਵੀਂ ਦਿੱਲੀ, 13 ਅਗੱਸਤ (ਨਿਊਜ਼ ਟਾਊਨ ਨੈਟਵਰਕ) : ਅਪਣੀ ਤਰ੍ਹਾਂ ਦੇ ਪਹਿਲੇ ਮਾਮਲੇ ਵਿਚ ਸੁਪਰੀਮ ਕੋਰਟ ਨੇ ਹਰਿਆਣਾ ਦੇ ਪਾਣੀਪਤ ਦੇ ਬੁਆਣਾ ਲੱਖੂ ਪਿੰਡ ਦੀ ਗ੍ਰਾਮ ਪੰਚਾਇਤ ਦੇ ਸਰਪੰਚ ਦੀ ਚੋਣ ਦੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈ.ਵੀ.ਐਮ.) ਅਤੇ ਹੋਰ ਰੀਕਾਰਡ ਤਲਬ ਕੀਤੇ ਅਤੇ ਵੋਟਾਂ ਦੀ ਮੁੜ ਗਿਣਤੀ ਕੀਤੀ। ਮੁੜਗਿਣਤੀ ਤੋਂ ਬਾਅਦ ਹੈਰਾਨੀਜਨਕ ਤਰੀਕੇ ਨਾਲ ਚੋਣ ਨਤੀਜਾ ਪਲਟਿਆ ਗਿਆ।

ਸੁਪਰੀਮ ਕੋਰਟ ਦੇ ਓ.ਐਸ.ਡੀ. (ਰਜਿਸਟਰਾਰ) ਕਾਵੇਰੀ ਨੇ ਦੋਹਾਂ  ਧਿਰਾਂ ਅਤੇ ਉਨ੍ਹਾਂ ਦੇ ਵਕੀਲਾਂ ਦੀ ਮੌਜੂਦਗੀ ਵਿਚ ਵੋਟਾਂ ਦੀ ਮੁੜ ਗਿਣਤੀ ਕੀਤੀ। ਸਾਰੀ ਪ੍ਰਕਿਰਿਆ ਦੀ ਵੀਡੀਉਗ੍ਰਾਫੀ ਕੀਤੀ ਗਈ। ਜਸਟਿਸ ਸੂਰਿਆ ਕਾਂਤ ਦੀ ਅਗਵਾਈ ਵਾਲੇ ਬੈਂਚ ਨੇ 11 ਅਗੱਸਤ  ਦੇ ਅਪਣੇ  ਹੁਕਮ ’ਚ ਕਿਹਾ ਕਿ ਪਾਣੀਪਤ ਦੇ ਡਿਪਟੀ ਕਮਿਸ਼ਨਰ-ਕਮ-ਚੋਣ ਅਧਿਕਾਰੀ ਨੂੰ ਹੁਕਮ ਦਿਤਾ ਜਾਂਦਾ ਹੈ ਕਿ ਉਹ ਅਪੀਲਕਰਤਾ (ਮੋਹਿਤ ਕੁਮਾਰ) ਨੂੰ ਉਪਰੋਕਤ ਗ੍ਰਾਮ ਪੰਚਾਇਤ ਦਾ ਚੁਣਿਆ ਹੋਇਆ ਸਰਪੰਚ ਐਲਾਨਣ ਲਈ ਦੋ ਦਿਨਾਂ ਦੇ ਅੰਦਰ ਨੋਟੀਫਿਕੇਸ਼ਨ ਜਾਰੀ ਕਰਨ। 

ਬੈਂਚ ਨੇ ਕਿਹਾ ਕਿ ਅਪੀਲਕਰਤਾ (ਮੋਹਿਤ ਕੁਮਾਰ) ਨੂੰ ਤੁਰਤ  ਸਰਪੰਚ ਦਾ ਅਹੁਦਾ ਸੰਭਾਲਣ ਅਤੇ ਅਪਣੀ ਡਿਊਟੀ ਨਿਭਾਉਣ ਦਾ ਅਧਿਕਾਰ ਹੋਵੇਗਾ। 

ਇਹ ਵਿਵਾਦ 2 ਨਵੰਬਰ, 2022 ਨੂੰ ਹੋਈ ਸਰਪੰਚ ਦੀ ਚੋਣ ਨਾਲ ਸਬੰਧਤ ਸੀ, ਜਿਸ ਵਿਚ ਕੁਲਦੀਪ ਸਿੰਘ ਨੂੰ ਵਿਰੋਧੀ ਮੋਹਿਤ ਕੁਮਾਰ ਉਤੇ  ਚੁਣਿਆ ਗਿਆ ਸੀ। ਅਪੀਲਕਰਤਾ ਕੁਮਾਰ ਨੇ ਪਾਣੀਪਤ ਦੇ ਵਧੀਕ ਸਿਵਲ ਜੱਜ (ਸੀਨੀਅਰ ਡਵੀਜ਼ਨ)-ਕਮ-ਚੋਣ ਟ੍ਰਿਬਿਊਨਲ ਦੇ ਸਾਹਮਣੇ ਨਤੀਜੇ ਨੂੰ ਚੁਨੌਤੀ  ਦਿੰਦੇ ਹੋਏ ਚੋਣ ਪਟੀਸ਼ਨ ਦਾਇਰ ਕੀਤੀ ਸੀ, ਜਿਸ ਨੇ 22 ਅਪ੍ਰੈਲ, 2025 ਨੂੰ ਡਿਪਟੀ ਕਮਿਸ਼ਨਰ-ਕਮ-ਚੋਣ ਅਧਿਕਾਰੀ ਨੂੰ 7 ਮਈ, 2025 ਨੂੰ ਬੂਥ ਨੰਬਰ 69 ਦੀਆਂ ਵੋਟਾਂ ਦੀ ਮੁੜ ਗਿਣਤੀ ਕਰਨ ਦੇ ਹੁਕਮ ਦਿਤੇ ਸਨ। ਹਾਲਾਂਕਿ, ਚੋਣ ਟ੍ਰਿਬਿਊਨਲ ਦੇ ਹੁਕਮ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 1 ਜੁਲਾਈ, 2025 ਨੂੰ ਰੱਦ ਕਰ ਦਿਤਾ ਸੀ। ਹਾਈ ਕੋਰਟ ਦੇ ਹੁਕਮ ਤੋਂ ਨਾਰਾਜ਼ ਕੁਮਾਰ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ। 

ਸੁਪਰੀਮ ਕੋਰਟ ਨੇ 31 ਜੁਲਾਈ ਨੂੰ ਈ.ਵੀ.ਐਮ. ਅਤੇ ਹੋਰ ਰੀਕਾਰਡ  ਪੇਸ਼ ਕਰਨ ਦੇ ਹੁਕਮ ਦਿਤੇ ਸਨ ਅਤੇ ਸੁਪਰੀਮ ਕੋਰਟ ਦੇ ਰਜਿਸਟਰਾਰ ਵਲੋਂ ਸਿਰਫ ਇਕ ਬੂਥ ਦੀ ਬਜਾਏ ਸਾਰੇ ਬੂਥਾਂ ਦੀਆਂ ਵੋਟਾਂ ਦੀ ਮੁੜ ਗਿਣਤੀ ਕਰਨ ਦਾ ਹੁਕਮ ਦਿਤਾ ਸੀ। 

ਇਸ ਕੇਸ ਦੇ ਅਜੀਬ ਤੱਥਾਂ ਅਤੇ ਹਾਲਾਤਾਂ ਨੂੰ ਧਿਆਨ ਵਿਚ ਰਖਦੇ  ਹੋਏ, ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਚੋਣ ਅਧਿਕਾਰੀ, ਪਾਣੀਪਤ, ਹਰਿਆਣਾ ਨੂੰ ਹੁਕਮ ਦਿਤੇ ਜਾਂਦੇ ਹਨ ਕਿ ਉਹ ਸਾਰੀਆਂ ਈ.ਵੀ.ਐਮ.ਜ਼ ਨੂੰ ਇਸ ਅਦਾਲਤ ਦੇ ਰਜਿਸਟਰਾਰ ਦੇ ਸਾਹਮਣੇ ਪੇਸ਼ ਕਰਨ, ਜਿਸ ਨੂੰ ਸਕੱਤਰ ਜਨਰਲ ਵਲੋਂ ਨਾਮਜ਼ਦ ਕੀਤਾ ਜਾਵੇਗਾ। ਨਾਮਜ਼ਦ ਰਜਿਸਟਰਾਰ ਨਾ ਸਿਰਫ ਵਿਵਾਦਿਤ ਬੂਥ ਬਲਕਿ ਸਾਰੇ ਬੂਥਾਂ ਦੀਆਂ ਵੋਟਾਂ ਦੀ ਮੁੜ ਗਿਣਤੀ ਕਰੇਗਾ। ਵੋਟਾਂ ਦੀ ਮੁੜ ਗਿਣਤੀ ਦੀ ਵੀਡੀਉ ਗ੍ਰਾਫੀ ਕੀਤੀ ਜਾਵੇਗੀ। ਸੁਪਰੀਮ ਕੋਰਟ ਦੇ 31 ਜੁਲਾਈ ਦੇ ਹੁਕਮ ’ਚ ਕਿਹਾ ਗਿਆ ਹੈ ਕਿ ਪਟੀਸ਼ਨਕਰਤਾ ਦੇ ਨਾਲ-ਨਾਲ ਉੱਤਰਦਾਤਾ ਨੰਬਰ 1 ਜਾਂ ਉਨ੍ਹਾਂ ਦੇ ਅਧਿਕਾਰਤ ਏਜੰਟ ਮੁੜ ਗਿਣਤੀ ਦੇ ਸਮੇਂ ਮੌਜੂਦ ਰਹਿਣਗੇ। 

6 ਅਗੱਸਤ , 2025 ਨੂੰ ਓ.ਐਸ.ਡੀ. (ਰਜਿਸਟਰਾਰ) ਕਾਵੇਰੀ ਨੇ ਸਾਰੇ ਬੂਥਾਂ (65 ਤੋਂ 70) ਦੀਆਂ ਵੋਟਾਂ ਦੀ ਗਿਣਤੀ ਕੀਤੀ ਅਤੇ ਇਕ  ਰੀਪੋਰਟ  ਸੌਂਪੀ, ਜਿਸ ਵਿਚ ਕੁਲ  3,767 ਵੋਟਾਂ ’ਚੋਂ ਪਟੀਸ਼ਨਕਰਤਾ ਮੋਹਿਤ ਕੁਮਾਰ ਨੂੰ 1,051 ਵੋਟਾਂ ਮਿਲੀਆਂ ਜਦਕਿ ਉਸ ਦੇ ਨੇੜਲੇ ਵਿਰੋਧੀ ਕੁਲਦੀਪ ਸਿੰਘ ਨੂੰ 1,000 ਵੋਟਾਂ ਮਿਲੀਆਂ। 

ਬੈਂਚ ਨੇ ਕਿਹਾ, ‘‘ਪਹਿਲੀ ਨਜ਼ਰ ’ਚ ਇਸ ਅਦਾਲਤ ਦੇ ਓ.ਐਸ.ਡੀ. (ਰਜਿਸਟਰਾਰ) ਵਲੋਂ  ਸੌਂਪੀ ਗਈ ਰੀਪੋਰਟ  ਉਤੇ  ਸ਼ੱਕ ਕਰਨ ਦਾ ਕੋਈ ਕਾਰਨ ਨਹੀਂ ਹੈ, ਖ਼ਾਸਕਰ ਜਦੋਂ ਸਾਰੀ ਗਿਣਤੀ ਦੀ ਵੀਡੀਉਗ੍ਰਾਫੀ ਕੀਤੀ ਗਈ ਹੈ ਅਤੇ ਇਸ ਦੇ ਨਤੀਜੇ ਉਤੇ  ਧਿਰਾਂ ਦੇ ਨੁਮਾਇੰਦਿਆਂ ਦੇ ਦਸਤਖਤ ਹਨ, ਅਸੀਂ ਸੰਤੁਸ਼ਟ ਹਾਂ ਕਿ ਅਪੀਲਕਰਤਾ (ਮੋਹਿਤ ਕੁਮਾਰ) ਗ੍ਰਾਮ ਪੰਚਾਇਤ ਦਾ ਚੁਣਿਆ ਹੋਇਆ ਸਰਪੰਚ ਐਲਾਨਿਆ ਜਾਣਾ ਚਾਹੀਦਾ ਹੈ।’’  ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਫੈਸਲੇ ਨੂੰ ਰੱਦ ਕਰਦੇ ਹੋਏ ਕਿਹਾ ਕਿ 22.11.2022 ਨੂੰ ਹੋਈਆਂ ਚੋਣਾਂ ’ਚ ਹਰਿਆਣਾ ਦੇ ਪਾਣੀਪਤ ਜ਼ਿਲ੍ਹੇ ਦੇ ਬੁਆਣਾ ਲੱਖੂ ਪਿੰਡ ’ਚ ਜਿੱਤ ਦਰਜ ਕੀਤੀ ਗਈ। ਬੈਂਚ ਨੇ ਸਪੱਸ਼ਟ ਕੀਤਾ ਕਿ ਦੋਵੇਂ ਧਿਰਾਂ ਅਜੇ ਵੀ ਚੋਣ ਟ੍ਰਿਬਿਊਨਲ ਦੇ ਸਾਹਮਣੇ ਬਾਕੀ ਮੁੱਦੇ ਉਠਾ ਸਕਦੀਆਂ ਹਨ। 

Leave a Reply

Your email address will not be published. Required fields are marked *