ਬਿਜਲੀ ਮੁਲਾਜ਼ਮਾਂ ਨੇ ਹੜਤਾਲ ਦੋ ਦਿਨ ਹੋਰ ਵਧਾਈ

0
WhatsApp Image 2025-08-13 at 6.22.39 PM

ਹੜਤਾਲੀ ਮੁਲਾਜ਼ਮਾਂ ਨੇ ਦਿਤੀ ਨਵੀਂ ਚਿਤਾਵਨੀ


(ਗੁਰਪ੍ਰਤਾਪ ਸਾਹੀ)
ਪਟਿਆਲਾ, 13 ਅਗਸਤ : ਪੰਜਾਬ ’ਚ ਬਿਜਲੀ ਮੁਲਾਜ਼ਮਾਂ ਨੇ ਹੜਤਾਲ ਦੋ ਦਿਨ ਹੋਰ ਵਧਾ ਦਿਤੀ ਹੈ। ਜਿਸ ਨਾਲ ਆਮ ਲੋਕਾਂ ਦੀਆਂ ਮੁਸ਼ਕਲਾਂ ਹੋਰ ਵਧ ਸਕਦੀਆਂ ਹਨ। ਜ਼ਿਕਰਯੋਗ ਕਿ ਪਿਛਲੇ ਦੋ ਦਿਨਾਂ ਦੀ ਹੜਤਾਲ ਕਾਰਨ ਲੋਕਾਂ ਨੂੰ ਪਹਿਲਾਂ ਹੀ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਬਿਜਲੀ ਕਰਮਚਾਰੀਆਂ ਨੇ ਆਪਣੀ ਹੜਤਾਲ ਹੋਰ ਦੋ ਦਿਨ ਵਧਾ ਦਿਤੀ ਗਈ ਹੈ। ਜ਼ਿਕਰਯੋਗ ਹੈ ਕਿ ਹੁਣ ਬਿਜਲੀ ਮੁਲਾਜ਼ਮਾਂ 15 ਅਗਸਤ ਤਕ ਹੜਤਾਲ ’ਤੇ ਰਹਿਣਗੇ। ਹੜਤਾਲ ਕਾਰਨ ਵਿਭਾਗ ਦਾ ਸਾਰਾ ਕੰਮ ਠੱਪ ਰਹੇਗਾ। ਇਸ ਤੋਂ ਇਲਾਵਾ ਬਿਜਲੀ ਮੁਲਾਜ਼ਮਾਂ ਦੀ ਹੜਤਾਲ ’ਚ ਹੁਣ ਬਿਜਲੀ ਬੋਰਡ ਦਾ ਟੈਕਨੀਕਲ ਸਟਾਫ਼ ਵੀ ਨਿੱਤਰ ਚੁੱਕਿਆ ਹੈ। ਨਾਲ ਹੀ ਹੜਤਾਲੀ ਮੁਲਾਜ਼ਮਾਂ ਵਲੋਂ ਪੰਜਾਬ ਸਰਕਾਰ ਵਿਰੁਧ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਦੌਰਾਨ ਹੜਤਾਲੀ ਬਿਜਲੀ ਮੁਲਾਜ਼ਮਾਂ ਨੇ ਕਿਹਾ ਕਿ ਜੇ ਸਾਡੀਆਂ ਮੰਗਾਂ ਵੱਲ ਧਿਆਨ ਨਾ ਦਿਤਾ ਗਿਆ ਤਾਂ ਉਨ੍ਹਾਂ ਵਲੋਂ ਸੰਘਰਸ਼ ਹੋਰ ਵੀ ਤੇਜ਼ ਕੀਤਾ ਜਾਵੇਗਾ। ਬਿਜਲੀ ਮੁਲਾਜ਼ਮਾਂ ਦੀ ਹੜਤਾਲ ਦੇ ਕਾਰਨ ਕਈ ਥਾਵਾਂ ’ਤੇ ਬਿਜਲੀ ਤਕਨੀਕੀ ’ਚ ਨੁਕਸ ਵੀ ਪਿਆ ਹੈ ਜਿਸ ਕਾਰਨ ਬਿਜਲੀ ਬੰਦ ਪੈਣ ਕਾਰਨ ਲੋਕਾਂ ਨੂੰ ਭਾਰੀ ਗਰਮੀ ਦੇ ਵਿੱਚ ਪਰੇਸ਼ਾਨੀ ਦਾ ਸਾਹਮਣਾ ਪੈ ਰਿਹਾ ਹੈ। ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੇ ਘਰਾਂ ਦੀ ਬਿਜਲੀ ਕੱਲ ਤੋਂ ਬੰਦ ਪਈ ਹੋਈ ਹੈ ਹੜਤਾਲ ਕਾਰਨ ਬਿਜਲੀ ਠੀਕ ਨਾ ਹੋਣ ਕਾਰਨ ਉਹ ਭਾਰੀ ਗਰਮੀ ਵਿਚ ਬਿਨਾਂ ਪਾਣੀਂ ਅਤੇ ਹਵਾ ਤੋਂ ਰਹਿਣ ਲਈ ਮਜਬੂਰ ਹਨ ਲੋਕਾਂ ਨੇ ਸਰਕਾਰ ਨੂੰ ਬਿਜਲੀ ਮੁਲਾਜ਼ਮਾਂ ਦੀਆਂ ਮੰਗਾਂ ਤੁਰੰਤ ਮੰਨ ਲੈਣ ਦੀ ਅਪੀਲ ਕੀਤੀ। ਬਿਜਲੀ ਮੁਲਾਜ਼ਮਾਂ ਦੇ ਆਗੂਆਂ ਨੇ ਲੋਕਾਂ ਨੂੰ ਹੋ ਰਹੀ ਖੱਜਲ-ਖੁਆਰੀ ਲਈ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਉਹ ਲੋਕਾਂ ਨੂੰ ਖੱਜਲ-ਖੁਆਰ ਨਹੀਂ ਕਰਨਾ ਚਾਹੁੰਦੇ ਹਨ ਸਰਕਾਰ ਉਨ੍ਹਾਂ ਦੀਆਂ ਮੰਨੀਆਂ ਮੰਗਾਂ ਨੂੰ ਤੁਰੰਤ ਲਾਗੂ ਕਰੇ ਉਹ ਹੁਣੇ ਹੀ ਆਪਣੀ ਹੜਤਾਲ ਸਮਾਪਤ ਕਰ ਦਿੰਦੇ ਹਨ। ਹੜਤਾਲੀ ਆਗੂਆਂ ਨੇ ਦੱਸਿਆ ਸਰਕਾਰ ਵਲੋਂ 2 ਦਿਨਾਂ ਤੋਂ ਉਨ੍ਹਾਂ ਦੀ ਹੜਤਾਲ ਨੂੰ ਗੰਭੀਰਤਾ ਨਾਲ ਨਾ ਲੈਣ ਕਾਰਨ ਉਨ੍ਹਾਂ ਵਲੋਂ ਆਪਣੀ ਹੜਤਾਲ ਹੁਣ 2 ਦਿਨ ਲਈ 15 ਅਗਸਤ ਤਕ ਵਧਾ ਦਿਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ 15 ਅਗਸਤ ਤਕ ਵੀ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਦੀ ਤਾਂ ਹੜਤਾਲ ਦਾ ਸਮਾਂ ਹੋਰ ਅੱਗੇ ਤਕ ਵੱਧ ਸਕਦਾ ਹੈ। ਉਨ੍ਹਾਂ ਦੀਆਂ ਮੁੱਖ ਮੰਗਾਂ ਵਿਚ ਵੱਧ ਮੁਆਵਜ਼ਾ, ਡਿਊਟੀ ਦੌਰਾਨ ਜ਼ਖ਼ਮੀ ਹੋਏ ਵਰਕਰਾਂ ਦਾ ਪੂਰਾ ਇਲਾਜ, ਠੇਕੇ ‘ਤੇ ਕੰਮ ਕਰਨ ਵਾਲੇ ਵਰਕਰਾਂ ਦੀ ਸਥਾਈ ਭਰਤੀ, ਪੁਰਾਣੀ ਪੈਨਸ਼ਨ ਦੀ ਬਹਾਲੀ, ਤਨਖ਼ਾਹ ਸਮਾਨਤਾ, ਮਹਿਲਾ ਕਰਮਚਾਰੀਆਂ ਲਈ ਵੱਖਰੇ ਪਖਾਨੇ ਅਤੇ ਖਸਤਾ ਹਾਲਤ ਦਫ਼ਤਰਾਂ ਦੀ ਮੁਰੰਮਤ ਸ਼ਾਮਲ ਹਨ। ਇਸ ਸੰਘਰਸ਼ ਵਿਚ ਕਈ ਵੱਡੀਆਂ ਯੂਨੀਅਨਾਂ ਸ਼ਾਮਲ ਹਨ, ਜਿਨ੍ਹਾਂ ਵਿਚ ਪੀ.ਐਸ.ਈ.ਬੀ ਕਰਮਚਾਰੀ ਸੰਯੁਕਤ ਫੋਰਮ, ਬਿਜਲੀ ਕਰਮਚਾਰੀ ਏਕਤਾ ਮੰਚ, ਗਰਿੱਡ ਸਬ-ਸਟੇਸ਼ਨ ਕਰਮਚਾਰੀ ਯੂਨੀਅਨ, ਪਾਵਰਕਾਮ ਅਤੇ ਟਰਾਂਸਕੋ ਪੈਨਸ਼ਨਰ ਯੂਨੀਅਨ (ਈ.ਟੀ.ਯੂ.ਸੀ), ਅਤੇ ਪੈਨਸ਼ਨਰ ਫ਼ੈਡਰੇਸ਼ਨ (ਪੰਜਾਬ) ਸ਼ਾਮਲ ਹਨ।

Leave a Reply

Your email address will not be published. Required fields are marked *