ਕੇਂਦਰ ਵਲੋਂ 4 ਸੈਮੀ ਕੰਡਕਟਰ ਪਲਾਂਟਾਂ ਨੂੰ ਪ੍ਰਵਾਨਗੀ

0
WhatsApp Image 2025-08-12 at 6.41.36 PM

ਪੰਜਾਬ ਸਮੇਤ 3 ਰਾਜਾਂ ‘ਚ ਲੱਗਣਗੇ 4 ਸੈਮੀ-ਕੰਡਕਟਰ ਪਲਾਂਟ
ਓਡੀਸ਼ਾ ‘ਚ 3D ਗਲਾਸ ਨਿਰਮਾਣ ਪਲਾਂਟ ਵੀ ਹੋਵੇਗਾ ਸਥਾਪਤ
(ਨਿਊਜ਼ ਟਾਊਨ ਨੈਟਵਰਕ)
ਨਵੀਂ ਦਿੱਲੀ, 12 ਅਗਸਤ : ਕੇਂਦਰ ਸਰਕਾਰ ਦੀ ਕੈਬਨਿਟ ਨੇ ਅੱਜ ਓਡੀਸ਼ਾ, ਪੰਜਾਬ ਅਤੇ ਆਂਧਰਾ ਪ੍ਰਦੇਸ਼ ਵਿਚ 4,594 ਕਰੋੜ ਰੁਪਏ ਦੇ ਨਿਵੇਸ਼ ਨਾਲ ਚਾਰ ਨਵੇਂ ਸੈਮੀ ਕੰਡਕਟਰ ਪਲਾਂਟ ਸਥਾਪਤ ਕਰਨ ਨੂੰ ਮਨਜ਼ੂਰੀ ਦੇ ਦਿਤੀ ਹੈ। ਕੇਂਦਰੀ ਮੰਤਰੀ ਮੰਡਲ ਨੇ ਇੰਡੀਆ ਸੈਮੀ ਕੰਡਕਟਰ ਮਿਸ਼ਨ (ISM) ਤਹਿਤ ਚਾਰ ਨਵੇਂ ਸੈਮੀ ਕੰਡਕਟਰ ਪ੍ਰੋਜੈਕਟਾਂ ਨੂੰ ਮਨਜ਼ੂਰੀ ਦੇ ਦਿਤੀ ਹੈ। ਇਹ ਇਕ ਮਜ਼ਬੂਤ ਚਿੱਪ ਬਣਾਉਣ ਵਾਲਾ ਈਕੋ-ਸਿਸਟਮ ਬਣਾਉਣ ਦੇ ਭਾਰਤ ਦੇ ਯਤਨਾਂ ਵਿਚ ਇਕ ਹੋਰ ਮੀਲ-ਪੱਥਰ ਸਾਬਤ ਹੋਵੇਗਾ। ਕੇਂਦਰ ਅਨੁਸਾਰ ਇਨ੍ਹਾਂ ਚਾਰ ਪ੍ਰਵਾਨਤ ਪ੍ਰੋਜੈਕਟਾਂ ਤੋਂ ਕੁਲ 2,034 ਹੁਨਰਮੰਦ ਲੋਕਾਂ ਨੂੰ ਰੁਜ਼ਗਾਰ ਮਿਲਣ ਦੀ ਉਮੀਦ ਹੈ। ਸਰਕਾਰ ਅਨੁਸਾਰ ਇਸ ਨਾਲ ਇਲੈਕਟ੍ਰਾਨਿਕ ਨਿਰਮਾਣ ਈਕੋ-ਸਿਸਟਮ ਨੂੰ ਹੁਲਾਰਾ ਮਿਲੇਗਾ। ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਮੰਗਲਵਾਰ ਨੂੰ ਕੈਬਨਿਟ ਮੀਟਿੰਗ ਵਿਚ ਲਏ ਗਏ ਇਸ ਫ਼ੈਸਲੇ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦਿਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ਨੂੰ ‘ਇੰਡੀਆ ਸੈਮੀ-ਕੰਡਕਟਰ ਮਿਸ਼ਨ’ ਤਹਿਤ ਮਨਜ਼ੂਰੀ ਦਿਤੀ ਗਈ ਹੈ। ਸੈਮੀ-ਕੰਡਕਟਰ ਨਿਰਮਾਣ ਯੂਨਿਟਾਂ ਸਥਾਪਤ ਕਰਨ ਲਈ ਵਿੱਤੀ ਸਹਾਇਤਾ ਪ੍ਰਦਾਨ ਕਰਨ ਦੇ ਇਰਾਦੇ ਨਾਲ ਇਸ ਮਿਸ਼ਨ ਲਈ 76,000 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ। ਕੇਂਦਰੀ ਰੇਲ ਮੰਤਰੀ ਵੈਸ਼ਨਵ ਨੇ ਕਿਹਾ, “ਕੈਬਨਿਟ ਨੇ ਓਡੀਸ਼ਾ, ਪੰਜਾਬ ਅਤੇ ਆਂਧਰਾ ਪ੍ਰਦੇਸ਼ ਵਿਚ ਚਾਰ ਸੈਮੀ-ਕੰਡਕਟਰ ਪਲਾਂਟ ਸਥਾਪਤ ਕਰਨ ਨੂੰ ਮਨਜ਼ੂਰੀ ਦੇ ਦਿਤੀ ਹੈ।” ਵੈਸ਼ਣਵ ਨੇ ਕਿਹਾ ਕਿ ਭੁਵਨੇਸ਼ਵਰ ਵਿਚ ਇਕ ਸਿਲੀਕਾਨ ਕਾਰਬਾਈਡ ਸੈਮੀ-ਕੰਡਕਟਰ ਪਲਾਂਟ ਸਥਾਪਤ ਕੀਤਾ ਜਾਵੇਗਾ, ਜਿਸ ‘ਤੇ ਸਿਸੇਮ ਪ੍ਰਾਈਵੇਟ ਲਿਮਟਿਡ 2,066 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਓਡੀਸ਼ਾ ਵਿਚ ਇਕ 3D ਗਲਾਸ ਨਿਰਮਾਣ ਪਲਾਂਟ ਵੀ ਸਥਾਪਤ ਕੀਤਾ ਜਾਵੇਗਾ, ਜਿਸ ‘ਤੇ 1,943 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾਵੇਗਾ। ਅਮਰੀਕੀ ਤਕਨਾਲੋਜੀ ਕੰਪਨੀਆਂ ਇੰਟੇਲ ਅਤੇ ਲਾਕਹੀਡ ਮਾਰਟਿਨ ਸਮੇਤ ਹੋਰ ਕੰਪਨੀਆਂ ਇਸ ਪਲਾਂਟ ਵਿਚ ਨਿਵੇਸ਼ ਕਰਨਗੀਆਂ। ਕੈਬਨਿਟ ਨੇ ਆਂਧਰਾ ਪ੍ਰਦੇਸ਼ ਵਿਚ ਇਕ ਚਿੱਪ ਪੈਕੇਜਿੰਗ ਪਲਾਂਟ ਨੂੰ ਮਨਜ਼ੂਰੀ ਦੇ ਦਿਤੀ ਹੈ। ਇਹ ਐਡਵਾਂਸਡ ਸਿਸਟਮ ਇਨ ਪੈਕੇਜ ਟੈਕਨਾਲੋਜੀਜ਼ ਪ੍ਰਾਈਵੇਟ ਲਿਮਟਿਡ ਰਾਹੀਂ 468 ਕਰੋੜ ਰੁਪਏ ਦੇ ਨਿਵੇਸ਼ ਨਾਲ ਸਥਾਪਤ ਕੀਤਾ ਜਾਵੇਗਾ। ਇਸ ਵਿਚ 9.6 ਕਰੋੜ ਚਿਪਸ ਬਣਾਉਣ ਦੀ ਸਾਲਾਨਾ ਸਮਰੱਥਾ ਹੋਵੇਗੀ। ਕੈਬਨਿਟ ਨੇ ਪੰਜਾਬ ਵਿਚ 117 ਕਰੋੜ ਰੁਪਏ ਦੇ ਨਿਵੇਸ਼ ਨਾਲ ਇਕ ਸੈਮੀ-ਕੰਡਕਟਰ ਪ੍ਰੋਜੈਕਟ ਨੂੰ ਵੀ ਮਨਜ਼ੂਰੀ ਦੇ ਦਿਤੀ ਹੈ ਜੋ ਇਲੈਕਟ੍ਰਾਨਿਕ ਕੰਪੋਨੈਂਟ ਨਿਰਮਾਣ ਕੰਪਨੀ CDIL ਰਾਹੀਂ ਸਥਾਪਤ ਕੀਤਾ ਜਾਵੇਗਾ। ਇਸ ਪਲਾਂਟ ਵਿਚ ਸਾਲਾਨਾ 15.8 ਕਰੋੜ ਚਿਪਸ ਤਿਆਰ ਕੀਤੇ ਜਾ ਸਕਦੇ ਹਨ।

Leave a Reply

Your email address will not be published. Required fields are marked *