ਬੈਂਕ ਘੁਟਾਲੇ ਦੇ ਮੁੱਖ ਮੁਲਜ਼ਮ ਅਮਿਤ ਧੀਗੜਾ ਦਾ ਇਕ ਹੋਰ ਸਾਥੀ ਗਾਜੀਆਬਾਦ ਤੋਂ ਗ੍ਰਿਫ਼ਤਾਰ


ਫ਼ਰੀਦਕੋਟ, 11 ਅਗੱਸਤ (ਨਿਊਜ਼ ਟਾਊਨ ਨੈੱਟਵਰਕ) :
ਫ਼ਰੀਦਕੋਟ ਪੁਲਿਸ ਵਲੋਂ ਬਹੁਚਰਚਿਤ ਸਾਦਿਕ ਅੰਦਰ ਸਥਿਤ ਬੈਂਕ ਅੰਦਰ ਜਮ੍ਹਾਂ ਰਾਸ਼ੀ ਨਾਲ ਧੋਖਾਧੜੀ ਕਰਨ ਦੇ ਮਾਮਲੇ ਵਿਚ ਮੁੱਖ ਦੋਸ਼ੀ ਅਮਿਤ ਧੀਗੜਾ ਦੇ ਇਕ ਸਾਥੀ ਅਭਿਸ਼ੇਕ ਗੁਪਤਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸਟੇਟ ਬੈਂਕ ਆਫ਼ ਇੰਡੀਆ ਸਾਦਿਕ ਵਿਚ ਸਥਿਤ ਬਰਾਚ ਵਿਚ ਬਤੌਰ ਕਲਰਕ ਤਾਇਨਾਤ ਅਮਿਤ ਧੀਗੜਾ ਨਾਮ ਦੇ ਵਿਅਕਤੀ ਵਲੋਂ ਲੋਕਾਂ ਦੇ ਖੇਤੀਬਾੜੀ ਲਿਮਟ ਖਾਤਿਆਂ ਅਤੇ ਐਫ਼.ਡੀ ਦੇ ਖਾਤਿਆਂ ਵਿਚ ਪੈਸਿਆ ਦੇ ਲੈਣ-ਦੇਣ ਬਾਰੇ ਛੇੜ-ਛਾੜ ਕਰ ਕੇ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ’ਤੇ ਤੁਰਤ ਕਾਰਵਾਈ ਕਰਦੇ ਹੋਏ ਥਾਣਾ ਸਾਦਿਕ ਵਿਚ ਬੈਂਕ ਦੇ ਡਿਪਟੀ ਮੈਨੇਜਰ ਸ਼ਸਾਂਕ ਸੇਖਰ ਅਰੋੜਾ ਦੇ ਬਿਆਨਾਂ ਦੇ ਅਧਾਰ ’ਤੇ ਅਮਿਤ ਧੀਗੜਾ ਵਿਰੁਧ ਮੁਕੱਦਮਾ ਨੰਬਰ 100 ਮਿਤੀ 21.07.2025 ਅਧੀਨ ਧਾਰਾ 318(4), 316(2), 344 ਬੀ.ਐਨ.ਐਸ ਦਰਜ ਕਰ ਕੇ ਕਾਰਵਾਈ ਸ਼ੁਰੂ ਕੀਤੀ ਗਈ ਅਤੇ ਉਸੇ ਦਿਨ ਫ਼ਰੀਦਕੋਟ ਪੁਲਿਸ ਨੇ ਮੁਲਜ਼ਮ ਦਾ ਐਲ.ਓ.ਸੀ. ਜਾਰੀ ਕਰਵਾਇਆ। ਜਾਣਕਾਰੀ ਅਨੁਸਾਰ ਇਹ ਸਾਹਮਣੇ ਆਇਆ ਕਿ ਮੁਕੱਦਮੇ ਦੇ ਮੁਲਜ਼ਮ ਅਮਿਤ ਧੀਗੜਾ ਦੀ ਪਤਨੀ ਰੁਪਿੰਦਰ ਕੌਰ ਦੇ ਖਾਤਿਆ ਅੰਦਰ ਲਗਭਗ 2 ਕਰੋੜ 30 ਲੱਖ ਰੁਪਏ ਦੇ ਕਰੀਬ ਦਾ ਲੈਣ-ਦੇਣ ਹੋਇਆ ਸੀ। ਜਿਸ ਦੇ ਅਧਾਰ ’ਤੇ ਕਾਰਵਾਈ ਕਰਦੇ ਹੋਏ ਮੁਲਜ਼ਮ ਰੁਪਿੰਦਰ ਕੌਰ ਨੂੰ 24 ਜੁਲਾਈ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਦੋਂ ਉਹ ਵਿਦੇਸ਼ ਜਾਣ ਦੀ ਤਾਕ ਵਿਚ ਸੀ। ਜਿਸ ਉਪਰੰਤ ਪੁਲਿਸ ਟੀਮਾਂ ਵਲੋਂ ਕਾਰਵਾਈ ਕਰਦੇ ਹੋਏ ਇਸ ਮਾਮਲੇ ਦੇ ਮੁੱਖ ਦੋਸ਼ੀ ਅਮਿਤ ਧੀਗੜਾ ਨੂੰ ਉੱਤਰ ਪ੍ਰਦੇਸ਼ ਦੇ ਮਥੁਰਾ ਸ਼ਹਿਰ ਅੰਦਰ ਵਰਿੰਦਾਵਾਨ ਪਾਸੋਂ ਮਿਤੀ 30.7.2025 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਉਪਰੰਤ ਮੁਲਜ਼ਮ ਅਮਿਤ ਧੀਗੜਾ ਦੀ ਪੁੱਛ-ਗਿੱਛ ’ਤੇ ਉਸ ਦੇ 3 ਸਾਥੀਆਂ ਨੂੰ ਮਿਤੀ 4.8.2025 ਨੂੰ ਮੁਕੱਦਮਾ ਵਿਚ ਨਾਮਜਦ ਕੀਤਾ ਗਿਆ ਸੀ। ਜਿਸ ਵਿਚ ਸਫ਼ਲਤਾ ਹਾਸਲ ਕਰਦੇ ਹੋਏ ਮੁਲਜ਼ਮ ਅਮਿਤ ਧੀਗੜਾ ਦੇ ਸਾਥੀ ਅਭਿਸ਼ੇਕ ਕੁਮਾਰ ਗੁਪਤਾ ਨੂੰ ਉਸ ਦੇ ਗਾਜੀਆਬਾਦ ਸਥਿਤ ਫਲੈਟ ਵਿਚੋਂ 7 ਅਗੱਸਤ ਨੂੰ ਗ੍ਰਿਫ਼ਤਾਰ ਕੀਤਾ ਗਿਆ। ਮੁਲਜ਼ਮ ਕੋਲੋਂ ਅਮਿਤ ਧੀਗੜਾ ਵਲੋਂ ਪੈਸੇ ਭੇਜ ਕੇ ਦਿਤੇ ਹੋਏ ਕਰੀਬ 10 ਤੋਲੇ ਦੇ ਸੋਨੋ ਦੇ ਗਹਿਣੇ ਬਰਾਮਦ ਕੀਤੇ ਗਏ ਹਨ। ਤਫ਼ਤੀਸ਼ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਅਮਿਤ ਧੀਗੜਾ ਵਲੋਂ ਲੋਕਾਂ ਦੇ ਖਾਤਿਆ ਵਿਚ ਹੇਰ-ਫੇਰ ਕਰ ਕੇ ਅਪਣੇ ਦੋਸ਼ਤ ਅਭਿਸ਼ੇਕ ਕੁਮਾਰ ਨੂੰ ਗਾਜੀਆਬਾਦ ’ਚ ਫਲੈਟ, ਜਿਸ ਦੀ ਕੀਮਤ ਕਰੀਬ 1 ਕਰੋੜ 50 ਲੱਖ ਹੈ, ਲੈ ਕੇ ਦਿਤਾ ਹੋਇਆ ਹੈ। ਇਸ ਤੋਂ ਇਲਾਵਾ ਮੁਲਜ਼ਮ ਦੇ ਖਾਤੇ ਵਿਚ ਅਮਿਤ ਧੀਗੜਾ ਵਲੋਂ ਭੇਜੇ ਗਏ ਕਰੀਬ 10 ਲੱਖ ਰੁਪਏ ਵੀ ਅਭਿਸ਼ੇਕ ਦੇ ਖਾਤੇ ਵਿਚ ਮੌਜੂਦ ਹਨ। ਇਸ ਤੋ ਇਲਾਵਾ ਅਭਿਸ਼ੇਕ ਗੁਪਤਾ ਦੇ ਫਲੈਟ ਵਿਚ ਕਰੀਬ 40 ਲੱਖ ਦਾ ਫਰਨੀਚਰ ਅਤੇ ਡੈਕੋਰੇਸ਼ਨ ਕੀਤੀ ਗਈ ਹੈ। ਜਿਸ ਨੂੰ ਸੀਲ ਕਰਨ ਸਬੰਧੀ ਕਾਰਵਾਈ ਅਮਲ ਵਿਚ ਲਿਆਦੀ ਜਾ ਰਹੀ ਹੈ। ਇਸ ਤਰ੍ਹਾਂ ਪੁਲਿਸ ਟੀਮਾਂ ਵਲੋਂ ਮੁਲਜ਼ਮਾਂ ਦੀ ਕਰੀਬ 2.50 ਕਰੋੜ ਰੁਪਏ ਦੀ ਚੱਲ-ਅਚੱਲ ਜਾਇਦਾਦ ਨੂੰ ਕਬਜੇ ਵਿਚ ਲਿਆ ਗਿਆ ਹੈ। ਅਧਿਕਾਰੀਆਂ ਨੇ ਦਸਿਆ ਕਿ ਇਸ ਮਾਮਲੇ ਨਾਲ ਜੁੜੇ ਹੋਰ ਦੋਸ਼ੀਆਂ ਦੇ ਕਰੀਬ 2 ਕਰੋੜ ਰੁਪਏ ਦੇ ਹੋਰ ਬੈਕਵਰਡ ਲਿੰਕ ਸਥਾਪਤ ਕੀਤੇ ਜਾ ਚੁੱਕੇ ਹਨ। ਜਿਸ ਸਬੰਧੀ ਕਾਰਵਾਈ ਅਮਲ ਵਿਚ ਲਿਆਦੀ ਜਾ ਰਹੀ ਹੈ।