ਲੁਧਿਆਣਾ ਵਿਚ 15-20 ਬਦਮਾਸ਼ਾਂ ਨੇ ਹਮਲਾ ਕਰਕੇ ਠੇਕਾ ਲੁੱਟਿਆ


ਲੁਧਿਆਣਾ, 08 ਅਗਸਤ 2025 ( ਨਿਊਜ਼ ਟਾਊਨ ਨੈੱਟਵਰਕ ) :
ਲੁਧਿਆਣਾ ਦੇ ਨੂਰਪੁਰ ਬੇਟ ਨੇੜੇ ਹੰਬੜਾ ਰੋਡ ‘ਤੇ ਸਥਿਤ ਸ਼ਰਾਬ ਠੇਕੇ ‘ਤੇ ਵੀਰਵਾਰ ਰਾਤ ਨੂੰ ਕਰੀਬ 10:30 ਵਜੇ 15 ਤੋਂ 20 ਬਦਮਾਸ਼ਾਂ ਨੇ ਹਮਲਾ ਕਰਕੇ ਲੁੱਟਮਾਰ ਕੀਤੀ। ਬਦਮਾਸ਼ ਦਾਤਰ, ਤਲਵਾਰਾਂ ਅਤੇ ਹੋਰ ਤੇਜ਼ਧਾਰ ਹਥਿਆਰਾਂ ਨਾਲ ਲੈਸ ਸਨ। ਉਨ੍ਹਾਂ ਨੇ ਠੇਕੇ ‘ਤੇ ਤਾਇਨਾਤ ਕਰਮਚਾਰੀ ‘ਤੇ ਇੱਟਾਂ ਅਤੇ ਪੱਥਰ ਸੁੱਟੇ, ਜਿਸ ਨਾਲ ਉਸ ਦੇ ਸਿਰ ‘ਤੇ ਗੰਭੀਰ ਸੱਟ ਲੱਗੀ। ਕਿਹਾ ਜਾ ਰਿਹਾ ਹੈ ਕਿ ਉਸ ਦੇ ਸਿਰ ‘ਤੇ ਲੱਗੀ ਸੱਟ ਨੇ ਦਿਮਾਗ ਦੀਆਂ ਨਾੜੀਆਂ ਨੂੰ ਵੀ ਪ੍ਰਭਾਵਿਤ ਕੀਤਾ ਹੈ। ਠੇਕੇ ਦੇ ਇੰਚਾਰਜ ਨੇ ਜ਼ਖ਼ਮੀ ਕਰਮਚਾਰੀ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਉਸਦੀ ਹਾਲਤ ਨਾਜ਼ੁਕ ਹੋਣ ਤੋਂ ਬਾਅਦ ਉਸ ਨੂੰ ਇਕ ਨਿੱਜੀ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ। ਪੀੜਤ ਅਨਿਲ ਕੁਮਾਰ ਨੇ ਦੱਸਿਆ ਕਿ ਉਹ ਬੱਗਾ ਕਲਾਂ ਨੇੜੇ ਇਕ ਸ਼ਰਾਬ ਦੇ ਠੇਕੇ ‘ਤੇ ਕੰਮ ਕਰਦਾ ਹੈ ਅਤੇ ਅਚਾਨਕ ਵੱਡੀ ਗਿਣਤੀ ਵਿਚ ਨੌਜਵਾਨ ਆਏ ਅਤੇ ਉਸ ‘ਤੇ ਹਮਲਾ ਕਰਨਾ ਸ਼ੁਰੂ ਕਰ ਦਿਤਾ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿਤੀ ਹੈ।