ਪਾਰਟੀ ਛੱਡ ਕੇ ਗਏ ਤਮਾਮ ਆਗੂਆਂ ਨੂੰ ਵਾਪਸ ਪਾਰਟੀ ‘ਚ ਆਉਣ ਦੀ ਕੀਤੀ ਅਪੀਲ : ਸੁਖਬੀਰ ਸਿੰਘ ਬਾਦਲ


ਚੰਡੀਗੜ੍ਹ, 7 ਅਗੱਸਤ (ਨਿਊਜ਼ ਟਾਊਨ ਨੈਟਵਰਕ) :
ਪੰਜਾਬ ‘ਚ ਲੈਂਡ ਪੂਲਿੰਗ ਪਾਲਸੀ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਹੁਣ ਲੈਂਡ ਪੂਲਿੰਗ ਪਾਲਸੀ ਵਿਰੁਧ ਸ਼੍ਰੋਮਣੀ ਅਕਾਲੀ ਦਲ 1 ਸਤੰਬਰ ਤੋਂ ਪੱਕਾ ਮੋਰਚਾ ਲਾਵੇਗਾ। ਅੱਜ ਪ੍ਰੈਸ ਕਾਨਫਰੰਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ 1 ਸਤੰਬਰ ਤੋਂ ਹਰ ਰੋਜ਼ ਗੁਰਦੁਆਰਾ ਅੰਬ ਸਾਹਿਬ ਤੋਂ ਅਰਵਿੰਦ ਕੇਜਰੀਵਾਲ ਦੀ ਚੰਡੀਗੜ੍ਹ ਰਿਹਾਇਸ਼ ਤਕ ਮਾਰਚ ਕੀਤਾ ਜਾਵੇਗਾ। ਇਸ ਤੋਂ ਪਹਿਲਾਂ 31 ਅਗੱਸਤ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਅਰਦਾਸ ਕਰਕੇ ਮੋਰਚੇ ਦੀ ਸ਼ੁਰੂਆਤ ਕੀਤੀ ਜਾਵੇਗੀ। ਸੁਖਬੀਰ ਸਿੰਘ ਬਾਦਲ ਨੇ ਪਾਰਟੀ ਛੱਡ ਕੇ ਗਏ ਤਮਾਮ ਆਗੂਆਂ ਨੂੰ ਵਾਪਸ ਪਾਰਟੀ ‘ਚ ਆਉਣ ਦੀ ਅਪੀਲ ਕੀਤੀ ਹੈ। ਪ੍ਰੈਸ ਕਾਨਫਰੰਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਏ ਆਗੂਆਂ ਨੂੰ ਸੁਖਬੀਰ ਸਿੰਘ ਬਾਦਲ ਨੇ ਅਪੀਲ ਕੀਤੀ ਹੈ ਕਿ ਆਓ ਸਾਰੇ ਇਕੱਠੇ ਹੋਈਏ ਅਤੇ ਪੰਥ ਦੀ ਮਾਂ ਪਾਰਟੀ ਨੂੰ ਮਜ਼ਬੂਤ ਕਰੀਏ। ਜਥੇਦਾਰ ਸਾਹਿਬ ਦੇ ਹੁਕਮ ਮੁਤਾਬਕ ਸਾਨੂੰ ਸਾਰਿਆਂ ਨੂੰ ਇਕੱਠਾ ਹੋਣਾ ਚਾਹੀਦਾ ਹੈ। ਜੇਕਰ ਮੇਰੀ ਕਿਸੇ ਗੱਲ ਤੋਂ ਕੋਈ ਆਗੂ ਨਾਰਾਜ਼ ਹੈ ਤਾਂ ਮੈਂ ਹੱਥ ਜੋੜ ਕੇ ਮੁਆਫੀ ਮੰਗਦਾ ਹਾਂ। ਸੁਖਬੀਰ ਸਿੰਘ ਬਾਦਲ ਨੇ ਪੰਜਾਬੀਆਂ ਨੂੰ ਮੁੜ ਯਾਦ ਕਰਵਾਉਂਦਿਆਂ ਕਿਹਾ ਕਿ ਜੇਕਰ ਕੌਮ ਇਕਜੁੱਟ ਹੋਵੇਗੀ ਤਾਂ ਹੀ ਅਸੀਂ ਦੁਸ਼ਮਣਾਂ ਨਾਲ ਲੜ ਸਕਦੇ ਹਾਂ। ਉਨ੍ਹਾਂ ਕਿਹਾ ਕਿ ਪਾਰਟੀ ਵਿਚ ਸ਼ਾਮਲ ਸਾਰੇ ਆਗੂਆਂ ਤੇ ਵਰਕਰਾਂ ਨੂੰ ਬਣਦਾ ਸਨਮਾਨ ਹਰ ਹਾਲ ਵਿਚ ਮਿਲੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਤਰੱਕੀ ਅਤੇ ਭਾਈਚਾਰਕ ਸਾਂਝ ਵਿਚ ਸਾਨੂੰ ਇੱਕਜੁਟ ਹੋ ਕੇ ਅੱਗੇ ਆਉਂਣ ਪਵੇਗਾ ਤਾਂ ਪੰਜਾਬ ਮੁੜ ਤੋਂ ਦੇਸ਼ ਦਾ ਮੋਹਰੀ ਸੂਬਾ ਬਣ ਸਕੇ।