ਗੋਇੰਦਵਾਲ ਸਾਹਿਬ ਦੀ ਜੇਲ੍ਹ ‘ਚੋਂ ਮੁੜ ਬਰਾਮਦ ਹੋਏ ਵੱਡੀ ਗਿਣਤੀ ਮੋਬਾਈਲ ਫੋਨ


ਸ੍ਰੀ ਗੋਇੰਦਵਾਲ ਸਾਹਿਬ, 06 ਅਗਸਤ 2025 ( ਨਿਊਜ਼ ਟਾਊਨ ਨੈੱਟਵਰਕ ) :
ਗੋਇੰਦਵਾਲ ਸਾਹਿਬ ਦੀ ਕੇਂਦਰੀ ਜੇਲ੍ਹ ਵਿੱਚੋਂ ਮੋਬਾਈਲ ਫੋਨਾਂ ਦੀ ਬਰਾਮਦਗੀ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਤਾਜਾ ਮਾਮਲੇ ’ਚ ਜੇਲ੍ਹ ਅੰਦਰ ਚਲਾਏ ਤਲਾਸ਼ੀ ਅਭਿਆਨ ਦੌਰਾਨ ਅਧਿਕਾਰੀਆਂ ਨੇ 9 ਮੋਬਾਈਲ ਫੋਨ ਬਰਾਮਦ ਕਰਕੇ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਹਵਾਲੇ ਕੀਤੇ ਹਨ। ਜਿਥੇ ਜੇਲ੍ਹ ਨਿਯਮਾਂ ਦੀ ਉਲੰਘਣਾ ਸਬੰਧੀ ਤਿੰਨ ਕੇਸ ਦਰਜ ਕਰਕੇ ਪੁਲਿਸ ਨੇ ਪੰਜ ਹਵਾਲਾਤੀਆਂ ਨੂੰ ਨਾਮਜ਼ਦ ਵੀ ਕੀਤਾ ਹੈ।
ਜੇਲ੍ਹ ਦੇ ਸਹਾਇਕ ਸੁਪਰਡੈਂਟ ਮਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਵਾਰਡ ਨੰਬਰ 6 ਦੀ ਬੈਰਕ 1 ਵਿਚ ਕੀਤੀ ਤਲਾਸ਼ੀ ਦੌਰਾਨ ਇਕ ਕੀਪੈਡ ਵਾਰਾ ਫੋਨ ਏਅਰਟੈੱਲ ਦੀ ਸਿਮ ਸਮੇਤ ਬਰਾਮਦ ਕੀਤਾ। ਜਦੋਂਕਿ ਹਵਾਲਾਤੀ ਅਜੈਪਾਲ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਗੱਗੋ, ਯੂਵਰਾਜਦੀਪ ਸਿੰਘ ਰਾਜ ਪੁੱਤਰ ਅਵਤਾਰ ਸਿੰਘ ਵਾਸੀ ਸੋਢੀ ਨਗਰ ਅਤੇ ਅਰਸ਼ਦੀਪ ਸਿੰਘ ਪੁੱਤਰ ਗੁਰਬੀਰ ਸਿੰਘ ਵਾਸੀ ਸੁਰਸਿੰਘ ਕੋਲੋਂ ਇਕ ਇਕ ਸਮਾਰਟ ਫੋਨ ਬਰਾਮਦ ਹੋਇਆ। ਇਸੇ ਤਰ੍ਹਾਂ ਹੀ ਵਾਰਡ ਨੰਬਰ 3 ਦੀ ਬੈਰਕ ਨੰਬਰ 1 ਵਿੱਚੋਂ ਇਕ ਕੀਪੈਡ ਵਾਲਾ ਫੋਨ ਅਤੇ ਵਾਰਡ ਨੰਬਰ 8 ਦੀ ਬੈਰਕ ਨੰਬਰ 13 ਅਤੇ ਪੰਜ ਦੀ ਤਲਾਸ਼ਈ ਦੌਰਾਨ ਦੋ ਸਮਾਰਟ ਫੋਨ ਲਾਵਾਰਿਸ ਹਾਲਤ ਵਿਚ ਮਿਲੇ ਹਨ।
ਇਸ ਤੋਂ ਇਲਾਵਾ ਵਾਰਡ ਨੰਬਰ 6 ਦੀ ਬੈਰਕ ਨੰਬਰ 6 ਵਿਚ ਬੰਦ ਹਵਾਲਾਤੀ ਨਿਸ਼ਾਨ ਸਿੰਘ ਪੁੱਤਰ ਗੁਰਬਾਜ ਸਿੰਗ ਵਾਸੀ ਨੌਸ਼ਹਿਰਾ ਪਨੂੰਆਂ ਅਤੇ ਕਰਨ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਸੁਜਾਨਪੁਰ ਪਠਾਨਕੋਟ ਕੋਲੋਂ ਕ੍ਰਮਵਾਰ ਸਮਾਰਟ ਤੇ ਕੀਪੈਡ ਵਾਲੇ ਫੋਨ ਬਰਾਮਦ ਹੋਏ ਹਨ। ਉਨ੍ਹਾਂ ਦੱਸਿਆ ਕਿ ਬਰਾਮਦ ਹੋਏ ਫੋਨ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਹਵਾਲੇ ਕਰ ਦਿੱਤੇ ਗਏ ਹਨ। ਦੂਜੇ ਪਾਸੇ ਦਰਜ ਕੀਤੇ ਤਿੰਨ ਕੇਸਾਂ ਦੀ ਜਾਂਚ ਕਰ ਰਹੇ ਏਐੱਸਆਈ ਬਲਜਿੰਦਰ ਸਿੰਘ ਨੇ ਦੱਸਿਆ ਕਿ ਉਕਤ ਹਵਾਲਾਤੀਆਂ ਨੂੰ ਕੇਸ ਵਿਚ ਨਾਮਜ਼ਦ ਕਰ ਲਿਆ ਗਿਆ ਹੈ ਅਤੇ ਬਰਾਮਦ ਹੋਏ ਫੋਨਾਂ ਦੀ ਜਾਂਚ ਕੀਤੀ ਜਾ ਰਹੀ ਹੈ।